6 ਜੂਨ ਲਈ ਬਾਬੂ ਰਜ਼ਬ
ਅਲੀ ਜੀ ਦੀ ਬਰਸੀ 'ਤੇ ਵਿਸ਼ੇਸ:
---
ਬਾਬੂ ਰਜ਼ਬ ਅਲੀ ਕਵੀਸ਼ਰੀ ਦੇ ਬਾਦਸ਼ਾਹ- ਗਿਆਨ ਸਿੰਘ
*ਸਰਹੱਦਾਂ ਤੋਂ ਪਾਰ - ਕਵੀਸ਼ਰੀ ਦਾ ਬਾਦਸ਼ਾਹ ਬਾਬੂ ਰਜਬ ਅਲੀ*
---------
ਜਿਲ੍ਹਾ ਮੋਗਾ(ਪਹਿਲਾਂ ਫਿਰੋਜ਼ਪੁਰ ਤੇ ਫੇਰ ਫਰੀਦਕੋਟ) ਦੇ ਪਿੰਡ ਸਾਹੋਕੇ 'ਚ 10
ਅਗਸਤ 1894 ਜਨਮੇ ਰਜਬ ਅਲੀ ਖਾਨ ਬਾਰੇ ਕੌਣ ਜਾਣਦਾ ਸੀ ਕਿ ਇੱਕ ਦਿਨ ਮਾਲਵੇ ਦੀ ਹਰ ਸੱਥ 'ਚ
ਉਸ ਦਾ ਨਾਂਅ *"ਬਾਬੂ ਜੀ"* ਬਣ ਕੇ ਗੂੰਜੇਗਾ। ਮੁਸਲਮਾਨ ਰਾਜਪੂਤ ਘਰਾਣੇ 'ਚ ਪਿਤਾ ਧਮਾਲੀ ਖਾਨ ਦੇ ਘਰ ਮਾਤਾ ਜਿਉਣੀ ਦੀ ਕੁੱਖੋ ਜਨਮੇ ਇਸ ਬੱਚੇ ਨੂੰ ਕਵੀਸ਼ਰੀ ਦੀ ਗੁੜ੍ਹਤੀ ਵਿਰਸੇ 'ਚ ਮਿਲੀ। ਪਿਤਾ ਧਮਾਲੀ ਖਾਨ ਤੇ ਚਾਚਾ ਹਾਜੀ ਰਤਨ 19ਵੀਂ ਸਦੀ ਦੇ ਨਾਮੀ ਕਵੀਸ਼ਰ ਸਨ। ਪਰ ਰਜ਼ਬ ਅਲੀ ਨੇ ਕਵੀਸ਼ਰੀ ਨੂੰ ਸਿਰਫ਼ ਗਾਇਆ ਨਹੀਂ, ਉਸ ਨੂੰ
ਬਾਦਸ਼ਾਹਤ ਬਖ਼ਸ਼ ਦਿੱਤੀ।
*ਕਵੀਸ਼ਰੀ ਕੀ ਹੈ?*
ਮਾਲਵੇ ਦੀ ਧਰਤੀ ਦੀ ਦੇਣ ਕਵੀਸ਼ਰੀ "ਛੰਦ-ਬੱਧ" ਕਵਿਤਾ ਹੈ ਜੋ ਬਿਨਾਂ ਕਿਸੇ ਸਾਜ਼ ਤੋਂ ਉੱਚੀ, ਤੇਜ਼ ਅਵਾਜ਼ ਵਿਚ ਖਿੱਚ ਕੇ ਗਾਈ ਜਾਂਦੀ ਹੈ। ਮੇਲਿਆਂ, ਵਿਆਹਾਂ ਤੇ ਦੀਵਾਨਾਂ ਚ ਗਾਈ ਜਾਂਦੀ ਇਸ ਕਲਾ ਦਾ ਬੇਤਾਜ ਬਾਦਸ਼ਾਹ ਬਣਿਆ ਬਾਬੂ ਰਜਬ ਅਲੀ।
*ਬਾਬੂ ਜੀ ਬਣਨ ਦਾ ਸਫ਼ਰ*
ਰਜ਼ਬ ਅਲੀ ਨੇ ਮੁੱਢਲੀ ਪੜ੍ਹਾਈ ਬੰਬੀਹਾ ਪਿੰਡ ਤੋਂ ਕੀਤੀ। 1912 'ਚ ਬਰਜਿੰਦਰਾ ਹਾਈ ਸਕੂਲ, ਫਰੀਦਕੋਟ ਤੋਂ ਮੈਟ੍ਰਿਕ ਪਾਸ ਕਰਕੇ ਗੁਜਰਾਤ ਤੋਂ ਸਿਵਲ ਇੰਜਨੀਅਰਿੰਗ ਦਾ ਡਿਪਲੋਮਾ ਕੀਤਾ, ਜਿਸ ਨੂੰ ਉਨ੍ਹਾਂ ਦਿਨਾਂ 'ਚ "ਓਵਰਸੀਅਰੀ" ਕਹਿੰਦੇ ਸਨ। ਸਾਰੀ ਉਮਰ ਨਹਿਰ ਮਹਿਕਮੇ 'ਚ ਓਵਰਸੀਅਰ ਰਹੇ। ਨਹਿਰਾਂ ਕੱਢਣ ਵਾਲੇ ਇਸ ਅਫ਼ਸਰ ਨੂੰ ਲੋਕ ਪਿਆਰ ਨਾਲ
*"ਬਾਬੂ ਜੀ"* ਕਹਿਣ ਲੱਗੇ। ਪਹਿਲੀ ਨੌਕਰੀ ਪਿਸ਼ਾਵਰ ਲੱਗੀ। ਜਗਰਾਉਂ ਦੇ ਅਖਾੜਾ, ਬਸਰਾ, ਬਗਦਾਦ ਤੱਕ ਗਏ। ਪਰ ਕਲਮ ਕਦੇ ਨਾ ਛੱਡੀ।
*72 ਕਲਾ ਛੰਦ ਦਾ ਸਿਰਜਣਹਾਰ*
ਬਾਬੂ ਜੀ ਦੀ ਸਭ ਤੋਂ ਵੱਡੀ ਦੇਣ ਹੈ *"ਬਹੱਤਰ ਕਲਾ ਛੰਦ"*
72 ਕਿਸਮ ਦੇ ਛੰਦ ਈਜਾਦ
ਕੀਤੇ। ਠੇਠ ਮਲਵਈ 'ਚ ਲਿਖਿਆ। 86 ਪੰਜਾਬੀ ਲੋਕ-ਕਥਾਵਾਂ ਨੂੰ ਕਵੀਸ਼ਰੀ 'ਚ ਬੰਨ੍ਹਿਆ। ਹੀਰ-ਰਾਂਝਾ, ਮਿਰਜ਼ਾ-ਸਾਹਿਬਾਂ, ਦੁੱਲਾ-ਭੱਟੀ, ਪੂਰਨ-ਭਗਤ, ਸ਼ਹੀਦੀ ਗੁਰੂ ਅਰਜਨ ਦੇਵ ਜੀ, ਸਾਕਾ ਚਮਕੌਰ - ਕੋਈ ਅਜਿਹਾ ਵਿਸ਼ਾ ਨਹੀਂ ਜੋ ਬਾਬੂ ਜੀ ਦੀ ਕਲਮ ਤੋਂ ਬਚਿਆ ਹੋਵੇ।
ਦਿਲਚਸਪ ਗੱਲ ਹੈ ਕਿ ਹਿੰਦੂ ਨਾਇਕਾਂ 'ਤੇ ਜ਼ਿਆਦਾਤਰ ਕਿੱਸੇ ਪਾਕਿਸਤਾਨ ਜਾ ਕੇ ਲਿਖੇ। ਧਰਮ ਦੀਆਂ ਕੰਧਾਂ ਉਨ੍ਹਾਂ ਦੀ ਕਲਮ ਲਈ ਕਦੇ ਰੁਕਾਵਟ ਨਾ ਬਣੀਆਂ।
*1947 - ਵੰਡ ਦਾ ਦਰਦ*
ਇਹ ਉਹ ਸਮਾਂ ਸੀ ਜਿਸ ਨੇ ਬਾਬੂ ਜੀ ਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ। 1947 'ਚ ਆਪਣਾ ਪਿੰਡ ਸਾਹੋਕੇ, ਸ਼ਗਿਰਦ, ਵਿਰਾਸਤ ਛੱਡ ਕੇ ਪਰਿਵਾਰ ਸਮੇਤ ਪਾਕਿਸਤਾਨ ਚਲੇ ਗਏ। ਬਾਬੂ
ਰਜ਼ਬ ਅਲੀ 4 ਭੈਣਾਂ ਤੇ ਭਰਾਵਾਂ ਵਿਚੋੰ ਤੀਜੇ ਨੰਬਰ ਤੇ ਸੀ।ਬਾਬੂ ਜੀ ਦੀਆਂ ਚਾਰ
ਪਤਨੀਆਂ ਭਾਗੋ ਬੇਗਮ,ਰਹਿਮਤ ਬੀਬੀ, ਫਾਤਿਮਾ ਅਤੇ ਦੌਲਤ ਬੀਬੀ ਸਨ। ਉਹਨਾਂ ਦੇ ਛੇ ਬੱਚੇ ਚਾਰ ਪੁੱਤਰ
ਅਕਾਲ ਖਾਨ, ਸ਼ਮਸ਼ੇਰ ਖਾਨ / ਰਾਜਾ ਸ਼ਮਸ਼ੇਰ ਅਲੀ ਖਾਨ (2017 'ਚ ਅਕਾਲ ਚਲਾਣਾ ਕਰ
ਗਏ) ਅਦਾਲਤ ਖਾਨ ਅਤੇ ਅਲੀ ਸਰਦਾਰ ਅਤੇ ਦੋ ਧੀਆਂ
ਸ਼ਮਸ਼ਾਦ ਬੇਗਮ ਅਤੇ
ਗੁਲਜ਼ਾਰ ਬੇਗਮ ਹਨ। ਉਹ
1947 ਵਿਚ ਚੱਕ 32/2L, ਜ਼ਿਲ੍ਹਾ ਓਕਾੜਾ, ਪੰਜਾਬ ਪਾਕਿਸਤਾਨ 'ਚ ਜਾ ਵਸੇ। ਓਕਾੜਾ ਸ਼ਹਿਰ ਤੋਂ 13 ਕਿਲੋਮੀਟਰ ਦੂਰ ਹੈ। ਬਾਬੂ ਜੀ ਨੂੰ
ਓਕਾੜਾ ਦੇ ਚੱਕ 32/2L 'ਚ ਜ਼ਮੀਨ ਅਲਾਟ ਹੋਈ। ਪਰ ਸਰੀਰ ਪਾਕਿਸਤਾਨ ਗਿਆ, ਰੂਹ ਮਾਲਵੇ 'ਚ ਰਹਿ ਗਈ। ਵੰਡ ਤੋਂ ਬਾਅਦ ਲਿਖੀ ਕਵੀਸ਼ਰੀ ਪੜ੍ਹੋ ਤਾਂ ਕਲੇਜਾ ਮੂੰਹ ਨੂੰ ਆਉਂਦਾ ਹੈ:
ਸੋਹਣੀਏ ਸਾਹੋ ਪਿੰਡ ਦੀਏ ਵੀਹੇ,
ਬਚਪਨ ਦੇ ਵਿੱਚ ਪੜ੍ਹੇ ਬੰਬੀਹੇ।
ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ_
_ਮੈਨੂੰ ਉੱਠਦੇ ਬੈਹਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ_
*ਮਾਰਚ 1965 - ਮਾਲਵੇ ਦਾ ਮੇਲ*
18 ਸਾਲਾਂ ਦੀ ਤੜਪ ਤੋਂ ਬਾਅਦ *ਮਾਰਚ 1965 'ਚ ਬਾਬੂ ਜੀ ਚੜ੍ਹਦੇ ਪੰਜਾਬ ਆਏ*। ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ, ਹਜ਼ਾਰਾਂ ਕਵੀਸ਼ਰ, ਸਰੋਤੇ ਆਪਣੇ ਪਿਆਰੇ ਬਾਬੂ ਜੀ ਨੂੰ ਮਿਲਣ ਪਹੁੰਚੇ। ਉਹ ਮੇਲਾ ਨਹੀਂ, ਮਾਲਵੇ ਦੀ ਰੂਹ ਦਾ ਮੇਲ ਸੀ। ਬਾਬੂ ਜੀ ਆਪਣੇ ਜੱਦੀ
ਪਿੰਡ ਸਾਹੋਕੇ ਵੀ ਗਏ। ਪਿੰਡ ਦੀ ਮਿੱਟੀ ਨੂੰ ਮੱਥਾ ਟੇਕ ਕੇ ਰੋ ਪਏ। ਕਹਿੰਦੇ, _"ਮੈਂ
ਪਾਕਿਸਤਾਨ 'ਚ ਰਹਿ ਕੇ ਵੀ ਮਾਲਵੇ ਦਾ ਹੀ ਰਿਹਾ"_।
*ਖੋਜ ਦਾ ਵਿਸ਼ਾ ਬਣੇ ਬਾਬੂ ਜੀ*
ਬਾਬੂ ਰਜ਼ਬ ਅਲੀ ਜੀ 'ਤੇ ਯੂਨੀਵਰਸਿਟੀਆਂ 'ਚ ਖੋਜ ਹੋਈ।
*ਪ੍ਰੋ. ਰੁਲੀਆ ਸਿੰਘ ਸਿੱਧੂ*
ਜੋ ਪਿੰਡ ਪੰਜਗਰਾਈਂ ਕਲਾਂ, ਫਰੀਦਕੋਟ ਦੇ ਜੰਮਪਲ ਹਨ ਤੇ ਬਰਜਿੰਦਰਾ ਕਾਲਜ ਫਰੀਦਕੋਟ, ਗੁਰੂ ਨਾਨਕ ਕਾਲਜ ਰੋਡੇ 'ਚ ਪ੍ਰੋਫੈਸਰ ਤੇ ਸ਼ਹੀਦ ਭਗਤ ਸਿੰਘ ਕਾਲਜ ਕੋਟਕਪੂਰਾ ਦੇ ਪ੍ਰਿੰਸੀਪਲ ਰਹੇ, ਉਨ੍ਹਾਂ ਨੇ ਬਾਬੂ ਜੀ ਦੀ ਕਵੀਸ਼ਰੀ 'ਤੇ Ph.D ਕੀਤੀ। *ਡਾ. ਆਤਮ ਹਮਰਾਹੀ* ਜੋ ਮੋਗਾ ਦੇ ਰਹਿਣ ਵਾਲੇ ਸਨ ਤੇ ਸਰਕਾਰੀ ਸਕੂਲ ਨੱਥੂਵਾਲਾ ਜ਼ਦੀਦ 'ਚ
ਪੜ੍ਹਾਉਂਦੇ ਸਨ, ਉਨ੍ਹਾਂ ਨੇ _"ਕਵੀਸ਼ਰੀ ਦਾ ਬਾਦਸ਼ਾਹ: ਬਾਬੂ ਰਜਬ ਅਲੀ" ਖੋਜ਼ ਕਰਕੇ ਕਿਤਾਬ ਲਿਖ ਕੇ ਬਾਬੂ ਜੀ ਨੂੰ ਅਮਰ ਕਰ ਦਿੱਤਾ।
*ਸਾਹੋਕੇ ਵਾਸੀ ਨਹੀਂ ਭੁੱਲੇ ਬਾਬੂ ਰਜ਼ਬ ਅਲੀ ਨੂੰ *
ਪਿੰਡ ਸਾਹੋਕੇ ਵਾਲਿਆਂ ਨੇ ਬਾਬੂ ਜੀ ਨੂੰ ਭੁਲਾਇਆ ਨਹੀਂ। ਪਿੰਡ ਦੇ ਮੁੱਖ ਰਸਤੇ 'ਤੇ "ਬਾਬੂ ਰਜਬ ਅਲੀ ਯਾਦਗਾਰੀ ਗੇਟ"* ਬਣਾਇਆ। ਹਰ ਸਾਲ 10 ਅਗਸਤ ਨੂੰ *"ਬਾਬੂ ਰਜਬ ਅਲੀ
ਕਵੀਸ਼ਰੀ ਮੇਲਾ"* ਲਗਦਾ ਹੈ। ਸਰਕਾਰੀ ਸਕੂਲ ਦਾ ਨਾਂਅ *"ਬਾਬੂ ਰਜਬ ਅਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ"* ਹੈ। ਬਾਬੂ ਜੀ ਦੀ ਹਵੇਲੀ ਅੱਜ ਵੀ ਪਿੰਡ 'ਚ ਖੜ੍ਹੀ ਹੈ। ਬਾਬੂ ਰਜ਼ਬ ਅਲੀ ਦੀ ਯਾਦ ਵਿਚ ਲਾਇਬਰੇਰੀ ਵੀ ਖੋਲ੍ਹੀ ਗਈ ਹੈ।
*6 ਜੂਨ 1979 - ਆਖ਼ਰੀ ਸਾਹ*
84 ਸਾਲ ਦੀ ਉਮਰ 'ਚ ਚੱਕ 32/2L, ਓਕਾੜਾ 'ਚ ਬਾਬੂ ਜੀ ਅਕਾਲ ਚਲਾਣਾ ਕਰ ਗਏ। ਜਾਂਦੇ-ਜਾਂਦੇ ਵੀ ਪੰਜਾਬ ਦੇ ਗੀਤ ਗਾਉਂਦੇ ਗਏ। ਕਹਿੰਦੇ ਸਨ *"ਪੰਜਾਬੀ ਮੇਰਾ ਧਰਮ ਹੈ"*।
ਬਾਬੂ ਰਜਬ ਅਲੀ ਸਿਰਫ਼ ਕਵੀਸ਼ਰ ਨਹੀਂ ਸਨ। ਉਹ ਦੋਹਾਂ ਮੁਲਕਾਂ ਵਿਚ ਪੁਲ ਸਨ - ਜੋ 1947 ਦੀ ਵੰਡ ਵੀ ਨਾ ਤੋੜ ਸਕੀ। ਉਹ ਆਵਾਜ਼ ਸਨ - ਜੋ ਅੱਜ ਵੀ ਮਾਲਵੇ ਦੀ ਹਰ ਸੱਥ 'ਚ ਗੂੰਜਦੀ ਹੈ। ਉਹ ਸਬੂਤ ਹਨ ਕਿ ਮੁਹੱਬਤ ਦੀ ਕੋਈ ਸਰਹੱਦ ਨਹੀਂ ਹੁੰਦੀ।
ਅੱਜ 6 ਜੂਨ ਨੂੰ ਜਦੋਂ ਅਸੀਂ ਬਾਬੂ ਜੀ ਨੂੰ ਯਾਦ ਕਰ ਰਹੇ ਹਾਂ, ਤਾਂ ਸਿਰਫ਼ ਇੱਕ
ਸ਼ਾਇਰ ਨੂੰ ਨਹੀਂ, ਦੋਵੇਂ ਪੰਜਾਬਾਂ ਦੀ ਸਾਂਝੀ ਰੂਹ ਨੂੰ ਸਲਾਮ ਕਰ ਰਹੇ ਹਾਂ।
ਬਾਬੂ ਜੀ ਦਾ ਇੱਕ ਸ਼ੇਅਰ ਅਰਪਣ ਹੈ:
ਮਰ ਕੇ ਵੀ ਨਾ ਮੁੱਕਣਗੀਆਂ, ਵਤਨ ਦੀਆਂ ਤਾਂਘਾਂ,
ਸਾਹੋਕੇ ਦੀ ਮਿੱਟੀ ਦਾ ਮੋਹ, ਰੂਹ 'ਚ ਵਸਦੀਆਂ ਰਹਿਣਗੀਆਂ_
*********
ਗਿਆਨ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਫਸਰ,
ਨਿਊ ਦਸ਼ਮੇਸ ਨਗਰ,
ਮੋਗਾ।
ਫੋਨ 9815784100

-
ਗਿਆਨ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਫਸਰ,
gyankhiva@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.