ਕੈਨੇਡਾ ’ਚ ਐਂਟਰੀ ਨਾ ਮਿਲਣ ਮਗਰੋਂ ਅਕਾਲੀ ਆਗੂ ਪਰਮਬੰਸ ਸਿੰਘ ਰੋਮਾਣਾ ਨੂੰ ਵਾਪਸ ਭਾਰਤ ਭੇਜਿਆ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ/ਟੋਰਾਂਟੋ, 12 ਜੂਨ, 2026: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਰੋਮਾਣਾ ਨੂੰ ਕੈਨੇਡਾ ਵਿਚ ਐਂਟਰੀ ਨਾ ਮਿਲਣ ਮਗਰੋਂ ਹੁਣ ਉਹ ਵਾਪਸ ਭਾਰਤ ਆ ਰਹੇ ਹਨ। ਉਹਨਾਂ ਨੂੰ ਟੋਰਾਂਟੋ ਹਵਾਈ ਅੱਡੇ ’ਤੇ ਕੈਨੇਡਾ ਦੇ ਅਧਿਕਾਰੀਆਂ ਨੇ ਰੋਕਿਆ ਸੀ।
ਰੋਮਾਣਾ ਨੇ ਦੱਸਿਆ ਕਿ ਉਹਨਾਂ ਦੇ ਖਿਲਾਫ ਇਮੀਗ੍ਰੇਸ਼ਨ ਮੰਤਰਾਲੇ ਤੇ ਹਵਾਈ ਅੱਡੇ ਦੇ ਅਧਿਕਾਰੀਆਂ ਕੋਲ ਸ਼ਿਕਾਇਤ ਸੀ। ਉਹਨਾਂ ਦੱਸਿਆ ਕਿ ਸ਼ਿਕਾਇਤ ਵਿਚ ਉਹਨਾਂ ਦੇ ਸਾਰੇ ਕੇਸਾਂ ਦਾ ਵੇਰਵਾ ਸੀ ਤੇ ਅਦਾਲਤੀ ਸੁਣਵਾਈ ਦੇ ਵੇਰਵੇ ਵੀ ਸਨ। ਉਹਨਾਂ ਦੱਸਿਆ ਕਿ ਸ਼ਿਕਾਇਤ ਵਿਚ ਦਾਅਵਾ ਕੀਤਾ ਗਿਆ ਕਿ ਉਹ ਜਨਤਕ ਸੁਰੱਖਿਆ ਲਈ ਖ਼ਤਰਾ ਹਨ ਤੇ ਉਹ ਸਿਆਸੀ ਦੌਰੇ ’ਤੇ ਹਨ ਜਿਸਦੀ ਆਗਿਆ ਨਹੀਂ ਹੈ। ਇਸੇ ਲਈ ਉਹਨਾਂ ਨੂੰ ਐਂਟਰੀ ਨਹੀਂ ਦਿੱਤੀ ਗਈ ਤੇ ਹੁਣ ਉਹ ਵਾਪਸ ਭਾਰਤ ਜਾ ਰਹੇ ਹਨ। ਉਹਨਾਂ ਦੱਸਿਆ ਕਿ ਸ਼ਿਕਾਇਤਕਰਤਾ ਮਨੀਲਾ ਤੋਂ ਹੈ। ਉਹਨਾਂ ਕਿਹਾ ਕਿ ਇਹ ਸਾਰੇ ਕੇਸ ਸਿਆਸੀ ਹਨ ਤੇ ਸਰਕਾਰ ਖਿਲਾਫ ਰੋਸ ਧਰਨਿਆਂ ਦੇ ਨਤੀਜੇ ਵਜੋਂ ਦਰਜ ਹੋਏ ਹਨ। ਉਹਨਾਂ ਕਿਹਾ ਕਿ ਸਿਆਸੀ ਕੇਸਾਂ ਤੋਂ ਇਲਾਵਾ ਉਹਨਾਂ ਖਿਲਾਫ ਇਕ ਵੀ ਕੇਸ ਨਹੀਂ ਹੈ। ਉਹਨਾਂ ਕਿਹਾ ਕਿ ਇਸ ਸ਼ਿਕਾਇਤ ਪਿੱਛੇ ਆਮ ਆਦਮੀ ਪਾਰਟੀ ਦਾ ਹੱਥ ਹੈ ਤੇ ਅਕਾਲੀ ਦਲ ਨੂੰ ਐਨ ਆਰ ਆਈਜ਼ ਤੋਂ ਮਿਲੇ ਹੁੰਗਾਰੇ ਤੋਂ ਪਾਰਟੀ ਪ੍ਰੇਸ਼ਾਨ ਹੈ।
- Download Babushahi App
-
-