ਐੱਚ.ਬੀ.ਏ.1 ਸੀ ਅਤੇ ਹੋਰ ਟੈਸਟ ਮਸ਼ੀਨਾਂ ਦਾ ਉਦਘਾਟਨ ਕੀਤਾ
ਰੋਹਿਤ ਗੁਪਤਾ
ਗੁਰਦਾਸਪੁਰ 27 ਜੂਨ 2024 - ਬੀ•ਵੀ•ਪੀ• ਚੈਰੀਟੇਬਲ ਵੈਲਫੇਅਰ ਸੋਸਾਇਟੀ (ਰਜਿਸਟਰਡ) ਗੁਰਦਾਸਪੁਰ ਵੱਲੋਂ ਡਾ: ਸੂਰਜ ਪ੍ਰਕਾਸ਼ (ਭਾਰਤ ਵਿਕਾਸ ਪ੍ਰੀਸ਼ਦ ਦੇ ਸੰਸਥਾਪਕ ਕੌਮੀ ਜਨਰਲ ਸਕੱਤਰ) ਦੇ ਜਨਮ ਦਿਨ ਮੌਕੇ ਇੱਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਡਾ: ਸਵਿੰਦਰ ਸਿੰਘ ਗਿੱਲ ਸੁਖਜਿੰਦਰਾ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਮੁੱਖ ਮਹਿਮਾਨ ਅਤੇ ਬਾਲ ਰੋਗਾਂ ਦੇ ਮਾਹਿਰ ਡਾ. ਭਾਸਕਰ ਸ਼ਰਮਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਅਤੇ ਹੋਰਨਾਂ ਵੱਲੋਂ ਸ਼ਮ੍ਹਾਂ ਰੌਸ਼ਨ ਕਰਕੇ ਅਤੇ ਵੰਦੇ ਮਾਤਰਮ ਦੇ ਗਾਇਨ ਨਾਲ ਕੀਤੀ ਗਈ।
ਉਪਰੰਤ ਸਾਰੇ ਮਹਿਮਾਨਾਂ ਦਾ ਤਿਰੰਗੇ ਪਟਕੇ ਨਾਲ ਰਸਮੀ ਸਵਾਗਤ ਕੀਤਾ ਗਿਆ।ਸੁਸਾਇਟੀ ਦੇ ਪ੍ਰਧਾਨ ਸੁਨੀਲ ਮਹਾਜਨ (ਸੋਨੂੰ ) ਨੇ ਸਾਰਿਆਂ ਦਾ ਸਵਾਗਤ ਕੀਤਾ ਅਤੇ ਸੁਸਾਇਟੀ ਦੇ ਮੈਂਬਰਾਂ ਨਾਲ ਜਾਣ-ਪਛਾਣ ਕਰਵਾਈ।ਡਾ.ਐਸ.ਪੀ.ਸਿੰਘ ਨੇ ਸਭ ਨੂੰ ਡਾ: ਸੂਰਜ ਪ੍ਰਕਾਸ਼ ਦੇ ਜੀਵਨ ਅਤੇ ਭਾਰਤ ਵਿਕਾਸ ਪ੍ਰੀਸ਼ਦ ਨਾਲ ਸਬੰਧਿਤ ਉਨ੍ਹਾਂ ਦੇ ਕੰਮਾਂ ਬਾਰੇ ਜਾਣੂ ਕਰਵਾਇਆ |
ਸੁਸਾਇਟੀ ਦੇ ਸਰਪ੍ਰਸਤ ਰਾਜੇਸ਼ ਸਲਹੋਤਰਾ ਨੇ ਕਲੀਨਿਕਲ ਲੈਬਾਰਟਰੀ ਦੇ ਸ਼ੁਰੂਆਤੀ ਪੜਾਵਾਂ ਤੋਂ ਲੈ ਕੇ ਅੱਜ ਤੱਕ ਦੇ ਸਫ਼ਰ ਬਾਰੇ ਜਾਣਕਾਰੀ ਦਿੱਤੀ।ਲੈਬਾਰਟਰੀ ਇੰਚਾਰਜ ਸ਼ਿਵ ਗੌਤਮ ਨੇ ਸਮੇਂ-ਸਮੇਂ 'ਤੇ ਲਗਾਏ ਗਏ ਕੈਂਪਾਂ ਅਤੇ ਚੱਲ ਰਹੇ ਕੰਮਾਂ ਬਾਰੇ ਦੱਸਿਆ ।
ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੇ HBA1C ਮਸ਼ੀਨ ਦਾ ਉਦਘਾਟਨ ਕਰਨ ਦੀ ਰਸਮ ਅਦਾ ਕੀਤੀ ਅਤੇ ਲੈਬਾਰਟਰੀ ਵਿੱਚ ਕੰਮ ਕਰ ਰਹੇ ਸਟਾਫ਼ ਨੂੰ ਸੌਂਪੀ।
ਵਿਸ਼ੇਸ਼ ਮਹਿਮਾਨ ਡਾ: ਭਾਸਕਰ ਸ਼ਰਮਾ ਨੇ ਕਿਹਾ ਕਿ ਇਸ ਲੈਬਾਰਟਰੀ ਵਿੱਚ ਆ ਕੇ ਉਨ੍ਹਾਂ ਨੂੰ ਡੂੰਘੀ ਤਸੱਲੀ ਮਹਿਸੂਸ ਹੋਈ ਹੈ ਅਤੇ ਉਨ੍ਹਾਂ ਮਹਿਸੂਸ ਕੀਤਾ ਹੈ ਕਿ ਇੱਥੇ ਹੋਣ ਵਾਲੇ ਸਾਰੇ ਟੈਸਟ ਬਹੁਤ ਹੀ ਭਰੋਸੇਯੋਗ ਹਨ।
ਆਪਣੇ ਸੰਬੋਧਨ ਵਿੱਚ ਮੁੱਖ ਮਹਿਮਾਨ ਨੇ ਚੈਰੀਟੇਬਲ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਕਾਰਜਾਂ 'ਤੇ ਡੂੰਘੀ ਤਸੱਲੀ ਪ੍ਰਗਟ ਕਰਦਿਆਂ ਇਸ ਸੇਵਾ ਪ੍ਰੋਜੈਕਟ ਲਈ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਕਾਰਜਾਂ ਵਿੱਚ ਆਪਣਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਸੁਸਾਇਟੀ ਵੱਲੋਂ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ।
ਪ੍ਰੋਗਰਾਮ ਦੇ ਅੰਤ ਵਿੱਚ ਸ੍ਰੀ ਰੋਮੇਸ਼ ਸ਼ਰਮਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਚੈਰੀਟੇਬਲ ਵੈਲਫੇਅਰ ਸੁਸਾਇਟੀ ਭਵਿੱਖ ਵਿੱਚ ਵੀ ਅਜਿਹੇ ਲੋਕ ਭਲਾਈ ਦੇ ਕੰਮ ਕਰਦੀ ਰਹੇਗੀ।
ਇਸ ਮੌਕੇ ਵਿਜੇ ਬਾਂਸਲ, ਸਤਿੰਦਰਪਾਲ ਸਿੰਘ ਬੇਦੀ, ਵਿਜੇ ਕੁਮਾਰ ਸ਼ਰਮਾ, ਸ਼ਸ਼ੀ ਕਾਂਤ ਮਹਾਜਨ, ਅਨੁਰੰਜਨ ਸੈਣੀ, ਪਵਨ ਰਾਏ, ਪ੍ਰੋਫੈਸਰ ਮਹਿੰਦਰ ਕੁਮਾਰ, ਸੁਰਜੀਤ ਸਿੰਘ, ਸ਼ੈਲੇਂਦਰ ਭਾਸਕਰ, ਰੂਪ ਲਾਲ ਜੋਸ਼ੀ, ਕੈਪਟਨ ਆਰ•ਐਸ•ਕੌਂਡਲ, ਪੁਨੀਤ ਮਲਹੋਤਰਾ , ਸੋਹਨ ਲਾਲ, ਰਮੇਸ਼ ਕੁਮਾਰ ਸ਼ਰਮਾ, ਸਤਵੰਤ ਸਿੰਘ, ਮਨੋਹਰ ਲਾਲ ਸ਼ਰਮਾ, ਲੈਬਾਰਟਰੀ ਸਟਾਫ਼ ਸੁਰੇਸ਼ ਕੁਮਾਰ, ਰਮਨ ਕੁਮਾਰ, ਸ੍ਰੀਮਤੀ ਸੀਮਾ , ਦਲਬੀਰ ਕੁਮਾਰ ਆਦਿ ਤੋਂ ਇਲਾਵਾ ਹਾਜ਼ਰ ਸਨ |