CCT, CGC ਲਾਂਡਰਾਂ ਵੱਲੋਂ ਵੇਅਰਹਾਊਸਿੰਗ ਅਤੇ ਟਿਕਾਊ ਖੇਤੀਬਾੜੀ ਵਿਸ਼ੇ ਸੰਬੰਧੀ ਸਿਖਲਾਈ ਪ੍ਰੋਗਰਾਮ ਦਾ ਆਯੋਜਨ
ਲਾਂਡਰਾਂ, 10 June 2026- ਬਾਇਓਟੈਕਨਾਲੋਜੀ ਵਿਭਾਗ, ਸੀਸੀਟੀ, ਸੀਜੀਸੀ ਲਾਂਡਰਾਂ ਵੱਲੋਂ ਚੌਧਰੀ ਚਰਨ ਸਿੰਘ ਨੈਸ਼ਨਲ ਇੰਸਟੀਚਿਊਟ ਆਫ਼ ਐਗਰੀਕਲਚਰਲ ਮਾਰਕੀਟਿੰਗ (ਸੀਸੀਐਸ ਐਨਆਈਏਐਮ) ਜੈਪੁਰ ਦੇ ਸਹਿਯੋਗ ਨਾਲ ਭਾਰਤ ਸਰਕਾਰ ਦੇ ਵੇਅਰਹਾਊਸਿੰਗ ਡਿਵੈਲਪਮੈਂਟ ਐਂਡ ਰੈਗੂਲੇਟਰੀ ਅਥਾਰਟੀ (ਡਬਲਯੂਡੀਆਰਏ) ਦੁਆਰਾ ਸਪਾਂਸਰ ਕੀਤੇ ਗਏ ‘ਵੇਅਰਹਾਊਸਿੰਗ ਡਿਵੈਲਪਮੈਂਟ ਐਂਡ ਰੈਗੂਲੇਟਰੀ’ ਵਿਸ਼ੇ ਸਬੰਧੀ ਇੱਕ ਦਿਨਾ ਜਾਗਰੂਕਤਾ ਅਤੇ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਮੋਹਾਲੀ ਦੇ 53 ਕਿਸਾਨਾਂ ਨੇ ਹਿੱਸਾ ਲਿਆ ਅਤੇ ਵਿਗਿਆਨਿਕ ਵੇਅਰਹਾਊਸਿੰਗ, ਵਾਢੀ ਤੋਂ ਬਾਅਦ ਪ੍ਰਬੰਧਨ, ਟਿਕਾਊ ਖੇਤੀਬਾੜੀ ਅਤੇ ਖੇਤੀ ਵਿੱਚ ਮੁੱਲ ਵਾਧੇ ਵਰਗੇ ਮਹੱਤਵਪੂਰਨ ਵਿਸ਼ਿਆਂ ਸੰਬੰਧੀ ਵਿਚਾਰ-ਵਟਾਂਦਰੇ ਕੀਤੇ ਗਏ। ਇਸ ਦੌਰਾਨ ਡਾ.ਗੁਰਪ੍ਰੀਤ ਕੌਰ, ਵਿਭਾਗ ਮੁਖੀ, ਬਾਇਓਟੈਕਨਾਲੋਜੀ, ਸੀਸੀਟੀ, ਸੀਜੀਸੀ ਲਾਂਡਰਾਂ ਨੇ ਭਾਗੀਦਾਰਾਂ ਦਾ ਸਵਾਗਤ ਕੀਤਾ ਅਤੇ ਖੇਤੀਬਾੜੀ ਨਵੀਨਤਾ ਅਤੇ ਪੇਂਡੂ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਕਿਸਾਨ ਅਧਾਰਿਤ ਸਿਖਲਾਈ ਪ੍ਰੋਗਰਾਮਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਇਸੇ ਤਰ੍ਹਾਂ ਮਹਿਮਾਨ ਡਾ.ਰਾਹੁਲ ਸਾਂਖਲਾ, ਸਲਾਹਕਾਰ, ਸੀਸੀਐਸ ਐਨਆਈਏਐਮ ਜੈਪੁਰ ਨੇ ਵੇਅਰਹਾਊਸਿੰਗ ਡਿਵੈਲਪਮੈਂਟ ਐਂਡ ਰੈਗੂਲੇਸ਼ਨ ’ਤੇ ਮੁੱਖ ਤਕਨੀਕੀ ਸੈਸ਼ਨ ਦਾ ਸੰਚਾਲਨ ਕੀਤਾ। ਉਨ੍ਹਾਂ ਦੇ ਆਪਣੇ ਸੈਸ਼ਨ ਵਿੱਚ ਵਾਢੀ ਤੋਂ ਬਾਅਦ ਦੇ ਨੁਕਸਾਨਾਂ ਨੂੰ ਘਟਾਉਣ, ਡਬਲਿਊਡੀਆਰਏ ਮਾਨਤਾ, ਵੇਅਰਹਾਊਸ ਰਸੀਦ ਵਿੱਤ ਅਤੇ ਕਿਸਾਨਾਂ ਲਈ ਬਿਹਤਰ ਸਟੋਰੇਜ ਅਤੇ ਮਾਰਕੀਟਿੰਗ ਦੇ ਮੌਕਿਆਂ ਵਿੱਚ ਵਿਗਿਆਨਿਕ ਵੇਅਰਹਾਊਸਿੰਗ ਦੀ ਭੂਮਿਕਾ ਨੂੰ ਉਜਾਗਰ ਕੀਤਾ। ਕੁਦਰਤ ਫਾਰਮਜ਼ ਤੋਂ ਸ਼੍ਰੀ ਧਰਮੇਂਦਰ ਨੇ ‘ਜੈਵਿਕ ਖੇਤੀ’ ਵਿਸ਼ੇ ਉੱਤੇ ਇੱਕ ਸੈਸ਼ਨ ਦੀ ਅਗਵਾਈ ਕੀਤੀ, ਜਿਸ ਵਿੱਚ ਜੈਵਿਕ ਕਾਸ਼ਤ ਅਭਿਆਸਾਂ, ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ, ਕੁਦਰਤੀ ਖੇਤੀ ਇਨਪੁਟਸ ਅਤੇ ਟਿਕਾਊ ਫਸਲ ਉਤਪਾਦਨ ਤਰੀਕਿਆਂ ਬਾਰੇ ਵਿਹਾਰਕ ਸੂਝ ਸਾਂਝੀ ਕੀਤੀ ਗਈ। ਮਾਈਕੋਮੇਜ਼ਿੰਗ ਦੀ ਸੰਸਥਾਪਕ, ਸੀਜੀਸੀ ਦੀ ਸਾਬਕਾ ਵਿਦਿਆਰਥੀ ਦੀਪਾਂਸ਼ੀ ਨੇ ਖੇਤੀਬਾੜੀ ਰਹਿੰਦ- ਖੂੰਹਦ ਪ੍ਰਬੰਧਨ ਵਿਸ਼ੇ ਸੰਬੰਧੀ ਇੱਕ ਸੈਸ਼ਨ ਦਾ ਆਯੋਜਨ ਕੀਤਾ, ਜਿਸ ਵਿੱਚ ਖੇਤੀਬਾੜੀ ਰਹਿੰਦ-ਖੂੰਹਦ ਨੂੰ ਮੁੱਲ ਵਰਧਿਤ ਉਤਪਾਦਾਂ ਵਿੱਚ ਬਦਲਣ ਅਤੇ ਖੇਤੀ ਰਹਿੰਦ-ਖੂੰਹਦ ਪ੍ਰਬੰਧਨ ਦੇ ਵਾਤਾਵਰਣ ਪੱਖੋਂ ਟਿਕਾਊ ਤਰੀਕਿਆਂ ਦੀ ਪੜਚੋਲ ਕਰਨ ’ਤੇ ਧਿਆਨ ਕੇਂਦਰਿਤ ਕੀਤਾ ਗਿਆ। ਇਸ ਪਹਿਲਕਦਮੀ ਮੌਕੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਡਾ.ਪਾਲਕੀ ਸਾਹਿਬ ਕੌਰ, ਡਾਇਰੈਕਟਰ ਪ੍ਰਿੰਸੀਪਲ, ਸੀਸੀਟੀ, ਸੀਜੀਸੀ ਲਾਂਡਰਾਂ ਨੇ ਕਿਹਾ ਕਿ ਉਨ੍ਹਾਂ ਦਾ ਦ੍ਰਿਸ਼ਟੀਕੋਣ ਕਿਸਾਨਾਂ ਨੂੰ ਗਿਆਨ ਅਤੇ ਨਵੀਨਤਾ ਨਾਲ ਸਸ਼ਕਤ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਕਿਸਾਨਾਂ ਨੂੰ ਮਾਹਿਰਾਂ, ਖੋਜਕਰਤਾਵਾਂ ਅਤੇ ਉੱਦਮੀਆਂ ਨਾਲ ਜੋੜ ਕੇ ਪੇਂਡੂ ਭਾਈਚਾਰਿਆਂ ਨੂੰ ਮਜ਼ਬੂਤ ਕਰਨਾ ਅਤੇ ਟਿਕਾਊ ਖੇਤੀਬਾੜੀ ਅਭਿਆਸਾਂ ਨੂੰ ਉਤਸ਼ਾਹਿਤ ਕਰਨਾ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਲਾਭਦਾਇਕ ਸਾਬਤ ਹੋਣਗੇ।ਉਨ੍ਹਾਂ ਅੱਗੇ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਕਿਸਾਨਾਂ, ਉਦਯੋਗ ਪ੍ਰੈਕਟੀਸ਼ਨਰਾਂ (ਮਾਹਰਾਂ), ਸਿੱਖਿਅਕਾਂ, ਖੋਜਕਰਤਾਵਾਂ ਅਤੇ ਨੌਜਵਾਨ ਨਵੀਨਤਾਕਾਰਾਂ ਨੂੰ ਇੱਕੋ ਮੰਚ ’ਤੇ ਇਕੱਠਾ ਕਰਕੇ ਨਵੀਨਤਾ, ਸਥਿਰਤਾ ਅਤੇ ਪੇਂਡੂ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸੀਜੀਸੀ ਲਾਂਡਰਾਂ ਦੀ ਵਚਨਬੱਧਤਾ ਨੂੰ ਉਜਾਗਰ ਕਰਦੀਆਂ ਹਨ।
- Download Babushahi App
-
-