ਕੇਵਲ ਢਿੱਲੋਂ ਦਾ CM ਮਾਨ 'ਤੇ ਤਿੱਖਾ ਹਮਲਾ! ਬੋਲੇ- ਇਹ ਭ੍ਰਿਸ਼ਟਾਚਾਰ 'ਤੇ ਵਾਰ ਹੈ, ਨਾ ਕਿ ਵਪਾਰੀਆਂ 'ਤੇ!
ਕੇਂਦਰੀ ਏਜੰਸੀਆਂ ਸਿਰਫ਼ ਕਾਨੂੰਨ ਮੁਤਾਬਕ ਆਪਣਾ ਕੰਮ ਕਰ ਰਹੀਆਂ ਹਨ, ਵਪਾਰੀ ਸਾਡੇ ਸਿਰ ਦਾ ਤਾਜ: ਪੰਜਾਬ ਭਾਜਪਾ ਪ੍ਰਧਾਨ
ਸਾਢੇ 4 ਸਾਲਾਂ ਵਿੱਚ 1 ਰੁਪਏ ਦਾ ਨਿਵੇਸ਼ ਨਹੀਂ ਹੋਇਆ, 'ਆਪ' ਦੀਆਂ ਨਾਕਾਮੀਆਂ ਕਰਕੇ ਯੂਪੀ-ਹਰਿਆਣਾ ਜਾ ਰਹੇ ਨੇ ਪੰਜਾਬ ਦੇ ਕਾਰੋਬਾਰੀ
Babushahi Network
ਚੰਡੀਗੜ੍ਹ, 9 ਜੂਨ 2026- ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸੂਬੇ ਦੀ ਆਮ ਆਦਮੀ ਪਾਰਟੀ (AAP) ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਇੱਕ ਵੱਡਾ ਬਿਆਨ ਜਾਰੀ ਕਰਦਿਆਂ ਤਿੱਖੇ ਸਿਆਸੀ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕੇਂਦਰੀ ਏਜੰਸੀਆਂ ਦੀ ਕਾਰਵਾਈ ਦਾ ਬਚਾਅ ਕਰਦਿਆਂ ਸਵਾਲ ਚੁੱਕਿਆ ਕਿ ਅਖ਼ੀਰ ਭ੍ਰਿਸ਼ਟਾਚਾਰ ਖ਼ਿਲਾਫ਼ ਹੋ ਰਹੀ ਕਾਰਵਾਈ ਤੋਂ 'ਆਪ' ਸਰਕਾਰ ਨੂੰ ਇੰਨੀ ਤਕਲੀਫ਼ ਕਿਉਂ ਹੋ ਰਹੀ ਹੈ? ਉਨ੍ਹਾਂ ਸਪੱਸ਼ਟ ਕੀਤਾ ਕਿ ਕੇਂਦਰੀ ਏਜੰਸੀਆਂ ਕਿਸੇ ਸਿਆਸੀ ਰੰਜਿਸ਼ ਤਹਿਤ ਨਹੀਂ, ਬਲਕਿ ਸਿਰਫ਼ ਕਾਨੂੰਨ ਮੁਤਾਬਕ ਆਪਣਾ ਕੰਮ ਕਰ ਰਹੀਆਂ ਹਨ।
ਪੰਜਾਬ ਦੇ ਕਾਰੋਬਾਰੀਆਂ ਦੇ ਹੱਕ ਵਿੱਚ ਬੋਲਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਵਪਾਰੀ ਸਾਡੇ ਸਿਰ ਦਾ ਤਾਜ ਹਨ ਅਤੇ ਭਾਜਪਾ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੇ ਲਫ਼ਜ਼ਾਂ ਵਿੱਚ ਤਾੜਨਾ ਕਰਦਿਆਂ ਭਾਜਪਾ ਪ੍ਰਧਾਨ ਨੇ ਕਿਹਾ, "ਮੁੱਖ ਮੰਤਰੀ ਜੀ, ਵਪਾਰੀਆਂ ਦੇ ਮੋਢੇ 'ਤੇ ਬੰਦੂਕ ਰੱਖ ਕੇ ਆਪਣੀ ਸਿਆਸਤ ਚਮਕਾਉਣਾ ਬੰਦ ਕਰੋ। ਜੇਕਰ ਸੱਚਮੁੱਚ ਵਪਾਰੀਆਂ ਦੀ ਚਿੰਤਾ ਹੈ, ਤਾਂ ਪਹਿਲਾਂ ਪੰਜਾਬ ਵਿੱਚ ਉਨ੍ਹਾਂ ਨੂੰ ਗੈਂਗਸਟਰਾਂ ਅਤੇ ਫਿਰੌਤੀ ਮੰਗਣ ਵਾਲਿਆਂ ਤੋਂ ਪੂਰੀ ਸੁਰੱਖਿਆ ਮੁਹੱਈਆ ਕਰਵਾਓ।"
ਸੂਬਾ ਸਰਕਾਰ ਦੀਆਂ ਆਰਥਿਕ ਅਤੇ ਉਦਯੋਗਿਕ ਨੀਤੀਆਂ 'ਤੇ ਵੱਡੇ ਸਵਾਲ ਖੜ੍ਹੇ ਕਰਦਿਆਂ ਢਿੱਲੋਂ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਸਾਢੇ 4 ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ 1 ਰੁਪਏ ਦਾ ਨਵਾਂ ਨਿਵੇਸ਼ (Investment) ਤਾਂ ਕੀ ਕਰਵਾਉਣਾ ਸੀ, ਬਲਕਿ ਸਰਕਾਰ ਦੀਆਂ ਨਾਕਾਮੀਆਂ ਅਤੇ ਮਾੜੀ ਕਾਨੂੰਨ ਵਿਵਸਥਾ ਕਰਕੇ ਇੱਥੋਂ ਦੇ ਸਥਾਪਤ ਵਪਾਰੀ ਵੀ ਹੁਣ ਤੰਗ ਆ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਕਾਰੋਬਾਰੀ ਇੱਥੋਂ ਆਪਣਾ ਕਾਰੋਬਾਰ ਸਮੇਟ ਕੇ ਉੱਤਰ ਪ੍ਰਦੇਸ਼ (UP) ਅਤੇ ਹਰਿਆਣਾ ਵਰਗੇ ਗੁਆਂਢੀ ਰਾਜਾਂ ਵੱਲ ਜਾਣ ਲਈ ਮਜਬੂਰ ਹੋ ਰਹੇ ਹਨ, ਜੋ ਕਿ ਪੰਜਾਬ ਦੇ ਭਵਿੱਖ ਲਈ ਬੇਹੱਦ ਚਿੰਤਾਜਨਕ ਹੈ।
- Download Babushahi App
-
-