ਆਧਾਰ ਕਾਰਡ ਦੀ ਦੁਰਵਰਤੋਂ! ਨੌਜਵਾਨ ਨੂੰ ਬਣਾਇਆ 'ਨਸ਼ੇੜੀ', ਸਰਕਾਰੀ ਰਿਕਾਰਡ 'ਚੋਂ ਨਾਮ ਕਢਵਾਉਣ ਲਈ ਦਰ-ਦਰ ਭਟਕ ਰਿਹਾ ਪੀੜਤ
ਸੁਖਮਿੰਦਰ ਭੰਗੂ
ਲੁਧਿਆਣਾ 12 ਜੂਨ 2026- ਲੁਧਿਆਣਾ ਦੇ ਬੀਜਾ ਇਲਾਕੇ ਦੇ ਇੱਕ ਨੌਜਵਾਨ ਨਾਲ ਵਾਪਰੀ ਇੱਕ ਹੈਰਾਨੀਜਨਕ ਘਟਨਾ ਨੇ ਸਿਹਤ ਵਿਭਾਗ ਅਤੇ ਪ੍ਰਸ਼ਾਸਨਿਕ ਪ੍ਰਣਾਲੀ ਦੀ ਕਾਰਗੁਜ਼ਾਰੀ 'ਤੇ ਵੱਡੇ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ। ਪੀੜਤ ਤਰਸੇਮ ਭਾਰਦਵਾਜ ਉਦੋਂ ਡੂੰਘੇ ਸਦਮੇ ਵਿੱਚ ਆ ਗਿਆ, ਜਦੋਂ ਉਸਨੂੰ ਪਤਾ ਲੱਗਾ ਕਿ ਉਸ ਦੇ ਆਧਾਰ ਕਾਰਡ ਦੀ ਦੁਰਵਰਤੋਂ ਕਰਕੇ ਖੰਨਾ ਦੇ ਇੱਕ ਪ੍ਰਾਈਵੇਟ ਡੀ-ਐਡਿਕਸ਼ਨ ਸੈਂਟਰ ਤੋਂ ਉਸ ਦੇ ਨਾਮ 'ਤੇ ਨਸ਼ਾ ਛੁਡਾਊ ਦਵਾਈ 'ਬਿਊਪ੍ਰੇਨੋਰਫਿਨ' ਦੀਆਂ 98 ਗੋਲੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਨ ਸਰਕਾਰੀ ਰਿਕਾਰਡ ਵਿੱਚ ਉਹ ਇੱਕ 'ਨਸ਼ੇੜੀ' ਵਜੋਂ ਦਰਜ ਹੋ ਗਿਆ ਹੈ।
ਇਸ ਘਿਨਾਉਣੇ ਕਾਂਡ ਦਾ ਖੁਲਾਸਾ ਉਦੋਂ ਹੋਇਆ ਜਦੋਂ ਤਰਸੇਮ ਪਿਛਲੇ ਸਾਲ 12 ਨਵੰਬਰ ਨੂੰ ਆਰਮਜ਼ ਲਾਇਸੈਂਸ ਲਈ ਜ਼ਰੂਰੀ ਡੋਪ ਟੈਸਟ ਕਰਵਾਉਣ ਸਿਵਲ ਹਸਪਤਾਲ ਲੁਧਿਆਣਾ ਪਹੁੰਚਿਆ। ਉੱਥੇ ਉਸ ਨੂੰ ਦੱਸਿਆ ਗਿਆ ਕਿ ਉਹ ਲਾਇਸੈਂਸ ਨਹੀਂ ਬਣਵਾ ਸਕਦਾ ਕਿਉਂਕਿ ਨਸ਼ਾ ਛੁਡਾਊ ਪੋਰਟਲ 'ਤੇ ਉਸ ਦਾ ਨਾਮ ਪਹਿਲਾਂ ਹੀ ਦਰਜ ਹੈ ਅਤੇ ਉਸ ਨੂੰ ਭਾਰੀ ਮਾਤਰਾ ਵਿੱਚ ਦਵਾਈ ਦਿੱਤੀ ਜਾ ਚੁੱਕੀ ਹੈ। ਹਾਲਾਂਕਿ, ਤਰਸੇਮ ਨੇ ਮੌਕੇ 'ਤੇ ਡੋਪ ਟੈਸਟ ਕਰਵਾਇਆ, ਜਿਸ ਵਿੱਚ ਉਹ ਪੂਰੀ ਤਰ੍ਹਾਂ ਨਸ਼ਾ ਮੁਕਤ ਪਾਇਆ ਗਿਆ, ਪਰ ਸਰਕਾਰੀ ਰਿਕਾਰਡ ਵਿੱਚ ਉਸ ਦੀ ਬਦਨਾਮੀ ਹੋ ਚੁੱਕੀ ਸੀ।
ਇਨਸਾਫ ਦੀ ਭਾਲ ਵਿੱਚ ਭਟਕ ਰਹੇ ਤਰਸੇਮ ਨੇ ਐਸਐਸਪੀ ਖੰਨਾ ਅਤੇ ਡੀਸੀ ਨੂੰ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਸਾਈਬਰ ਸੈੱਲ ਨੇ ਜਾਂਚ ਸ਼ੁਰੂ ਕੀਤੀ। ਤਰਸੇਮ ਦਾ ਦੋਸ਼ ਹੈ ਕਿ ਪੁਲਿਸ ਨੇ ਉਨ੍ਹਾਂ ਦੀ ਸ਼ਿਕਾਇਤ ਨੂੰ ਇਹ ਕਹਿ ਕੇ ਬੰਦ ਕਰ ਦਿੱਤਾ ਕਿ ਉਸ ਦਾ ਫ਼ੋਨ ਬੰਦ ਆ ਰਿਹਾ ਸੀ, ਜਦਕਿ ਅਪ੍ਰੈਲ ਮਹੀਨੇ ਵਿੱਚ ਆਰਟੀਆਈ ਰਾਹੀਂ ਪੁਲਿਸ ਨੇ ਉਸ ਨੂੰ ਲਿਖਤੀ ਜਵਾਬ ਦਿੱਤਾ ਸੀ ਕਿ ਮਾਮਲਾ ਅਜੇ ਪ੍ਰਕਿਰਿਆ ਅਧੀਨ ਹੈ। ਇੰਨਾ ਹੀ ਨਹੀਂ, ਏਡੀਸੀ ਖੰਨਾ ਦੀ ਅਗਵਾਈ ਵਿੱਚ ਬਣੀ ਪੰਜ ਮੈਂਬਰੀ ਕਮੇਟੀ ਦੀ ਜਾਂਚ ਰਿਪੋਰਟ ਵੀ ਅੱਜ ਤੱਕ ਇੱਕ ਰਹੱਸ ਬਣੀ ਹੋਈ ਹੈ।
ਆਪਣੀ ਇੱਜ਼ਤ ਅਤੇ ਭਵਿੱਖ ਨੂੰ ਦਾਅ 'ਤੇ ਲੱਗਿਆ ਦੇਖ ਤਰਸੇਮ ਭਾਰਦਵਾਜ ਨੇ ਹੁਣ ਡੀਆਈਜੀ ਲੁਧਿਆਣਾ ਰੇਂਜ ਨੂੰ ਨਵੇਂ ਸਿਰੇ ਤੋਂ ਸ਼ਿਕਾਇਤ ਸੌਂਪ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਅਤੇ ਉਸ ਦਾ ਨਾਮ ਇਸ ਕਲੰਕਿਤ ਪੋਰਟਲ ਤੋਂ ਹਟਾਉਣ ਦੀ ਮੰਗ ਕੀਤੀ ਹੈ। ਪੀੜਤ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਆਧਾਰ ਕਾਰਡ ਰਾਹੀਂ ਨਸ਼ੀਲੇ ਪਦਾਰਥਾਂ ਦੀ ਇਸ ਗੈਰ-ਕਾਨੂੰਨੀ ਵੰਡ ਦੀ ਜਾਂਚ ਨਾ ਕੀਤੀ ਗਈ, ਤਾਂ ਭਵਿੱਖ ਵਿੱਚ ਕਈ ਹੋਰ ਨਿਰਦੋਸ਼ ਲੋਕ ਵੀ ਇਸ ਰੈਕੇਟ ਦਾ ਸ਼ਿਕਾਰ ਹੋ ਸਕਦੇ ਹਨ।
- Download Babushahi App
-
-