ਨਫ਼ਰਤ ਦੀਆਂ ਦੀਵਾਰਾਂ ਢਾਹ ਕੇ ਮੁਹੱਬਤ ਦੇ ਪੁਲ ਉਸਾਰਦੀਆਂ ਖੇਡਾਂ ਅਮਰਜੀਤ ਸ਼ਾਸਤਰੀ
ਅੰਤਰਰਾਸ਼ਟਰੀ ਓਲੰਪਿਕ ਦਿਵਸ ਮੌਕੇ ਦਿੱਤਾ ਜੂਡੋ ਖਿਡਾਰੀਆਂ ਨੂੰ ਸੰਦੇਸ਼
ਰੋਹਿਤ ਗੁਪਤਾ , ਗੁਰਦਾਸਪੁਰ
ਅੰਤਰਰਾਸ਼ਟਰੀ ਓਲੰਪਿਕ ਦਿਵਸ 23 ਜੂਨ ਨੂੰ ਮਨਾਇਆ ਜਾਣ ਵਾਲਾ ਇੱਕ ਵਿਸ਼ਵਵਿਆਪੀ ਖੇਡ ਜਾਗਰੂਕਤਾ ਦਿਵਸ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਉੱਤਮਤਾ, ਭਾਈਚਾਰੇ ਅਤੇ ਸਨਮਾਨ ਵਰਗੇ ਓਲੰਪਿਕ ਮੁੱਲਾਂ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਜੋ ਹਰ ਉਮਰ ਦੇ ਲੋਕਾਂ ਨੂੰ ਖੇਡਾਂ, ਸਰੀਰਕ ਸਰਗਰਮੀਆਂ, ਤੰਦਰੁਸਤੀ ਨਾਲ ਜੁੜੀਆਂ ਗਤੀਵਿਧੀਆਂ ਅਤੇ ਭਾਈਚਾਰਕ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾ ਸਕੇ। ਇਹ ਦਿਨ ਸਿਰਫ਼ ਖਿਡਾਰੀਆਂ ਲਈ ਹੀ ਨਹੀਂ ਸਗੋਂ ਵਿਦਿਆਰਥੀਆਂ, ਅਧਿਆਪਕਾਂ, ਪਰਿਵਾਰਾਂ ਅਤੇ ਭਾਈਚਾਰਿਆਂ ਸਮੇਤ ਹਰੇਕ ਲਈ ਹੈ। ਇਸ ਦਿਨ ਕੀਤੇ ਜਾਣ ਵਾਲੇ ਸਮਾਗਮ ਖੇਡਾਂ ਨੂੰ ਇੱਕ ਸਿਹਤਮੰਦ ਸਰੀਰ, ਮਜ਼ਬੂਤ ਚਰਿੱਤਰ, ਟੀਮ ਵਰਕ, ਅਨੁਸ਼ਾਸਨ ਅਤੇ ਕੌਮਾਂਤਰੀ ਏਕਤਾ ਦੇ ਨਿਰਮਾਣ ਦੇ ਸਾਧਨ ਵਜੋਂ ਵਰਤਣ ’ਤੇ ਕੇਂਦਰਿਤ ਹੁੰਦੇ ਹਨ। ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਵਿਖੇ ਅੱਜ ਓਲੰਪਿਕ ਦਿਵਸ ਮਨਾਇਆ ਗਿਆ। ਇਸ ਮੌਕੇ ਜੂਡੋ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਕਿਹਾ ਕਿ । ਇਹ ਦਿਨ 23 ਜੂਨ 1894 ਨੂੰ ਹੋਈ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ ਸਥਾਪਨਾ ਨੂੰ ਵੀ ਯਾਦ ਕਰਵਾਉਂਦਾ ਹੈ। ਜੂਡੋ ਕੋਚ ਰਵੀ ਕੁਮਾਰ ਗੁਰਦਾਸਪੁਰ ਨੇ ਦੱਸਿਆ, ਸਾਲ 2026 ਦੇ ਅੰਤਰਰਾਸ਼ਟਰੀ ਓਲੰਪਿਕ ਦਿਵਸ ਦਾ ਮੁੱਖ ਥੀਮ ‘ਖੇਡਾਂ: ਪੁਲ ਬਣਾਉਣਾ, ਰੁਕਾਵਟਾਂ ਤੋੜਨਾ’ ਰੱਖਿਆ ਗਿਆ ਹੈ। ਇਹ ਥੀਮ ਦਰਸਾਉਂਦਾ ਹੈ ਕਿ ਖੇਡਾਂ ਕਿਵੇਂ ਸਮਾਜ ਨੂੰ ਜੋੜਨ ਅਤੇ ਆਪਸੀ ਵਿਤਕਰੇ ਖ਼ਤਮ ਕਰਨ ਦਾ ਕੰਮ ਕਰਦੀਆਂ ਹਨ। ਨੈਲਸਨ ਮੰਡੇਲਾ ਨੇ ਵੀ ਕਿਹਾ ਸੀ ਕਿ ਖੇਡਾਂ ਵਿੱਚ ਦੁਨੀਆ ਨੂੰ ਬਦਲਣ ਦੀ ਸ਼ਕਤੀ ਹੈ। ਇਸ ਲਈ ਅੱਜ ਖੇਡਾਂ ਨੂੰ ਸਿਰਫ਼ ਜਿੱਤ-ਹਾਰ ਨਹੀਂ ਬਲਕਿ ਨਫ਼ਰਤ ਦੀਆਂ ਦੀਵਾਰਾਂ ਢਾਹ ਕੇ ਮੁਹੱਬਤ ਦੇ ਪੁਲ ਉਸਾਰਨ ਦੇ ਸਾਧਨ ਵਜੋਂ ਵੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ ਸਥਾਪਨਾ 23 ਜੂਨ 1894 ਨੂੰ ਪੈਰਿਸ ਵਿੱਚ ਬੈਰਨ ਪੀਅਰੇ ਡੀ ਕੁਬਰਟਿਨ ਵੱਲੋਂ ਕੀਤੀ ਗਈ ਸੀ, ਜਿਨ੍ਹਾਂ ਨੂੰ ‘ਆਧੁਨਿਕ ਓਲੰਪਿਕ ਖੇਡਾਂ ਦਾ ਪਿਤਾਮਾ’ ਕਿਹਾ ਜਾਂਦਾ ਹੈ। ਇਸੇ ਸਥਾਪਨਾ ਸਦਕਾ 1896 ਵਿੱਚ ਯੂਨਾਨ ਦੀ ਰਾਜਧਾਨੀ ਏਥਨਜ਼ ਵਿੱਚ ਪਹਿਲੀ ਓਲੰਪਿਕ ਖੇਡਾਂ ਹੋਈਆਂ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਅਮਰ ਕ੍ਰਾਂਤੀ ਨੇ ਦੱਸਿਆ ਕਿ ਅੰਤਰਰਾਸ਼ਟਰੀ ਓਲੰਪਿਕ ਦਿਵਸ ਦੇ ਤਿੰਨ ਮੁੱਖ ਥੰਮ ਮੰਨੇ ਗਏ ਹਨ: ਪਹਿਲਾ ਥੰਮ ਹੈ ‘ਅੱਗੇ ਵਧੋ’, ਇਹ ਲੋਕਾਂ ਨੂੰ ਸਰੀਰਕ ਤੌਰ ’ਤੇ ਸਰਗਰਮ ਰਹਿਣ ਲਈ ਉਤਸ਼ਾਹਿਤ ਕਰਦਾ ਹੈ, ਜਿਸ ਵਿੱਚ ਦੌੜਨਾ, ਪੈਦਲ ਤੁਰਨਾ, ਯੋਗਾ, ਸਾਈਕਲਿੰਗ ਜਾਂ ਕੋਈ ਵੀ ਅਜਿਹੀ ਖੇਡ ਸ਼ਾਮਲ ਹੋ ਸਕਦੀ ਹੈ ਜੋ ਸਰੀਰ ਨੂੰ ਚੁਸਤ ਰੱਖੇ। ਦੂਜਾ ਥੰਮ ਹੈ ‘ਸਿੱਖੋ’, ਇਹ ਲੋਕਾਂ ਨੂੰ ਓਲੰਪਿਕ ਦਾ ਇਤਿਹਾਸ, ਕਦਰਾਂ-ਕੀਮਤਾਂ, ਨਿਰਪੱਖ ਹੋ ਕੇ ਖੇਡਣਾ, ਆਪਸੀ ਸਹਿਯੋਗ, ਸਨਮਾਨ ਅਤੇ ਅਨੁਸ਼ਾਸਨ ਬਾਰੇ ਜਾਗਰੂਕ ਕਰਦਾ ਹੈ। ਤੀਜਾ ਥੰਮ ਹੈ ‘ਖੋਜ’, ਇਹ ਲੋਕਾਂ ਨੂੰ ਨਵੀਆਂ ਖੇਡਾਂ, ਸੱਭਿਆਚਾਰਕ ਗਤੀਵਿਧੀਆਂ, ਫਿਟਨੈਸ ਚੁਣੌਤੀਆਂ ਅਤੇ ਓਲੰਪਿਕ ਪਰੰਪਰਾਵਾਂ ਦੀ ਪੜਚੋਲ ਕਰਨ ਲਈ ਪ੍ਰੇਰਿਤ ਕਰਦਾ ਹੈ। ਇਸ ਮੌਕੇ ਜੂਡੋ ਖਿਡਾਰੀਆਂ ਨੇ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਲਈ ਲਗਾਤਾਰ ਮਿਹਨਤ ਕਰਨ, ਨਸ਼ਿਆਂ ਤੋਂ ਦੂਰ ਰਹਿਣ, ਅਨੁਸ਼ਾਸਨ ਦੀ ਪਾਲਣਾ ਅਤੇ ਨਫ਼ਰਤ ਦੇ ਸੌਦਾਗਰ ਲੋਕਾਂ ਦੂਰ ਰਹਿਣ ਦੀ ਸੌਗੰਦ ਖਾਧੀ।
- Download Babushahi App
-
-