ਰੁਜ਼ਗਾਰ ਲਈ ਆਰ-ਪਾਰ ਦੀ ਲੜਾਈ; 2600 ਲਾਈਨਮੈਨ ਅਪ੍ਰੈਂਟਿਸ ਯੂਨੀਅਨ ਦੇ ਵਰਕਰ ਟਾਵਰ 'ਤੇ ਚੜ੍ਹੇ
ਪਾਵਰਕੌਮ ਵਿੱਚ ਪੱਕੀ ਨੌਕਰੀ ਦੀ ਮੰਗ ਨੂੰ ਲੈ ਕੇ ਨੌਜਵਾਨਾਂ ਵੱਲੋਂ ਤਿੱਖਾ ਸੰਘਰਸ਼
ਰਾਜਾ ਵੜਿੰਗ ਨੇ ਮੌਕੇ 'ਤੇ ਪਹੁੰਚ ਕੇ ਨੌਜਵਾਨਾਂ ਨੂੰ ਟਾਵਰ ਤੋਂ ਹੇਠਾਂ ਉਤਰਨ ਦੀ ਕੀਤੀ ਅਪੀਲ; ਜ਼ਮੀਨ 'ਤੇ ਰਹਿ ਕੇ ਲੜਾਈ ਲੜਨ ਦਾ ਦਿੱਤਾ ਹੌਸਲਾ
ਕੁਝ ਦਿਨ ਪਹਿਲਾਂ ਹੀ ਪੁਲਿਸ ਵੱਲੋਂ ਲਾਈਨਮੈਨਾਂ 'ਤੇ ਕੀਤਾ ਗਿਆ ਸੀ ਤਿੱਖਾ ਲਾਠੀਚਾਰਜ
ਬਿਕਰਮਜੀਤ ਸਿੰਘ
ਪਟਿਆਲਾ/ਭੇਡਪੁਰਾ, 9 ਜੂਨ 2026- ਸਰਕਾਰ ਦੀਆਂ ਨੀਤੀਆਂ ਤੋਂ ਅੱਕੇ '2600 ਲਾਈਨਮੈਨ ਅਪ੍ਰੈਂਟਿਸ ਯੂਨੀਅਨ' ਦੇ ਵਰਕਰਾਂ ਵੱਲੋਂ ਇੱਕ ਬੇਹੱਦ ਖ਼ੌਫਨਾਕ ਅਤੇ ਤਿੱਖਾ ਕਦਮ ਚੁੱਕਿਆ ਗਿਆ ਹੈ। ਪਾਵਰਕੌਮ (PSPCL) ਵਿੱਚ ਪੱਕੀ ਨੌਕਰੀ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਇਹ ਨੌਜਵਾਨ ਪਿੰਡ ਭੇਡਪੁਰਾ ਵਿਖੇ ਬਿਜਲੀ ਦੇ ਉੱਚੇ ਟਾਵਰ 'ਤੇ ਚੜ੍ਹ ਗਏ ਹਨ, ਜਿਸ ਕਾਰਨ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ।
ਪ੍ਰਦਰਸ਼ਨਕਾਰੀ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਪਾਵਰਕੌਮ ਵਿੱਚ ਨੌਕਰੀ ਪਾਉਣ ਲਈ ਲੰਬੇ ਸਮੇਂ ਤੋਂ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਹਨ, ਪਰ ਮੌਜੂਦਾ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਪ੍ਰਦਰਸ਼ਨ ਕਰ ਰਹੇ ਇਨ੍ਹਾਂ ਲਾਈਨਮੈਨਾਂ 'ਤੇ ਪੁਲਿਸ ਵੱਲੋਂ ਬੇਰਹਿਮੀ ਨਾਲ ਲਾਠੀਚਾਰਜ ਵੀ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਨੌਜਵਾਨਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਖ਼ਤਰਨਾਕ ਪ੍ਰਦਰਸ਼ਨ ਦੀ ਸੂਚਨਾ ਮਿਲਦਿਆਂ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਟਾਵਰ 'ਤੇ ਚੜ੍ਹੇ ਨੌਜਵਾਨਾਂ ਦੀ ਜਾਨ ਨੂੰ ਖ਼ਤਰੇ ਵਿੱਚ ਦੇਖਦਿਆਂ ਉਨ੍ਹਾਂ ਨੂੰ ਤੁਰੰਤ ਹੇਠਾਂ ਉਤਰਨ ਦੀ ਬੇਨਤੀ ਕੀਤੀ। ਰਾਜਾ ਵੜਿੰਗ ਨੇ ਨੌਜਵਾਨਾਂ ਨੂੰ ਵਿਸ਼ਵਾਸ ਦਿਵਾਇਆ ਅਤੇ ਹੌਸਲਾ ਦਿੰਦਿਆਂ ਕਿਹਾ ਕਿ ਆਪਣੀ ਜਾਨ ਨੂੰ ਜੋਖ਼ਮ ਵਿੱਚ ਪਾਉਣ ਦੀ ਬਜਾਏ, ਜ਼ਮੀਨ 'ਤੇ ਰਹਿ ਕੇ ਹੱਕਾਂ ਦੀ ਲੜਾਈ ਅਤੇ ਸੰਘਰਸ਼ ਨੂੰ ਹੋਰ ਮਜ਼ਬੂਤੀ ਨਾਲ ਵਿੱਢਿਆ ਜਾਵੇ।
ਉਨ੍ਹਾਂ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਰੁਜ਼ਗਾਰ ਮੰਗ ਰਹੇ ਨੌਜਵਾਨਾਂ ਨੂੰ ਟਾਵਰਾਂ 'ਤੇ ਚੜ੍ਹਨ ਲਈ ਮਜਬੂਰ ਕਰਨਾ ਬੇਹੱਦ ਮੰਦਭਾਗਾ ਹੈ। ਫ਼ਿਲਹਾਲ ਮੌਕੇ 'ਤੇ ਭਾਰੀ ਪੁਲਿਸ ਫੋਰਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਤਾਇਨਾਤ ਹਨ, ਜੋ ਨੌਜਵਾਨਾਂ ਨੂੰ ਸਮਝਾਉਣ ਅਤੇ ਟਾਵਰ ਤੋਂ ਸੁਰੱਖਿਅਤ ਹੇਠਾਂ ਉਤਾਰਨ ਦੀਆਂ ਕੋਸ਼ਿਸ਼ਾਂ ਵਿੱਚ ਜੁਟੇ ਹੋਏ ਹਨ।
- Download Babushahi App
-
-