ਪੰਜਾਬ ਦੇ ਰਾਜਪਾਲ ਦੀ ਸੁਰੱਖਿਆ 'ਚ ਵੱਡੀ ਚੂਕ: ਵੀ.ਆਈ.ਪੀ. ਲੇਨ 'ਚ ਵੜੀ ਇਨੋਵਾ ਕਾਰ, ਫਿਰ ਵਾਪਰ ਗਿਆ ਹਾਦਸਾ, ਪੜ੍ਹੋ ਵੇਰਵੇ
ਬਾਬੂਸ਼ਾਹੀ ਬਿਊਰੋ
ਸਮਰਾਲਾ, 22 ਜੂਨ:
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਵੀ.ਵੀ.ਆਈ.ਪੀ. ਕਾਫਲੇ ਦੀ ਸੁਰੱਖਿਆ ਵਿੱਚ ਅੱਜ ਸਵੇਰੇ ਇੱਕ ਬੇਹੱਦ ਗੰਭੀਰ ਲਾਪਰਵਾਹੀ ਸਾਹਮਣੇ ਆਈ ਹੈ। ਚੰਡੀਗੜ੍ਹ ਤੋਂ ਲੁਧਿਆਣਾ ਜਾ ਰਹੇ ਰਾਜਪਾਲ ਦੇ ਕਾਫਲੇ ਨਾਲ ਸਮਰਾਲਾ ਦੇ ਘੁਲਾਲ ਟੋਲ ਪਲਾਜ਼ਾ 'ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਹ ਹਾਦਸਾ ਉਸ ਵੇਲੇ ਹੋਇਆ ਜਦੋਂ ਕਾਫਲੇ ਲਈ ਰਾਖਵੀਂ ਵੀ.ਆਈ.ਪੀ. ਲੇਨ ਵਿੱਚ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਅਚਾਨਕ ਇੱਕ ਨਿੱਜੀ ਇਨੋਵਾ ਕਾਰ ਦਾਖਲ ਹੋ ਗਈ।
ਸਵੇਰੇ ਕਰੀਬ 8 ਵਜੇ ਵਾਪਰੀ ਇਸ ਘਟਨਾ ਦੌਰਾਨ ਟੋਲ ਪਲਾਜ਼ਾ ਦੀ ਵੀ.ਆਈ.ਪੀ. ਲੇਨ ਵਿੱਚ ਇਨੋਵਾ ਕਾਰ ਦੇ ਅਚਾਨਕ ਆਉਣ ਕਾਰਨ ਹਫੜਾ-ਦਫੜੀ ਮਚ ਗਈ। ਕਾਫਲੇ ਦੇ ਪਿੱਛੇ ਚੱਲ ਰਹੀ ਸਰਕਾਰੀ ਐਂਬੂਲੈਂਸ ਦੇ ਡਰਾਈਵਰ ਨੇ ਟੱਕਰ ਤੋਂ ਬਚਣ ਲਈ ਤੁਰੰਤ ਬ੍ਰੇਕ ਲਗਾਉਣ ਦੀ ਕੋਸ਼ਿਸ਼ ਕੀਤੀ, ਪਰ ਗੱਡੀ ਤੇਜ਼ ਹੋਣ ਕਾਰਨ ਉਹ ਆਪਣਾ ਸੰਤੁਲਨ ਖੋਹ ਬੈਠਾ ਅਤੇ ਐਂਬੂਲੈਂਸ ਸਿੱਧੀ ਇਨੋਵਾ ਕਾਰ ਨਾਲ ਜਾ ਟਕਰਾਈ। ਇਹ ਟੱਕਰ ਇੰਨੀ ਜ਼ੋਰਦਾਰ ਸੀ ਕਿ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ।
ਇਸ ਦਰਦਨਾਕ ਹਾਦਸੇ ਵਿੱਚ ਐਂਬੂਲੈਂਸ ਦੇ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ (ਈ.ਐਮ.ਟੀ.) ਗੁਰਜੰਟ ਸਿੰਘ, ਜੋ ਕਿ ਤਰਨਤਾਰਨ ਦੇ ਰਹਿਣ ਵਾਲੇ ਹਨ, ਅਤੇ ਇਨੋਵਾ ਕਾਰ ਵਿੱਚ ਸਵਾਰ ਲੁਧਿਆਣਾ ਦੀ ਵਸਨੀਕ ਗੁਰਜੀਤ ਕੌਰ ਨਾਮੀ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਬਲ (ਐਸ.ਐਸ.ਐਫ.) ਦੀ ਟੀਮ ਨੇ ਤੁਰੰਤ ਮੋਰਚਾ ਸੰਭਾਲਿਆ ਅਤੇ ਦੋਵਾਂ ਜ਼ਖਮੀਆਂ ਨੂੰ ਇਲਾਜ ਲਈ ਸਮਰਾਲਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ। ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਰਾਜਪਾਲ ਦੇ ਕਾਫਲੇ ਵਿੱਚ ਸ਼ਾਮਲ ਕਿਸੇ ਹੋਰ ਵੀ.ਆਈ.ਪੀ. ਵਾਹਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਅਤੇ ਰਾਜਪਾਲ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਦੂਜੇ ਪਾਸੇ, ਰਾਜਪਾਲ ਵਰਗੀ ਉੱਚ ਸ਼ਖਸੀਅਤ ਦੇ ਕਾਫਲੇ ਦੇ ਲੰਘਣ ਸਮੇਂ ਇੱਕ ਆਮ ਨਾਗਰਿਕ ਦੀ ਗੱਡੀ ਦਾ ਰਾਖਵੀਂ ਲੇਨ ਵਿੱਚ ਵੜ ਜਾਣਾ ਪੁਲਿਸ ਅਤੇ ਸੁਰੱਖਿਆ ਪ੍ਰਬੰਧਾਂ 'ਤੇ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ। ਮੌਕੇ 'ਤੇ ਮੌਜੂਦ ਚਸ਼ਮਦੀਦਾਂ ਅਨੁਸਾਰ ਇਹ ਮਹਿਜ਼ ਇੱਕ ਸੜਕ ਹਾਦਸਾ ਨਹੀਂ, ਬਲਕਿ ਵੀ.ਵੀ.ਆਈ.ਪੀ. ਸੁਰੱਖਿਆ ਵਿੱਚ ਹੋਈ ਇੱਕ ਵੱਡੀ ਅਤੇ ਗੰਭੀਰ ਗਲਤੀ ਹੈ। ਘਟਨਾ ਤੋਂ ਤੁਰੰਤ ਬਾਅਦ ਉੱਚ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਟੋਲ ਪਲਾਜ਼ਾ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਹਾਲਾਂਕਿ, ਸੁਰੱਖਿਆ ਵਿੱਚ ਹੋਈ ਇਸ ਚੂਕ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਫਿਲਹਾਲ ਕੁਝ ਵੀ ਬੋਲਣ ਤੋਂ ਬਚ ਰਿਹਾ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।
- Download Babushahi App
-
-