ਰਫ਼ੀ ਮੁਹੰਮਦ ਨਮਿੱਤ ਭੋਗ ਅਤੇ ਅੰਤਿਮ ਅਰਦਾਸ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਨੇ ਕੀਤੇ ਸ਼ਰਧਾ ਦੇ ਫੁੱਲ ਭੇਂਟ
ਮਨਜੀਤ ਸਿੰਘ ਢੱਲਾ
ਜੈਤੋ,23 ਜੂਨ 2024 - ਬੀਤੇ ਦਿਨੀਂ ਸੁਪਰ ਸਟਾਰ ਦੋਗਾਣਾ ਜੋੜੀ ਬਲਕਾਰ ਅਣਖੀਲਾ ਅਤੇ ਮਨਜਿੰਦਰ ਗੁਲਸ਼ਨ ਨੂੰ ਓਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਮਨਜਿੰਦਰ ਗੁਲਸ਼ਨ ਦਾ ਛੋਟਾ ਭਰਾ ਰਫ਼ੀ ਮੁਹੰਮਦ ਭਰ ਜਵਾਨੀ ਵਿੱਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ।
ਪਿਤਾ ਸਵ: ਇਕਬਾਲ ਮੁਹੰਮਦ ਅਤੇ ਵਿਧਵਾ ਮਾਂ ਨਜ਼ੀਰ ਬੇਗ਼ਮ ਦਾ ਇਕਲੌਤਾ ਪੁੱਤਰ, ਤਿੰਨ ਵੱਡੀਆਂ ਭੈਣਾਂ ਦਾ ਸਭ ਤੋਂ ਛੋਟਾ ਭਰਾ, ਜਵਾਨ ਪਤਨੀ ਅਤੇ ਛੋਟੇ ਛੋਟੇ ਧੀਆਂ ਪੁੱਤਾਂ ਦੇ ਸਿਰ ਦਾ ਸਾਇਆ ਇਸ ਦੁਨੀਆਂ ਨੂੰ ਛੱਡ ਕੇ ਓਸ ਜਹਾਨ ਚਲਾ ਗਿਆ! ਜਿੱਥੋਂ ਅੱਜ ਤੱਕ ਕਦੇ ਕੋਈ ਵਾਪਸ ਮੁੜ ਕੇ ਨਹੀਂ ਆਇਆ।
ਸੰਸਾਰਕ ਰਸਮਾਂ ਨਿਭਾਉਂਦਿਆਂ ਹੋਇਆਂ 23 ਜੂਨ ਦਿਨ ਐਤਵਾਰ ਨੂੰ ਪਹਿਲਾਂ ਓਹਨਾਂ ਦੇ ਨਿੱਜੀ ਨਿਵਾਸ ਸਥਾਨ ਜੈਤੋ ਪਿੰਡ ਵਿਖੇ ਸੁਭਾ 9 ਤੋਂ 10 ਵਜੇ ਦੇ ਦਰਮਿਆਨ ਕੁਰਾਨ ਪਾਕ ਮੁਕੰਮਲ ਹੋਣ 'ਤੇ ਰਫ਼ੀ ਮੁਹੰਮਦ ਦੀ ਆਤਮਾ ਦੀ ਸ਼ਾਂਤੀ ਲਈ ਦੁਆ ਕੀਤੀ ਗਈ ਅਤੇ ਉਪਰੰਤ ਸਭ ਧਰਮਾਂ ਦੇ ਸਾਂਝੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਦੁਪਹਿਰ 12 ਤੋਂ 1 ਵਜੇ ਦੇ ਦਰਮਿਆਨ ਇਤਿਹਾਸਕ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਜੈਤੋ ਵਿਖੇ ਪਾਉਣ ਉਪਰੰਤ ਵਿੱਛੜੀ ਰੂਹ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ। ਅਤੇ ਨਮਿੱਤ ਪਾਠ ਦੇ ਭੋਗ ਪਾਉਣ ਉਪਰੰਤ ਵੱਖ- ਵੱਖ ਸ਼ਖ਼ਸੀਅਤਾਂ ਵੱਲੋਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਜੀ ਦੇ ਕੀਰਤਨੀ ਜੱਥੇ ਨੇ ਕੀਰਤਨ ਦੀ ਸੇਵਾ ਨਿਭਾਈ।
ਰਫ਼ੀ ਮੁਹੰਮਦ ਦੇ ਮਾਤਾ ਨਜ਼ੀਰ ਬੇਗ਼ਮ, ਜੀਜੇ ਬਲਕਾਰ ਅਣਖੀਲਾ, ਸਾਬਰ ਖ਼ਾਨ, ਵਿੱਕੀ ਖ਼ਾਨ, ਭੈਣਾਂ ਮਨਜਿੰਦਰ ਗੁਲਸ਼ਨ, ਲਵਜੋਤ ਰਾਣੀ, ਰੁਖ਼ਸਾਨਾ ਖ਼ਾਨ ਅਤੇ ਸੋਗ ਵਿੱਚ ਡੁੱਬੇ ਬਾਕੀ ਸਭ ਪਰਿਵਾਰਕ ਮੈਂਬਰਾਂ ਨਾਲ ਦੁੱਖ ਵੰਡਾਉਣ ਲਈ ਕਲਾਕਾਰ ਭਾਈਚਾਰੇ ਤੋਂ ਇਲਾਵਾ ਸਿਆਸੀ, ਸਮਾਜਿਕ ਅਤੇ ਧਾਰਮਿਕ ਖੇਤਰ ਦੇ ਵੱਡੇ ਚਿਹਰਿਆਂ ਤੋਂ ਇਲਾਵਾ ਹੋਰ ਵੀ ਅਸਰ ਰਸੂਖ਼ ਰੱਖਣ ਵਾਲੇ ਭਰਾਵਾਂ ਭੈਣਾਂ ਨੇ ਦੂਰ ਦੂਰ ਤੋਂ ਆ ਕੇ ਅੰਤਿਮ ਅਰਦਾਸ ਵਿੱਚ ਆਪਣੀ ਹਾਜ਼ਰੀ ਲਗਵਾਈ। ਹੈਪੀ ਬਾਬਾ ਛਪਾਰ ਵਾਲੇ, ਸਵ: ਬਾਬਾ ਮੋਹਨ ਚਿਸ਼ਤੀ ਦੇ ਫਰਜ਼ੰਦ ਬਾਬਾ ਰਣਜੀਤ ਚਿਸ਼ਤੀ, ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ, ਸੁਰਜੀਤ ਸਿੰਘ ਬਾਬਾ, ਦਿਲਬਾਗ ਸਿੰਘ ਸਰਪੰਚ ਸੈਦੋ, ਪੰਜਾਬੀ ਲੋਕ ਗਾਇਕ ਸੁਰਜੀਤ ਭੁੱਲਰ, ਜਸਵਿੰਦਰ ਸਿੱਧੂ ਜੈਤੋ, ਆਤਮਾ ਬੁੱਢੇਵਾਲੀਆ, ਸੁਰਿੰਦਰ ਮਾਨ-ਕਰਮਜੀਤ ਕੰਮੋ, ਸ਼ਰੀਫ਼ ਦਿਲਦਾਰ, ਪੰਮਾ ਸਾਹਿਰ, ਜਗਤਾਰ ਅਣਖੀਲਾ, ਰਣਜੋਧ ਅਲੀ, ਲਾਭ ਰਾਜਸਥਾਨੀ, ਸ਼ੰਮੀ ਖ਼ਾਨ, ਗੀਤਕਾਰ ਬੱਬੂ ਬਰਾੜ ਘੁੜਿਆਣਾ, ਮਲਕੀਤ ਕਿੱਟੀ ਜੈਤੋ, ਕਮੇਡੀਅਨ ਕਾਂਸ਼ੀ ਰਾਮ ਚੰਨ, ਚਾਚੀ ਲੁਤਰੋ, ਚੰਡੀਗੜ ਤੋਂ ਪ੍ਰਾਪਰਟੀ ਡੀਲਰ ਦਲਬੀਰ ਸਿੰਘ ਸਵੈਚ, ਅਵਤਾਰ ਸਿੰਘ ਤਾਰੀ, ਬੰਟੂ ਬੈਨੀਪਾਲ, ਕਰਮ ਸਿੰਘ ਸੰਧੂ ਆਦਿ ਤੋਂ ਇਲਾਵਾ ਹੋਰ ਵੀ ਅਣਗਿਣਤ ਨਾਮੀਂ ਅਤੇ ਸਤਿਕਾਰਯੋਗ ਸ਼ਖ਼ਸੀਅਤਾਂ ਨੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।