ਓ.ਆਰ.ਐਸ ਤੇ ਜ਼ਿੰਕ ਪਿਲਾਓ, ਬੱਚੇ ਨੂੰ ਦਸਤ ਰੋਗ ਤੋਂ ਬਚਾਓ: ਡਾ. ਕਿਰਪਾਲ ਸਿੰਘ
ਜ਼ਿਲ੍ਹਾ ਸੰਗਰੂਰ ਵਿਖੇ ਕੀਤੀ ਗਈ ਦਸਤ ਰੋਕੋ ਮੁਹਿੰਮ ਦੀ ਸ਼ੁਰੂਆਤ
ਦਲਜੀਤ ਕੌਰ
ਸੰਗਰੂਰ, 1 ਜੁਲਾਈ, 2024: ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਜਤਿੰਦਰ ਜੋਰਵਾਲ ਆਈ.ਏ.ਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਸੰਗਰੂਰ ਡਾ ਕਿਰਪਾਲ ਸਿੰਘ ਦੀ ਅਗਵਾਈ ਹੇਠ 0 ਤੋ 5 ਸਾਲ ਤੱਕ ਦੇ ਬੱਚਿਆਂ ਦੀਆਂ ਦਸਤਾਂ ਨਾਲ ਹੋਣ ਵਾਲੀਆਂ ਮੌਤਾਂ ਨੂੰ ਸਿਫਰ ਉੱਤੇ ਲਿਆਉਣ ਦੇ ਮਕਸਦ ਨਾਲ ਸਿਹਤ ਵਿਭਾਗ ਵਲੋਂ ਜ਼ਿਲ੍ਹਾ ਭਰ ਵਿਚ ਦਸਤ ਰੋਕੋ ਮੁਹਿੰਮ ਦੀ ਸ਼ੁਰੂਆਤ ਜ਼ਿਲ੍ਹਾ ਹਸਪਤਾਲ ਤੋਂ ਕੀਤੀ ਗਈ।
ਇਸ ਮੁਹਿੰਮ ਦੀ ਸ਼ੁਰੂਆਤ ਕਰਨ ਮੌਕੇ ਡਾ. ਕਿਰਪਾਲ ਸਿੰਘ ਨੇ ਦੱਸਿਆ ਕਿ ਡਾਇਰੀਏ ਦੀ ਰੋਕਥਾਮ, ਸਫਾਈ ਅਤੇ ਓ ਆਰ ਐਸ ਨਾਲ “ਰੱਖੋ ਆਪਣਾ ਧਿਆਨ” ਸਲੋਗਨ ਤਹਿਤ 1 ਜੁਲਾਈ ਤੋਂ 31 ਅਗਸਤ ਤੱਕ ਮੁਹਿੰਮ ਚਲਾਈ ਗਈ ਹੈ। ਉਹਨਾ ਕਿਹਾ ਕਿ 5 ਸਾਲ ਤੱਕ ਦੇ ਬੱਚਿਆਂ ਨੂੰ ਲੱਗਣ ਵਾਲੇ ਦਸਤ, ਦਸਤਾਂ ਦੀ ਰੋਕਥਾਮ, ਓ.ਆਰ.ਐਸ ਦਾ ਘੋਲ ਤਿਆਰ ਕਰਨ, ਦਸਤ ਲੱਗਣ ਤੇ ਓ.ਆਰ.ਐਸ ਦਾ ਘੋਲ ਦੇਣ ਅਤੇ ਬੱਚੇ ਨੂੰ ਦਸਤਾਂ ਦੀ ਹਾਲਤ ਵਿਚ ਜਿੰਕ ਦੀਆਂ ਗੋਲੀਆਂ ਦੇਣ ਅਤੇ ਸਾਫ ਸਫਾਈ ਸਬੰਧੀ ਪਰਿਵਾਰਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਗਰਮੀ ਅਤੇ ਬਰਸਾਤ ਦਾ ਮੌਸਮ ਹੋਣ ਕਾਰਣ ਦਸਤ ਲੱਗਣ ਨਾਲ ਬੱਚਿਆਂ ਵਿੱਚ ਪਾਣੀ ਦੀ ਘਾਟ ਹੋਣ ਕਾਰਨ ਕਈ ਵਾਰੀ ਬੱਚਿਆਂ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ। ਇਸ ਲਈ ਜੇਕਰ ਦਸਤ ਲਗਣ ਤੇ ਤੁਰੰਤ ਬੱਚੇ ਨੂੰ ਓ.ਆਰ.ਐਸ ਦਾ ਘੋਲ ਦੇ ਦਿੱਤਾ ਜਾਵੇ ਤਾਂ ਜੋ ਬੱਚੇ ਦੀ ਹਾਲਤ ਨੂੰ ਗੰਭੀਰ ਹੋਣ ਤੋਂ ਬਚਾਇਆ ਜਾ ਸਕਦਾ ਹੈ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਅੰਜੂ ਸਿੰਗਲਾ ਨੇ ਦੱਸਿਆ ਕਿ ਇਸ ਮੁਹਿੰਮ ਦੋਰਾਨ ਆਸ਼ਾ ਵਰਕਰਾਂ ਵੱਲੋਂ ਘਰ-ਘਰ ਜਾ ਕੇ 0 ਤੋ 5 ਸਾਲ ਤੱਕ ਦੇ ਬੱਚਿਆਂ ਨੂੰ ਓ.ਆਰ.ਐਸ ਦੇ ਪੈਕਟ ਦਿਤੇ ਜਾਣਗੇ ਤਾਂ ਜੋ ਬੱਚੇ ਨੂੰ ਦਸਤ ਲੱਗਣ ਤੇ ਤੁਰੰਤ ਓ.ਆਰ.ਐਸ ਦਾ ਘੋਲ ਦਿੱਤਾ ਜਾ ਸਕੇ। ਇਸ ਦੇ ਨਾਲ ਆਸ਼ਾ/ਏ.ਐਨ.ਐਮ ਵੱਲੋਂ ਪਰਿਵਾਰਾਂ ਨੂੰ ਓ.ਆਰ.ਐਸ ਦਾ ਘੋਲ ਤਿਆਰ ਕਰਨ ਤੇ ਬੱਚੇ ਨੂੰ ਦਸਤ ਲਗਣ ਤੇ ਘੋਲ ਪਿਲਾਉਣ ਦੀ ਵਿਧੀ ਅਤੇ ਮਾਵਾਂ ਨੂੰ ਨਵਜਾਤ ਬੱਚਿਆਂ ਨੂੰ ਪਹਿਲੇ ਛੇ ਮਹੀਨੇ ਤੱਕ ਆਪਣਾ ਦੁੱਧ ਪਿਲਾਉਣ ਅਤੇ ਛੇ ਮਹੀਨੇ ਤੋ ਬਾਅਦ ਓਪਰੀ ਖੁਰਾਕ ਦੇਣ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਜਿਹੜੇ ਬੱਚੇ ਦਸਤਾਂ ਤੋਂ ਪੀੜਤ ਹੋਣਗੇ ਉਹਨਾਂ ਨੂੰ ਜਿੰਕ ਦੀਆਂ ਗੋਲੀਆਂ 14 ਦਿਨਾਂ ਤੱਕ ਖਾਣ ਲਈ ਦਿੱਤੀਆਂ ਜਾਣਗੀਆਂ ਕਿਉਂਕਿ ਜਿੰਕ ਦੀ ਗੋਲੀ ਖਾਣ ਨਾਲ ਜਿਥੇ ਬੱਚਿਆਂ ਦੇ ਦਸਤ ਜਲਦੀ ਠੀਕ ਹੁੰਦੇ ਹਨ ਉਥੇ ਬੱਚਿਆਂ ਨੂੰ ਦੁਬਾਰਾ ਦਸਤ ਲਗਣ ਦੇ ਮੌਕੇ ਵੀ ਘਟ ਜਾਂਦੇ ਹਨ। ਇਸ ਮੁਹਿੰਮ ਦੌਰਾਨ ਸਮੂਹ ਸਰਕਾਰੀ ਸਿਹਤ ਸੰਸਥਾਵਾਂ ਵਿਚ ਜਿੰਕ ਅਤੇ ਓ.ਆਰ.ਐੱਸ ਕਾਰਨਰ ਵੀ ਬਣਾਏ ਗਏ ਹਨ ਤਾਂ ਜੋ ਲੋੜ ਪੈਣ ਤੇ ਬੱਚੇ ਦਾ ਤੁਰੰਤ ਇਲਾਜ ਸ਼ੁਰੂ ਹੋ ਸਕੇ। ਲੋਕਾਂ ਨੂੰ ਸਾਫ ਸਫਾਈ, ਹੱਥ ਧੌਣ ਦੀ ਤਕਨੀਕ ਤੇ ਮੱਹਤਤਾ, ਸ਼ੁੱਧ ਪਾਣੀ ਦੀ ਵਰਤੋ ਅਤੇ ਪਾਣੀ ਵਾਲੀਆਂ ਟੈਂਕੀਆਂ ਦੀ ਸਫਾਈ, ਸਿਹਤ ਸੰਸਥਾਵਾਂ, ਸਕੂਲਾਂ, ਆਂਗਣਵਾੜੀ ਕੇਦਰਾਂ ਵਿੱਚ ਵੀ ਇਸ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਬੰਸ ਸਿੰਘ, ਡਾ. ਰਾਹੁਲ ਗੁਪਤਾ, ਡਾ. ਹਰਪ੍ਰੀਤ ਕੌਰ ਰੇਖੀ, ਡਾ. ਤਰੁਨ ਅਹੂਜਾ, ਡਾ. ਨਿਸ਼ੂ, ਜ਼ਿਲ੍ਹਾ ਮਾਸ ਮੀਡੀਆ ਅਫਸਰ ਕਰਨੈਲ ਸਿੰਘ, ਆਈ ਐਸ ਐਮ ਵਿੰਗ ਦੇ ਇੰਚਾਰਜ ਹਰਪ੍ਰੀਤ ਸਿੰਘ ਭੰਡਾਰੀ, ਬੀ.ਈ.ਈ. ਹਰਦੀਪ ਜਿੰਦਲ, ਡੀ.ਏ.ਸੀ.ਸੀ ਰਾਕੇਸ ਕੁਮਾਰ ਸਤੀਜਾ, ਕਮਲਪ੍ਰੀਤ ਸਿੰਘ, ਐਲ.ਐਚ.ਵੀ. ਅਮਰਜੀਤ ਕੌਰ, ਯਾਦਵਿੰਦਰ ਸਿੰਘ ਤੋਂ ਇਲਾਵਾ ਸਮੂਹ ਸਟਾਫ ਮੌਜੂਦ ਸੀ।