ਬੀ.ਡੀ.ਪੀ.ਓ ਦਫ਼ਤਰ ਵਿਖੇ ਲੱਗਾ ਪਲੇਸਮੈਂਟ ਕੈਂਪ
ਰੋਹਿਤ ਗੁਪਤਾ
ਬਟਾਲਾ, 27 ਜੂਨ 2024 - ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਲੋਂ ਨੌਜਵਾਨਾਂ ਨੂੰ ਵੱਖ-ਵੱਖ ਸੈਕਟਰਾਂ ਵਿੱਚ ਰੋਜਗਾਰ ਮੁਹੱਈਆ ਕਰਵਾਉਣ ਹਿੱਤ ਲਗਾਏ ਜਾ ਰਹੇ ਪਲੇਸਮੈਂਟ ਕੈਂਪਾਂ ਤਹਿਤ ਅੱਜ ਬੀ.ਡੀ.ਪੀ.ਓ ਦਫ਼ਤਰ ਬਟਾਲਾ ਵਿਖੇ ਪਲੇਸਮੈਂਟ ਕੈਂਪ ਲਗਾਇਆ ਗਿਆ। ਕੈਂਪ ਵਿੱਚ ਐੱਸ.ਆਈ.ਐੱਸ ਸਕਿਓਰਿਟੀ ਕੰਪਨੀ ਵੱਲੋਂ ਸਕਿਓਰਿਟੀ ਗਾਰਡ (ਕੇਵਲ ਲੜਕੇ) ਦੀ ਭਰਤੀ ਕੀਤੀ ਗਈ। ਉਨਾਂ ਦੱਸਿਆ ਕਿ 10 ਲੜਕਿਆਂ ਵਿੱਚੋਂ 6 ਲੜਕਿਆਂ ਦੀ ਚੋਣ ਕੀਤੀ ਗਈ ਹੈ।
ਐੱਸ.ਆਈ.ਐੱਸ ਸਕਿਓਰਿਟੀ ਕੰਪਨੀ ਦੇ ਨੁਮਾਇੰਦੇ ਅਮਰਜੋਤ ਨੇ ਦੱਸਿਆ ਕਿ ਚੁਣੇ ਗਏ ਪ੍ਰਾਰਥੀਆਂ ਨੂੰ 1 ਮਹੀਨੇ ਦੀ ਸਰਹੰਦ ਵਿਖੇ ਸਿਖਲਾਈ ਦਿੱਤੀ ਜਾਵੇਗੀ ਅਤੇ ਸਿਖਲਾਈ ਮੁਕੰਮਲ ਕਰਨ ਉਪੰਰਤ ਕਰੀਬ 15000 ਤੋਂ 17000 ਰੁਪਏ ਤਨਖਾਹ ਮਿਲਣਯੋਗ ਹੋਵੇਗੀ। ਇਸ ਤੋਂ ਇਲਾਵਾ ਕੰਪਨੀ ਵਲੋਂ ਫੰਡ ਤੇ ਬੋਨਸ ਆਦਿ ਵੀ ਦਿੱਤੇ ਜਾਂਦੇ ਹਨ।
ਉਨਾਂ ਅੱਗੇ ਦੱਸਿਆ ਕਿ ਜਿਹੜੇ ਉਮੀਦਵਾਰ ਅੱਜ ਬਟਾਲਾ ਦਫਤਰ ਨਹੀਂ ਪਹੁੰਚ ਸਕੇ, ਉਹ ਕੱਲ੍ਹ 28 ਜੂਨ ਨੂੰ ਬੀ.ਡੀ.ਪੀ.ਓ. ਦਫ਼ਤਰ ਧਾਰੀਵਾਲ ਪਹੁੰਚ ਸਕਦੇ ਹਨ। ਉਨਾਂ ਅੱਗੇ ਦੱਸਿਆ ਕਿ 1 ਜੁਲਾਈ ਨੂੰ ਬੀ.ਡੀ.ਪੀ.ਓ. ਦਫ਼ਤਰ ਸ੍ਰੀ ਹਰਗੋਬਿੰਦਪੁਰ ਸਾਹਿਬ, 2 ਜੁਲਾਈ ਨੂੰ ਬੀ.ਡੀ.ਪੀ.ਓ. ਦਫ਼ਤਰ ਕਾਦੀਆਂ, 3 ਜੁਲਾਈ ਨੂੰ ਬੀ.ਡੀ.ਪੀ.ਓ. ਦਫ਼ਤਰ ਦੋਰਾਂਗਲਾ, 4 ਜੁਲਾਈ ਨੂੰ ਬੀ.ਡੀ.ਪੀ.ਓ. ਦਫ਼ਤਰ ਕਾਹਨੂੰਵਾਨ, 5 ਜੁਲਾਈ ਨੂੰ ਬੀ.ਡੀ.ਪੀ.ਓ. ਦਫ਼ਤਰ, ਗੁਰਦਾਸਪੁਰ ਅਤੇ 8 ਜੁਲਾਈ ਨੂੰ ਬੀ.ਡੀ.ਪੀ.ਓ. ਦਫ਼ਤਰ ਦੀਨਾਨਗਰ ਵਿਖੇ ਪਲੇਸਮੈਂਟ ਕੈਂਪ ਲੱਗਣਗੇ।