ਸੀਐਚ ਓ ਸੀ ਵਿਖੇ ਕੌਮੀ ਡਾਕਟਰ ਦਿਹਾੜਾ ਮਨਾਇਆ ਗਿਆ
ਰੋਹਿਤ ਗੁਪਤਾ
ਗੁਰਦਾਸਪੁਰ 1 ਜੁਲਾਈ 2024- ਇਲਾਕੇ ਦੇ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਸਰਕਾਰੀ ਕਮਿਊਨਿਟੀ ਸਿਹਤ ਕੇਂਦਰ ਸਿੰਘੋਵਾਲ ਵਿਖੇ ਅੱਜ "ਰਾਸ਼ਟਰੀ ਡਾਕਟਰ ਦਿਵਸ" ਮਨਾਇਆ ਗਿਆ| ਸੀਨੀਅਰ ਮੈਡੀਕਲ ਅਫਸਰ ਡਾਕਟਰ ਪ੍ਰਭਜੋਤ ਕਲਸੀ ਦੀ ਅਗਵਾਈ ਵਿੱਚ ਇਸ ਸਿਹਤ ਕੇਂਦਰ ਵਿੱਚ ਓਪੀਡੀ, ਕਾਉਂਸਲਿੰਗ, ਓਟ ਸੈਂਟਰ, ਜਣੇਪਾ, ਟੀਕਾਕਰਨ, ਮਰੀਜ਼ਾਂ ਨੂੰ ਦਾਖਲ ਕਰਨ ਦੀ ਸੁਵਿਧਾ, ਦੰਦਾਂ ਦੇ ਰੋਗਾਂ ਦਾ ਇਲਾਜ ਅਤੇ ਹੋਮਿਓਪੈਥੀ ਚਿਕਿਤਸਾ ਪ੍ਰਣਾਲੀ ਦੀਆਂ ਸੇਵਾਵਾਂ ਲੋਕਾਂ ਨੂੰ ਮਿਲ ਰਹੀਆਂ ਹਨ| ਡਾਕਟਰ ਦਿਵਸ ਦੇ ਮੌਕੇ ਤੇ ਗੱਲ ਕਰਦਿਆਂ ਵੱਖ ਵੱਖ ਪ੍ਰੋਗਰਾਮਾਂ ਦੇ ਨੋਡਲ ਅਫਸਰ ਅਤੇ ਹੋਮਿਓਪੈਥੀ ਮੈਡੀਕਲ ਅਫਸਰ ਡਾਕਟਰ ਇੰਦਰਜੀਤ ਸਿੰਘ ਰਾਣਾ ਨੇ ਸੀਐਚਸੀ ਵਿੱਚ ਆਉਣ ਵਾਲੇ ਮਰੀਜ਼ਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹਨਾਂ ਮਰੀਜ਼ਾਂ ਸਦਕਾ ਹੀ ਸੀਐਚਸੀ ਵਿੱਚ ਮਿਲਣ ਵਾਲੀਆਂ ਸਿਹਤ ਸੇਵਾਵਾਂ ਦੇ ਮਿਆਰ ਵਿੱਚ ਵਾਧਾ ਹੋਇਆ ਹੈ ਅਤੇ ਇਸ ਹਸਪਤਾਲ ਵਿੱਚ ਕੰਮ ਕਰਨ ਵਾਲੇ ਡਾਕਟਰ ਹੋਰ ਬਿਹਤਰ ਸਿਹਤ ਸੇਵਾਵਾਂ ਦੇਣ ਦੀਆਂ ਸੰਭਾਵਨਾਵਾਂ ਤਲਾਸ਼ਣ ਵਿੱਚ ਸਮਰਥ ਹੋਏ ਹਨ| ਡਾਕਟਰ ਰਾਣਾ ਨੇ ਕਿਹਾ ਕਿ ਹੋਮਿਓਪੈਥੀ ਇਲਾਜ ਦੀ ਸੁਵਿਧਾ ਦੇ ਨਾਲ ਨਾਲ ਹਸਪਤਾਲ ਵਿੱਚ ਮੁਫਤ ਦਵਾਈਆਂ, ਲੈਬ ਟੈਸਟ, ਬੱਚਿਆਂ ਦੇ ਰੋਗਾਂ ਦੇ ਮਾਹਿਰ, ਔਰਤਾਂ ਦੀਆਂ ਬਿਮਾਰੀਆਂ ਦੇ ਮਾਹਿਰ, ਦੰਦਾਂ ਦੇ ਰੋਗਾਂ ਦੇ ਮਾਹਿਰ ਮੌਜੂਦ ਹਨ ਜਿਨਾਂ ਦਾ ਲਾਭ ਲਗਾਤਾਰਤਾ ਵਿੱਚ ਲੋਕਾਂ ਨੂੰ ਮਿਲ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਸੁਵਿਧਾਵਾਂ ਵਿੱਚ ਹੋਰ ਸੁਧਾਰ ਲਿਆਉਣ ਦੇ ਜਤਨ ਲਗਾਤਾਰ ਜਾਰੀ ਹਨ|