ਭਾਜਪਾ ਨਾਲ ਗਠਜੋੜ ਦੇ ਸਵਾਲ 'ਤੇ ਸੁਖਬੀਰ ਬਾਦਲ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ?
ਸੁਖਬੀਰ ਸਿੰਘ ਬਾਦਲ ਦਾ ਵੱਡਾ ਦਾਅਵਾ: ਬੋਲੇ- "2027 'ਚ ਬਣਾਵਾਂਗੇ ਸਰਕਾਰ, 'ਆਪ' ਵਿੱਚ ਗਏ ਵਰਕਰਾਂ ਦੀ ਅਕਾਲੀ ਦਲ 'ਚ ਹੋਵੇਗੀ ਵਾਪਸੀ"
Babushahi Network
ਚੰਡੀਗੜ੍ਹ, 11 ਜੂਨ 2026- ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਇੱਕ ਵੱਡਾ ਬਿਆਨ ਜਾਰੀ ਕੀਤਾ ਹੈ। ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਜ਼ਮੀਨੀ ਪੱਧਰ 'ਤੇ ਲਗਾਤਾਰ ਮਜ਼ਬੂਤ ਹੋ ਰਿਹਾ ਹੈ ਅਤੇ ਪਾਰਟੀ ਹਰ ਇੱਕ ਵਰਕਰ ਤੱਕ ਨਿੱਜੀ ਪਹੁੰਚ ਬਣਾ ਰਹੀ ਹੈ। ਉਨ੍ਹਾਂ ਭਵਿੱਖੀ ਰਣਨੀਤੀ ਸਪੱਸ਼ਟ ਕਰਦਿਆਂ ਕਿਹਾ ਕਿ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ, ਪੰਜਾਬ ਵਿੱਚ ਅਸੀਂ ਸਰਕਾਰ ਬਣਾਵਾਂਗੇ।
ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ਪੱਤਰਕਾਰਾਂ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਭਾਰਤੀ ਜਨਤਾ ਪਾਰਟੀ (BJP) ਨਾਲ ਮੁੜ ਗਠਜੋੜ ਕਰਨ ਬਾਰੇ ਸਵਾਲ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਇਸ 'ਤੇ ਕੋਈ ਸਿੱਧਾ ਜਵਾਬ ਨਹੀਂ ਦਿੱਤਾ। ਗਠਜੋੜ ਦੀਆਂ ਅਟਕਲਾਂ 'ਤੇ ਪਰਦਾ ਪਾਉਂਦਿਆਂ ਬਾਦਲ ਨੇ ਕਿਹਾ, "ਸਾਡਾ ਫਿਲਹਾਲ ਸਾਰਾ ਧਿਆਨ ਅਤੇ ਕੰਮ ਸਿਰਫ਼ ਤੇ ਸਿਰਫ਼ ਪਾਰਟੀ ਨੂੰ ਮਜ਼ਬੂਤ ਕਰਨ ਲਈ ਚੱਲ ਰਿਹਾ ਹੈ।"
ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ (AAP) 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜੋ ਅਕਾਲੀ ਵਰਕਰ ਅਤੇ ਆਗੂ ਪਾਰਟੀ ਛੱਡ ਕੇ 'ਆਪ' ਵਿੱਚ ਸ਼ਾਮਲ ਹੋ ਗਏ ਸਨ, ਹੁਣ ਉਨ੍ਹਾਂ ਨੂੰ ਵਾਪਸ ਲਿਆਉਣ ਦੀ ਵੱਡੀ ਤਿਆਰੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਪੁਰਾਣੇ ਸਾਥੀਆਂ ਨੂੰ ਮੁੜ ਅਕਾਲੀ ਦਲ ਦੇ ਬੈਨਰ ਹੇਠ ਇਕੱਠਾ ਕੀਤਾ ਜਾਵੇਗਾ ਤਾਂ ਜੋ 2027 ਦੀਆਂ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕੀਤੀ ਜਾ ਸਕੇ।
- Download Babushahi App
-
-