ਬਰਨਾਲਾ 'ਚ ਕੱਲ੍ਹ ਤੋਂ ਸ਼ੁਰੂ ਹੋਵੇਗੀ ਘਰ-ਘਰ ਵੋਟਰ ਲਿਸਟਿੰਗ: ਡਿਪਟੀ ਕਮਿਸ਼ਨਰ
4 ਲੱਖ 85 ਹਜ਼ਾਰ ਵੋਟਰਾਂ ਲਈ ਇਨਿਊਮਰੇਸ਼ਨ ਫਾਰਮ ਤਿਆਰ; BLOs ਵੱਲੋਂ ਮਿਲੇਗੀ ਅਸਿਸਟੈਂਸ
ਹਰ ਘਰ ਦਾ 3 ਵਾਰ ਹੋਵੇਗਾ ਦੌਰਾ; ਕਿਸੇ ਵੀ ਸ਼ਿਕਾਇਤ ਲਈ 1950 ਟੋਲ-ਫ੍ਰੀ ਨੰਬਰ ਜਾਰੀ
ਘਰ-ਘਰ ਵੈਰੀਫਿਕੇਸ਼ਨ: 25 ਜੂਨ ਤੋਂ 24 ਜੁਲਾਈ ਤੱਕ- ਡਰਾਫਟ ਵੋਟਰ ਸੂਚੀ : 3 ਅਗਸਤ 2026
ਦਾਅਵੇ ਅਤੇ ਇਤਰਾਜ਼ : 3 ਅਗਸਤ ਤੋਂ ਬਾਅਦ ਸ਼ੁਰੂ ਹੋਣਗੇ, ਜਿਸ ਤੋਂ ਬਾਅਦ ਨੋਟਿਸ ਪੀਰੀਅਡ ਦਾ ਫੇਜ਼ ਆਵੇਗਾ।
ਘਬਰਾਉਣ ਦੀ ਲੋੜ ਨਹੀਂ, ਇਹ ਇੱਕ ਸਰਲ ਪ੍ਰਕਿਰਿਆ ਹੈ"
ਪੁਰਾਣੇ ਵੋਟਰਾਂ ਅਤੇ ਐਨ.ਆਰ.ਆਈਜ਼ (NRIs) ਲਈ ਨਿਯਮ
ਹਰ ਘਰ ਦੀ ਹੋਵੇਗੀ 3 ਵਾਰ ਵੈਰੀਫਿਕੇਸ਼ਨ, ਖਿੱਚੀ ਜਾਵੇਗੀ ਫੋਟੋ
ਬਰਨਾਲਾ
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ 25 ਜੂਨ (ਕੱਲ੍ਹ) ਤੋਂ ਬੂਥ ਲੈਵਲ ਅਫ਼ਸਰਾਂ (BLOs) ਰਾਹੀਂ ਘਰ-ਘਰ ਜਾ ਕੇ ਵੋਟਰ ਲਿਸਟਿੰਗ (ਹਾਊਸ ਟੂ ਹਾਊਸ ਵੈਰੀਫਿਕੇਸ਼ਨ) ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਵਿੱਚ ਲਗਭਗ 4 ਲੱਖ 85 ਹਜ਼ਾਰ ਵੋਟਰ ਹਨ ਅਤੇ ਪ੍ਰਸ਼ਾਸਨ ਵੱਲੋਂ ਇੰਨੇ ਹੀ ਇਨਿਊਮਰੇਸ਼ਨ ਫਾਰਮ (EF) ਜਨਰੇਟ ਕੀਤੇ ਜਾ ਚੁੱਕੇ ਹਨ। ਇਹ ਫਾਰਮ ਬੀ.ਐਲ.ਓਜ਼ ਵੱਲੋਂ ਲੋਕਾਂ ਦੇ ਘਰਾਂ ਵਿੱਚ ਵੰਡੇ ਜਾਣਗੇ ਅਤੇ ਬਾਅਦ ਵਿੱਚ ਭਰੇ ਹੋਏ ਫਾਰਮ ਕਲੈਕਟ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੀ.ਐਲ.ਓਜ਼ ਦੀ ਟ੍ਰੇਨਿੰਗ ਮੁਕੰਮਲ ਹੋ ਚੁੱਕੀ ਹੈ। ਜਿਹੜੇ ਨਾਗਰਿਕਾਂ ਨੂੰ ਫਾਰਮ ਭਰਨਾ ਨਹੀਂ ਆਉਂਦਾ, ਬੀ.ਐਲ.ਓਜ਼ ਖ਼ੁਦ ਉਹਨਾਂ ਦੀ ਮਦਦ (ਅਸਿਸਟ) ਕਰਨਗੇ। ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ ਸਾਰੇ ਫਾਰਮ ਭਰਵਾ ਕੇ ਵੋਟਰ ਸੂਚੀ ਤਿਆਰ ਕੀਤੀ ਜਾਵੇ। ਸਿਰਫ਼ ਉਹੀ ਵੋਟਾਂ ਕੱਟੀਆਂ ਜਾਣਗੀਆਂ, ਜੋ ਲੋਕ ਹੁਣ ਇੱਥੇ ਨਹੀਂ ਰਹਿ ਰਹੇ (ਮਾਈਗ੍ਰੇਟ ਹੋ ਚੁੱਕੇ ਹਨ), ਬਾਕੀ ਹਰ ਯੋਗ ਵੋਟਰ ਦੀ ਵੋਟ ਬਰਕਰਾਰ ਰੱਖੀ ਜਾਵੇਗੀ। ਨਵੇਂ ਨਿਯਮਾਂ ਅਤੇ ਐਸ.ਓ.ਪੀ. (SOP) ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਬੀ.ਐਲ.ਓ. ਹਰ ਘਰ ਨੂੰ ਘੱਟੋ-ਘੱਟ ਤਿੰਨ ਵਾਰ ਕਵਰ ਕਰੇਗਾ। ਜਦੋਂ ਵੀ ਉਹ ਕਿਸੇ ਘਰ ਦਾ ਦੌਰਾ ਕਰੇਗਾ, ਉਹ ਆਪਣੇ ਕੋਲ ਜੀਓ-ਟੈਗ ਫੋਟੋਗ੍ਰਾਫ਼ ਖਿੱਚ ਕੇ ਰੱਖੇਗਾ। ਜੇਕਰ ਘਰ ਵਿੱਚ ਕੋਈ ਨਹੀਂ ਮਿਲਦਾ, ਤਾਂ ਉੱਥੇ ਇੱਕ ਸਲਿੱਪ ਛੱਡੀ ਜਾਵੇਗੀ ਕਿ ਬੀ.ਐਲ.ਓ. ਇਸ ਤਰੀਕ ਨੂੰ ਆਇਆ ਸੀ। ਬੀ.ਐਲ.ਓਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਦੁਪਹਿਰ ਵੇਲੇ ਜਾਂ ਦੇਰ ਸ਼ਾਮ ਨੂੰ ਲੋਕਾਂ ਦੇ ਘਰਾਂ ਵਿੱਚ ਜਾਣ ਤਾਂ ਜੋ ਕੰਮਕਾਜੀ ਲੋਕ ਘਰਾਂ ਵਿੱਚ ਮਿਲ ਸਕਣ। ਜਿਹਨਾਂ ਦੀ ਵੋਟ 8 ਜੂਨ 2026 ਤੱਕ ਪਹਿਲਾਂ ਹੀ ਬਣੀ ਹੋਈ ਸੀ, ਉਹਨਾਂ ਨੂੰ ਕੋਈ ਨਵਾਂ ਦਸਤਾਵੇਜ਼ (ਡਾਕੂਮੈਂਟ) ਦੇਣ ਦੀ ਲੋੜ ਨਹੀਂ ਹੈ। ਬੀ.ਐਲ.ਓ. ਪਿਛਲੀ ਵੋਟਰ ਸੂਚੀ ਦੇ ਆਧਾਰ 'ਤੇ ਹੀ ਮਾਰਕ ਕਰਕੇ ਉਹਨਾਂ ਦੇ ਸਿਰਫ਼ ਦਸਤਖ਼ਤ ਲਵੇਗਾ। ਡਿਪਟੀ ਕਮਿਸ਼ਨਰ ਨੇ ਸਾਫ਼ ਕੀਤਾ ਕਿ ਜਿਹੜੇ ਲੋਕ ਵਿਦੇਸ਼ੀ ਨਾਗਰਿਕ (Foreign Citizens) ਬਣ ਚੁੱਕੇ ਹਨ, ਉਹਨਾਂ ਦੀ ਵੋਟ ਨਹੀਂ ਬਣੇਗੀ ਕਿਉਂਕਿ ਭਾਰਤ ਵਿੱਚ ਇਕਹਰੀ ਨਾਗਰਿਕਤਾ ਦਾ ਕਾਨੂੰਨ ਹੈ। ਪਰ, ਜਿਹੜੇ ਲੋਕ ਅਜੇ ਵੀ ਭਾਰਤੀ ਨਾਗਰਿਕ ਹਨ ਅਤੇ ਸਿਰਫ਼ ਬਾਹਰ ਰਹਿ ਰਹੇ ਹਨ (Non-Resident Indians), ਉਹਨਾਂ ਦੇ ਘਰ ਇਨਿਊਮਰੇਸ਼ਨ ਫਾਰਮ ਜਾਵੇਗਾ ਅਤੇ ਪਰਿਵਾਰ ਦੇ ਮੈਂਬਰ ਉਸ ਦੀ ਤਸਦੀਕ ਕਰ ਸਕਦੇ ਹਨ। ਉਹਨਾਂ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਪ੍ਰਸ਼ਾਸਨ ਵੱਲੋ 1950 ਟੋਲ-ਫ੍ਰੀ ਨੰਬਰ ਐਕਟੀਵੇਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਅਤੇ ਅਸੈਂਬਲੀ ਪੱਧਰ 'ਤੇ ਗ੍ਰੀਵੈਂਸ ਐਡਰੈੱਸ ਆਫ਼ੀਸਰ (ਸ਼ਿਕਾਇਤ ਨਿਵਾਰਨ ਅਫ਼ਸਰ) ਤਾਇਨਾਤ ਕੀਤੇ ਗਏ ਹਨ, ਜਿਹਨਾਂ ਦੀ ਸੂਚੀ ਮੀਡੀਆ ਰਾਹੀਂ ਜਲਦ ਸਾਂਝੀ ਕਰ ਦਿੱਤੀ ਜਾਵੇਗੀ। ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਇਸ ਸੁਧਾਈ (SIR) ਪ੍ਰਕਿਰਿਆ ਤੋਂ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈ। ਇਹ ਪ੍ਰਕਿਰਿਆ ਪਹਿਲਾਂ ਸਾਲ 2003 ਵਿੱਚ ਵੀ ਪੰਜਾਬ ਅੰਦਰ ਹੋ ਚੁੱਕੀ ਹੈ। ਇਹ ਇੱਕ ਬਹੁਤ ਹੀ ਸਰਲ ਪ੍ਰਕਿਰਿਆ ਹੈ ਜਿਸ ਵਿੱਚ ਸਿਰਫ਼ ਫਾਰਮ ਦੇਣੇ ਅਤੇ ਭਰੇ ਹੋਏ ਫਾਰਮ ਵਾਪਸ ਲੈਣੇ ਹਨ। ਇਸ ਪੂਰੇ ਅਮਲ ਦੀ ਨਿਗਰਾਨੀ ਜ਼ਿਲ੍ਹਾ ਅਤੇ ਰਾਜ (ਸਟੇਟ) ਪੱਧਰ 'ਤੇ ਸਖ਼ਤੀ ਨਾਲ ਕੀਤੀ ਜਾਵੇਗੀ। ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ (BLAs) ਨੂੰ ਵੀ ਇਸ ਸਬੰਧੀ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ।
- Download Babushahi App
-
-