ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖ਼ੇ ਵਿਸ਼ਵ ਪੰਜਾਬੀ ਕਾਨਫਰੰਸ ਦਾ ਦੂਜਾ ਦਿਨ
ਵਾਈਸ ਚਾਂਸਲਰ ਪ੍ਰੋ.ਕਰਮਜੀਤ ਸਿੰਘ ਦੀ ਪੁਸਤਕ “Meditation to Martyrdom: The Legacy of Sri Guru Teg Bahadur Ji” ਰਿਲੀਜ਼
ਅੰਮ੍ਰਿਤਸਰ 21 ਫਰਵਰੀ 2026 - ਅੰਤਰ-ਰਾਸ਼ਟਰੀ ਮਾਂ ਬੋਲੀ ਦਿਵਸ ਦੇ ਮੌਕੇ ਉੱਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਕਰਵਾਈ ਜਾ ਰਹੀ ਵਿਸ਼ਵ ਪੰਜਾਬੀ ਕਾਨਫਰੰਸ ਦੇ ਦੂਸਰੇ ਦਿਨ ਦੇ ਪਹਿਲੇ ਸਨਮਾਨ ਸੈਸ਼ਨ ਦੀ ਪ੍ਰਧਾਨਗੀ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਕੀਤੀ। ਇਸ ਸੈਸ਼ਨ ਦੇ ਮੁੱਖ ਮਹਿਮਾਨ ਪ੍ਰੋ. ਸਤਿਬੀਰ ਸਿੰਘ ਗੋਸਲ (ਉਪ ਕੁਲਪਤੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ) ਸਨ ਜਦੋਂਕਿ ਕੁੰਜੀਵਤ ਭਾਸ਼ਣ ਪ੍ਰੋ. ਸਰਬਜਿੰਦਰ ਸਿੰਘ (ਉਪ ਕੁਲਪਤੀ, ਸੰਨੀ ਓਬਰਾਏ ਵਿਵੇਕ ਸਦਨ : ਫਿਊਚਰਿਸਟਿਕ ਯੂਨੀਵਰਸਿਟੀ, ਸ੍ਰੀ ਅਨੰਦਪੁਰ ਸਾਹਿਬ) ਨੇ ਦਿੱਤਾ। ਪ੍ਰੋ. ਕਰਮਜੀਤ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਸਰੋਤਿਆਂ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਭਵਿੱਖ ਦੀ ਟੈਕਨਾਲੋਜੀ ਨਾਲ ਜੋੜਨ ਅਤੇ ਪੰਜਾਬੀ ਭਾਸ਼ਾ ਨੂੰ ਗਲੋਬਲ ਡਿਜੀਟਲ ਮੰਚ ‘ਤੇ ਮਜ਼ਬੂਤ ਬਣਾਉਣ ਲਈ ਵਿਸ਼ਵ ਪੱਧਰੀ ਯੂਨੀਵਰਸਿਟੀਆਂ ਨਾਲ ਕਰਾਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤਹਿਤ ਐਨ.ਆਰ.ਆਈ ਭਾਈਚਾਰੇ ਦੀ ਭਾਗੀਦਾਰੀ ਨਾਲ ਆਈ.ਟੀ ਅਤੇ ਏ.ਆਈ ਲੈਬਾਂ ਦੀ ਸਪੋਂਸਰਸ਼ਿਪ, ਵਿਦਿਆਰਥੀਆਂ ਲਈ ਅੰਤਰਰਾਸ਼ਟਰੀ ਸਰਟੀਫਿਕੇਟ ਕੋਰਸ ਅਤੇ ਸਕਾਲਰਸ਼ਿਪਾਂ ਦੀ ਯੋਜਨਾ ‘ਤੇ ਕੰਮ ਚੱਲ ਰਿਹਾ ਹੈ। ਇਸ ਮੌਕੇ ਉੱਤੇ ਪ੍ਰੋ.ਕਰਮਜੀਤ ਸਿੰਘ ਦੀ ਪੁਸਤਕ “Meditation to Martyrdom: The Legacy of Sri Guru Teg Bahadur Ji” ਵੀ ਰਿਲੀਜ਼ ਕੀਤੀ ਗਈ। ਡਾ. ਮਨਜਿੰਦਰ ਸਿੰਘ (ਮੁਖੀ,ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ) ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਏ.ਆਈ ਦੀ ਕ੍ਰਾਂਤੀ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਦੀ ਸ਼ਦੀਦ ਜ਼ਰੂਰਤ ਹੈ ਅਤੇ ਇਹ ਕਾਨਫਰੰਸ ਇਸੇ ਲੋੜ ਵਿਚੋਂ ਉਪਜੀ ਹੈ।ਪ੍ਰੋ. ਸਰਬਜਿੰਦਰ ਸਿੰਘ ਨੇ ਕੁੰਜੀਵਤ ਭਾਸ਼ਣ ਵਿਚ ਕਿਹਾ ਕਿ ਏ.ਆਈ ਦੀ ਪ੍ਰਮਾਣਿਕਤਾ ਨੂੰ ਵਿਸ਼ੇਸ਼ ਤੌਰ ਉੱਤੇ ਧਰਮ ਦੇ ਸੰਦਰਭ ਵਿਚ ਨਿਰਧਾਰਿਤ ਕਰਨਾ ਜ਼ਰੂਰੀ ਹੈ। ਉਹਨਾਂ ਕਿਹਾ ਕਿ ਉਹ ਬਤੌਰ ਉਪ ਕੁਲਪਤੀ,ਸੰਨੀ ਓਬਰਾਏ ਵਿਵੇਕ ਸਦਨ : ਫਿਊਚਰਿਸਟਿਕ ਯੂਨੀਵਰਸਿਟੀ, ਸ੍ਰੀ ਅਨੰਦਪੁਰ ਸਾਹਿਬ,ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਥਾਪਿਤ ਕੀਤੇ ਜਾ ਰਹੇ ਏ.ਆਈ ਕੇਂਦਰ ਲਈ ਹਰ ਸੰਭਵ ਸਹਾਇਤਾ ਵੀ ਪ੍ਰਦਾਨ ਕਰਨਗੇ। ਮੁੱਖ ਮਹਿਮਾਨ ਸ੍ਰੀ ਸੁੱਖੀ ਬਾਠ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਇਹ ਪੰਜਾਬੀ ਭਾਸ਼ਾ ਦੇ ਸੰਦਰਭ ਵਿਚ ਏ.ਆਈ ਨਾਲ ਸਬੰਧਤ ਦੁਨੀਆ ਦੀ ਪਹਿਲੀ ਵਿਸ਼ਵ ਕਾਨਫਰੰਸ ਹੈ। ਉਹਨਾਂ ਕਿਹਾ ਕਿ ਬਾਲ ਸਾਹਿਤ ਨੂੰ ਵੀ ਏ. ਆਈ ਨਾਲ ਜੋੜਨਾ ਚਾਹੀਦਾ ਹੈ।ਸ. ਕੰਵਰਪਾਲ ਸਿੰਘ ਨੇ ਤਕਨਾਲੋਜੀ ਦੇ ਵਿਕਾਸ ਲਈ ਯੂਨੀਵਰਸਿਟੀ ਨੂੰ ਇਸ ਮੌਕੇ ਇਕ ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ ।
ਇਸ ਸਨਮਾਨ ਸੈਸ਼ਨ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਵਿਸ਼ਵ ਪੱਧਰ ‘ਤੇ ਨਾਮ ਰੌਸ਼ਨ ਕਰਨ ਵਾਲੀਆਂ ਤਿੰਨ ਮਹਾਨ ਸ਼ਖ਼ਸੀਅਤਾਂ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਯੂ.ਕੇ.,ਸ. ਕੰਵਰਪਾਲ ਸਿੰਘ ਸੂਰੀ (ਪ੍ਰਸਿੱਧ ਵਿਗਿਆਨੀ) ਅਤੇ ਸ. ਬਲਦੇਵ ਕੰਗ (ਅੰਤਰ ਰਾਸ਼ਟਰੀ ਪੱਧਰ ਦੇ ਉਦਯੋਗਪਤੀ) ਨੂੰ ਸਨਮਾਨਿਤ ਕੀਤਾ ਗਿਆ। ਕਾਨਫਰੰਸ ਦੇ ਕੋਆਰਡੀਨੇਟਰ ਡਾ. ਮਨਜਿੰਦਰ ਸਿੰਘ ਨੇ ਇਹਨਾਂ ਸ਼ਖ਼ਸੀਅਤਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਹਿਬ ਭਾਈ ਮਹਿੰਦਰ ਸਿੰਘ ਯੂ.ਕੇ. ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ, ਬਰਮਿੰਘਮ ਦੇ ਮੁਖੀ ਹਨ ਅਤੇ ਸਿੱਖ ਧਰਮ ਦੇ ਅੰਤਰ-ਰਾਸ਼ਟਰੀ ਪ੍ਰਚਾਰ, ਅੰਤਰ-ਧਰਮੀ ਸੰਵਾਦ ਅਤੇ ਸਮਾਜਕ ਸੇਵਾ ਦੇ ਵਿਸ਼ਵ-ਪੱਧਰੀ ਚਿਹਰੇ ਹਨ। ਅਫ਼ਰੀਕਾ, ਯੂਰਪ ਅਤੇ ਭਾਰਤ ਵਿੱਚ ਗੁਰਦੁਆਰਿਆਂ ਦੀ ਉਸਾਰੀ, ਨਿਸ਼ਕਾਮ ਹੈਲਥਕੇਅਰ ਟਰੱਸਟ ਅਤੇ ਨਿਸ਼ਕਾਮ ਸਕੂਲਾਂ ਰਾਹੀਂ ਉਨ੍ਹਾਂ ਨੇ ਸੇਵਾ ਨੂੰ ਵਿਗਿਆਨਕ ਪ੍ਰਬੰਧਨ ਨਾਲ ਜੋੜ ਕੇ ਗਲੋਬਲ ਮਾਡਲ ਤਿਆਰ ਕੀਤਾ ਹੈ।ਸ. ਕੰਵਰਪਾਲ ਸਿੰਘ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਨਾਮ ਵਿਸ਼ਵ ਪੱਧਰ ਉੱਤੇ ਰੌਸ਼ਨ ਕਰਨ ਵਾਲੀ ਨਾਮਵਰ ਸ਼ਖ਼ਸੀਅਤ ਹਨ। ਕੁਸ਼ਲ ਇੰਜਨੀਅਰ ਅਤੇ ਪ੍ਰਸਿੱਧ ਵਿਗਿਆਨੀ ਦੇ ਤੌਰ ‘ਤੇ ਸੰਸਾਰ ਵਿਚ ਆਪ ਜੀ ਦੀ ਨਿਵੇਕਲੀ ਪਛਾਣ ਹੈ। ਸ. ਬਲਦੇਵ ਕੰਗ ਅੰਤਰ-ਰਾਸ਼ਟਰੀ ਪੱਧਰ ਦੇ ਪ੍ਰਮੁੱਖ ਉਦਯੋਗਪਤੀ ਜੋ ਲੋਜਿਸਟਿਕਸ, ਸਟੀਲ ਅਤੇ ਰੀਅਲ ਅਸਟੇਟ ਖੇਤਰਾਂ ਵਿੱਚ ਵਿਸ਼ਵ-ਪੱਧਰੀ ਉਦਯੋਗਾਂ ਦੀ ਅਗਵਾਈ ਕਰ ਰਹੇ ਹਨ। ਉਹ ਪਰਿਵਾਰਕ ਏਕਤਾ ਅਤੇ ਸਾਂਝੀ ਜ਼ਿੰਮੇਵਾਰੀ ਦੇ ਮਾਡਲ ਨੂੰ ਵਪਾਰਕ ਸੰਸਕ੍ਰਿਤੀ ਵਿੱਚ ਸਫ਼ਲਤਾ ਨਾਲ ਲਾਗੂ ਕਰਕੇ ਪੰਜਾਬੀ ਉਦਯੋਗਪਤੀਆਂ ਲਈ ਨਵਾਂ ਰੋਲ ਮਾਡਲ ਬਣੇ ਹਨ। ਧੰਨਵਾਦ ਦਾ ਪ੍ਰਸਤਾਵ ਡਾ. ਕੇ ਐਸ ਚਾਹਲ (ਰਜਿਸਟਰਾਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਨੇ ਪ੍ਰਸਤੁਤ ਕੀਤਾ। ਮੰਚ ਸੰਚਾਲਕ ਦੀ ਭੂਮਿਕਾ ਡਾ. ਮੇਘਾ ਸਲਵਾਨ, (ਅਸਿਸਟੈਂਟ ਪ੍ਰੋਫ਼ੈਸਰ,ਪੰਜਾਬੀ ਅਧਿਐਨ ਸਕੂਲ) ਨੇ ਬਾਖ਼ੂਬੀ ਨਿਭਾਈ।
ਇਸ ਮੌਕੇ ਉੱਤੇ ਸ੍ਰੀ ਪ੍ਰਵੀਨ ਪੁਰੀ (ਡਾਇਰੈਕਟਰ, ਲੋਕ ਸੰਪਰਕ ਵਿਭਾਗ),ਡਾ. ਸ਼ਾਲਿਨੀ ਬਹਿਲ (ਕੰਟਰੋਲਰ, ਪਰੀਖਿਆਵਾਂ), ਡਾ. ਵੰਦਨਾ ਭੱਲਾ ( ਡਾਇਰੈਕਟਰ, ਖੋਜ), ਡਾ. ਸਤਨਾਮ ਸਿੰਘ ਦਿਉਲ (ਡੀਨ, ਵਿਦਿਆਰਥੀ ਭਲਾਈ), ਡਾ. ਬਲਵਿੰਦਰ ਸਿੰਘ ( ਕੋਆਰਡੀਨੇਟਰ,G.J.C.E.I), ਡਾ. ਬਲਜਿੰਦਰ ਸਿੰਘ ਬੱਲ ( ਮੁਖੀ, ਸਰੀਰਕ ਸਿੱਖਿਆ ਵਿਭਾਗ),ਡਾ. ਰਵਿੰਦਰ ਕੁਮਾਰ ( ਡਾਇਰੈਕਟਰ, ਹੋਸਪੀਟੈਲੀਟੀ), ਡਾ. ਸੁਨੀਲ ਕੁਮਾਰ ( ਡੀਨ, ਭਾਸ਼ਾਵਾਂ), ਡਾ. ਮੇਘਾ ਸਲਵਾਨ,ਡਾ. ਹਰਿੰਦਰ ਸੋਹਲ, ਡਾ. ਡਾ. ਰਾਜਵਿੰਦਰ ਕੌਰ, ਡਾ. ਸਿਮਰਨਜੀਤ ਸਿੰਘ, ਡਾ. ਹਸਨ ਰੇਹਾਨ, ਡਾ. ਕੰਵਲਜੀਤ ਕੌਰ, ਡਾ. ਕੰਵਲਦੀਪ ਕੌਰ, ਡਾ. ਜਸਪਾਲ ਸਿੰਘ, ਡਾ. ਹਰਿੰਦਰ ਸਿੰਘ ਤੁੜ, ਡਾ. ਅਸ਼ੋਕ ਭਗਤ, ਡਾ. ਚੰਦਨਪ੍ਰੀਤ ਸਿੰਘ ਅਤੇ ਡਾ. ਅੰਜੂ ਬਾਲਾ ਤੋਂ ਇਲਾਵਾ ਕਈ ਵਿਦਵਾਨ ਅਤੇ ਮਾਹਿਰ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ ।
Click to Follow Babushahi Facebook page →