ਪੰਜਾਬ ਰੋਡਵੇਜ਼ ਜਗਰਾਉਂ ਡਿਪੂ ਵੱਲੋਂ ਮਨਾਇਆ ਗਿਆ ਨੋ-ਡਿਟੈਨਸ਼ਨ ਡੇਅ
ਦੀਪਕ ਜੈਨ
ਜਗਰਾਉਂ, 27 ਜੂਨ 2024 - ਪੰਜਾਬ ਰੋਡਵੇਜ਼ ਵਿਭਾਗ ਵੱਲੋਂ ਦਿਲਰਾਜ ਸਿੰਘ ਸੰਧਵਾਲੀਆ ਸਕੱਤਰ ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਦੀ ਰਹਿਨੁਮਾਈ ਹੇਠ ਸ੍ਰੀ ਗੁਰਪ੍ਰੀਤ ਸਿੰਘ ਖਹਿਰਾ ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ ਰੋਡਵੇਜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਰੋਡਵੇਜ ਜਗਰਾਉਂ ਡਿਪੂ ਵਿਚ ਨੋ-ਡਿਟੈਨਸ਼ਨ ਡੇਅ ਮਨਾਇਆ ਗਿਆ। ਇਸ ਮੌਕੇ ਜਗਰਾਉ ਡਿਪੂ ਦੇ ਜਨਰਲ ਮੈਨੇਜਰ ਜਗਰਾਜ ਸਿੰਘ ਤੂਰ, ਐਸ.ਐਸ.ਆਈ ਸੁਮੀਤ ਕੁਮਾਰ ਅਤੇ ਜਗਰੂਪ ਸਿੰਘ ਵਰਕਸਾਪ ਇੰਨਚਾਰਜ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਮਿਤੀ 27-06 ਨੂੰ ਜਗਰਾਉਂ ਡਿਪੂ ਵੱਲੋਂ ਨੋ-ਡਿਟੈਨਸ਼ਨ ਡੇਅ ਮਨਾਇਆ ਗਿਆ ਹੈ।
ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਕਿਸੇ ਕਮੀ ਕਾਰਨ ਡਿਪੂ ਵਿਚ ਖੜ੍ਹੀਆ ਬੱਸਾਂ ਦੀ ਕਮੀ ਨੂੰ ਦੂਰ ਕਰਕੇ ਜਗਰਾਉਂ ਡਿਪੂ ਦੀਆਂ ਸਾਰੀਆਂ ਬੱਸਾਂ ਨੂੰ ਆਮ ਲੋਕਾਂ ਨੂੰ ਵਧਿਆ ਸਹੂਲਤ ਦੇਣ ਲਈ ਵੱਖ-ਵੱਖ ਰੂਟਾਂ ਉਪਰ ਚਲਾਉਣਾ ਹੁੰਦਾ ਹੈ। ਇਸ ਏਜੰਡੇ ਦੇ ਤਹਿਤ ਅੱਜ ਜਗਰਾਉਂ ਡਿਪੂ ਦੀਆਂ ਸਾਰੀਆਂ ਬੱਸਾਂ ਅਲੱਗ-ਅਲੱਗ ਰੂਟਾਂ ਤੇ ਦੌੜ ਰਹੀਆਂ ਹਨ। ਭਵਿੱਖ ਵਿਚ ਸਾਡੀ ਏਹ ਹੀ ਕੋਸ਼ਿਸ ਹੋਵੇਗੀ ਕਿ ਕੋਈ ਵੀ ਬੱਸ ਰਿਪੇਅਰ ਖੁਣੋਂ ਡਿਪੂ ਦੀ ਵਰਕਸ਼ਾਪ ਨਾ ਖੜੀ ਕੀਤੀ ਜਾਵੇ। ਸਮੂਹ ਸਟਾਫ ਅਤੇ ਸਮੂਹ ਜਥੇਬੰਦੀਆਂ ਵੱਲੋਂ ਪੂਰਨ ਸਹਿਯੋਗ ਸਦਕਾ ਹੀ ਅਸੀਂ ਅੱਜ ਦਾ ਇਹ ਦਿਨ ਮਨਾਉਣ ਵਿਚ ਕਾਮਯਾਬ ਹੋ ਸਕੇ ਹਾਂ ਅਤੇ ਭਵਿੱਖ ਵਿਚ ਵੀ ਆਪਣੇ ਪੂਰੇ ਸਟਾਫ ਤੋਂ ਇਹੀ ਕਾਮਨਾ ਕਰਦੇ ਹਾਂ ਕਿ ਉਹ ਪੰਜਾਬ ਰੋਡਵੇਜ਼ ਨੂੰ ਸਮੇਂ ਸਮੇਂ ਤੇ ਆਪਣਾ ਬਣਦਾ ਯੋਗਦਾਨ ਦਿੰਦੇ ਰਹਿਣਗੇ।