ਨਗਰ ਕੌਂਸਲ ਨੇ 3 ਮਹੀਨੇ ਪਹਿਲਾ ਉਸਾਰਿਆ ਮਕਾਨ ਢਾਹਿਆ
- ਕਾਰਵਾਈ ਦੌਰਾਨ ਗਾਂ ਹੋਈ ਗੰਭੀਰ ਜ਼ਖ਼ਮੀ
ਮਲਕੀਤ ਸਿੰਘ ਮਲਕਪੁਰ
ਲਾਲੜੂ 27 ਜੂਨ 2024: ਨਗਰ ਕੌਂਸਲ ਲਾਲੜੂ ਦੇ ਅਮਲੇ -ਫੈਲੇ ਵੱਲੋਂ ਅੱਜ ਕਰੀਬ 3 ਮਹੀਨੇ ਪਹਿਲਾਂ ਬਣਾਈ ਕਥਿਤ ਉਸਾਰੀ ਨੂੰ ਜੇਸੀਬੀ ਨਾਲ ਢਾਹ ਦਿੱਤਾ ਗਿਆ। ਕੌਂਸਲ ਦੀ ਇਸ ਕਾਰਵਾਈ ਦੌਰਾਨ ਉਸਾਰੀ ਵਾਲੀ ਕੰਧ ਪਿੱਛੇ ਬੰਨੀ ਇੱਕ ਗਾਂ ਗੰਭੀਰ ਜ਼ਖ਼ਮੀ ਹੋ ਗਈ, ਜਦਕਿ ਦੂਜੀ ਗਾਂ ਰੱਸਾ ਤੁੜਾ ਕੇ ਭੱਜ ਗਈ ਅਤੇ ਇਕ ਮੱਝ ਵੀ ਲਾਹਪਤਾ ਹੈ। ਪੀੜਤ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਰੀਬ 3 ਮਹੀਨੇ ਪਹਿਲਾਂ ਹੀ ਕੰਮ ਲਗਾਇਆ ਗਿਆ ਸੀ, ਪਰ ਉਨ੍ਹਾਂ ਨੇ ਮਕਾਨ ਦੀ ਉਸਾਰੀ ਸਬੰਧੀ ਨਗਰ ਕੌਂਸਲ ਵੱਲੋਂ ਕਿਸੇ ਤਰ੍ਹਾਂ ਦਾ ਨੋਟਿਸ ਨਾ ਮਿਲਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਇਹ ਜ਼ਮੀਨ ਨੰਬਰ ਵਾਲੀ ਹੈ ਅਤੇ ਉਸਾਰੀ ਉੱਤੇ ਉਨ੍ਹਾਂ ਦਾ 8 ਲੱਖ ਰੁਪਏ ਦੇ ਕਰੀਬ ਖਰਚ ਆਇਆ ਸੀ, ਜੋ ਹੁਣ ਖੂਹ -ਖਾਤੇ ਪੈ ਗਿਆ ਹੈ। ਨਿਸ਼ਾਨਦੇਹੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਨੇ ਜ਼ਮੀਨ ਦੀ ਮਿਣਤੀ ਜਰੂਰ ਕੀਤੀ ਹੈ, ਪਰ ਇਸ ਮਿਣਤੀ ਮੌਕੇ ਉਨ੍ਹਾਂ ਨੂੰ ਬੁਲਾਇਆ ਨਹੀਂ ਗਿਆ ਸੀ।
ਪ੍ਰਦੀਪ ਕੁਮਾਰ ਮੁਤਾਬਿਕ ਉਸਾਰੀ ਢਾਹੁਣ ਵੇਲੇ ਉਹ ਖੁੱਦ ਡਿਊਟੀ ਉੱਤੇ ਸਨ, ਜਦਕਿ ਉਨ੍ਹਾਂ ਦਾ ਭਰਾ ਕੁਲਦੀਪ ਸਿੰਘ ਖੇਤ ਵਿੱਚ ਗਿਆ ਹੋਇਆ ਸੀ। ਪ੍ਰਸਾਸ਼ਨ ਨੇ ਉਨ੍ਹਾਂ ਦੀ ਗੈਰ ਹਾਜ਼ਰੀ ਵਿੱਚ ਇਹ ਸਭ ਕੁੱਝ ਕੀਤਾ ਹੈ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਨਵੀ ਬਣੀ ਉਸਾਰੀ ਅੰਦਰ ਪੱਖੇ ਅਤੇ ਹੋਰ ਸਮਾਨ ਕੱਢਣ ਦਾ ਸਮਾਂ ਵੀ ਨਹੀਂ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਉਸਾਰੀ ਨੂੰ ਢਾਹੁਣ ਸਮੇਂ ਗੰਭੀਰ ਘਟਨਾ ਵਾਪਰ ਗਈ, ਜਦੋਂ ਉਸਾਰੀ ਦੇ ਪਿਛਲੇ ਪਾਸੇ ਬੰਨੀਆਂ ਦੋ ਗਾਵਾਂ ਵਿੱਚੋਂ ਇਕ ਗਾਂ ਜ਼ਖ਼ਮੀ ਹੋ ਗਈ, ਜਦਕਿ ਇੱਕ ਗਾਂ ਰੱਸਾ ਤੁੜਾ ਕੇ ਭੱਜ ਗਈ। ਇਹ ਦੋਵੇਂ ਗਾਵਾਂ ਗੁਆਂਢੀ ਪਰਿਵਾਰ ਦੀਆਂ ਸਨ, ਜਦਕਿ ਉਨ੍ਹਾਂ ਦੀ ਇੱਕ ਮੱਝ ਹਾਲੇ ਵੀ ਲਾਹਪਤਾ ਹੈ।
ਨਗਰ ਕੌਂਸਲ ਦ ਕਾਰਜਸਾਧਕ ਅਫਸਰ ਗੁਰਬਖਸ਼ੀਸ਼ ਸਿੰਘ ਤੇ ਜੇਈ ਗਗਨਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ।ਉਨ੍ਹਾਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਲਾਲੜੂ ਦੇ ਪੁਰਾਣੇ ਬਸ ਅੱਡੇ ਕੋਲ ਇੱਕ ਕੁਲਦੀਪ ਸਿੰਘ ਤੇ ਪ੍ਰਦੀਪ ਸਿੰਘ ਦੇ ਪਰਿਵਾਰ ਵੱਲੋਂ ਕਰੀਬ 3 ਮਹੀਨੇ ਪਹਿਲਾਂ ਨਜਾਇਜ ਉਸਾਰੀ ਕਰਕੇ ਉਸ ਵਿੱਚ ਡੰਗਰ ਆਦਿ ਬੰਨ ਲਏ ਗਏ ਸਨ। ਕਾਰਜਸਾਧਕ ਅਫਸਰ ਮੁਤਾਬਿਕ ਇਸ ਉਸਾਰੀ ਦੌਰਾਨ ਕਬਜਾਕਾਰ ਨੂੰ 2 ਵਾਰ ਨੋਟਿਸ ਦਿੱਤਾ ਗਿਆ, ਜਦਕਿ ਇੱਕ ਵਾਰੀ ਬਕਾਇਦਾ ਥਾਂ ਦੀ ਨਿਸ਼ਾਨਦੇਹੀ ਕਰਵਾਈ ਗਈ, ਪਰ ਲੋਕ ਸਭਾ ਚੋਣਾ ਦੌਰਾਨ ਲੱਗੇ ਚੋਣ ਜਾਬਤੇ ਦੇ ਰੁਝੇਵਿਆਂ ਦੇ ਚੱਲਦਿਆਂ ਕਾਰਵਾਈ ਨਾ ਹੋ ਸਕੀ। ਇਸ ਦੌਰਾਨ ਨਜਾਇਜ਼ ਕਬਜਾਕਾਰਾਂ ਨੇ ਇਹ ਥਾਂ ਉਸਾਰ ਲਈ।
ਇਸ ਦੌਰਾਨ ਉਕਤ ਘਟਨਾ ਵਾਪਰਨ ਤੋਂ ਬਾਅਦ ਸਾਬਕਾ ਵਿਧਾਇਕ ਐਨ.ਕੇ. ਸ਼ਰਮਾ ਵੀ ਘਟਨਾ ਵਾਲੀ ਥਾਂ ਉੱਤੇ ਪੁੱਜੇ। ਐਨ ਕੇ ਸ਼ਰਮਾ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਬਦਲਾਖੋਰੀ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ ਅਤੇ ਨਜਾਇਜ਼ ਕਬਜਿ਼ਆਂ ਦੇ ਨਾਂ ਤੇ ਲੋਕਾਂ ਨੂੰ ਨਜਾਇਜ਼ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਬੜੇ ਅਫਸੋਸ ਦੀ ਗੱਲ ਹੈ ਬੇਜੁਬਾਨ ਪਸੂਆਂ ਦੀ ਸਾਰ ਲੈਣ ਨਾ ਤਾਂ ਪ੍ਰਸ਼ਾਸ਼ਨ ਦਾ ਕੋਈ ਅਧਿਕਾਰੀ ਪੁੱਜਾ ਹੈ ਅਤੇ ਨਾ ਹੀ ਕੋਈ ਸਰਕਾਰੀ ਡਾਕਟਰ ਹੀ ਪਸੂਆਂ ਦਾ ਮੈਡੀਕਲ ਕਰਨ ਲਈ ਪੁੱਜਾ ਹੈ। ਉਨ੍ਹਾਂ ਕਿਹਾ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ। ਉਨ੍ਹਾਂ ਪੀੜਤਾਂ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਹਲਕੇ ਦੇ ਲੋਕਾਂ ਦੇ ਹਰ ਦੁਖ ਸੁਖ ਵਿਚ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਉਹ ਪ੍ਰਸ਼ਾਸਨ ਦੀ ਇਸ ਧੱਕੇਸਾਹੀ ਦੇ ਖਿਲਾਫ ਸਥਾਨਕ ਲੋਕਾਂ ਨੂੰ ਨਾਲ ਲੈ ਕੇ ਨਗਰ ਕੌਸਲ ਦੇ ਦਫਤਰ ਅੱਗੇ ਧਰਨਾ ਲਾਉਣਗੇ।ਉਨ੍ਹਾਂ ਕਿਹਾ ਸਰਕਾਰ ਪੀੜਤਾਂ ਨੂੰ ਉਨ੍ਹਾਂ ਦੇ ਪਸੂਆਂ ਦੇ ਹੋਏ ਜਾਨੀ ਮਾਲੀ ਨੁਕਸਾਨ ਦਾ ਮੁਆਵਜੇ ਫੌਰੀ ਤੌਰ ਤੇ ਦੇਣਾ ਚਾਹੀਦਾ ਹੈ।