ਖੰਨਾ ਪੁਲਿਸ ਦੀ ਵੱਡੀ ਕਾਰਵਾਈ: ਸੱਟਾ ਕਿੰਗ ਭਵਨਦੀਪ ਮੰਡ ਅਤੇ ਸਾਥੀ ਗ੍ਰਿਫ਼ਤਾਰ, ਸੱਟੇ ਅਤੇ ਜੂਏ ਦੇ ਨੈੱਟਵਰਕ ‘ਤੇ ਕਸਿਆ ਸ਼ਿਕੰਜਾ
ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਦੇ ਨਿਰਦੇਸ਼ਾਂ ‘ਤੇ ਦੜਾ ਸੱਟਾ ਮਾਫੀਆ ਖਿਲਾਫ਼ ਤੇਜ਼ ਮੁਹਿੰਮ
ਖੰਨਾ , ਰਵਿੰਦਰ ਸਿੰਘ ਢਿੱਲੋਂ
ਪੁਲਿਸ ਜ਼ਿਲ੍ਹਾ ਖੰਨਾ ਅੰਦਰ ਜੂਏ ਅਤੇ ਦੜਾ ਸੱਟਾ ਖਿਲਾਫ਼ ਚਲ ਰਹੇ ਵਿਸ਼ੇਸ਼ ਅਭਿਆਨ ਤਹਿਤ ਪਾਇਲ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਦੇ ਸਖ਼ਤ ਨਿਰਦੇਸ਼ਾਂ ‘ਤੇ ਪਾਇਲ ਪੁਲਿਸ ਨੇ ਸੱਟਾ ਕਿੰਗ ਭਵਨਦੀਪ ਸਿੰਘ ਮੰਡ ਵਾਸੀ ਭੁੱਟਾ (ਡੇਹਲੋਂ) ਅਤੇ ਉਸਦੇ ਸਾਥੀ ਹਿਮਾਂਸ਼ੂ ਚੰਦੋਲਾ ਵਾਸੀ ਉੱਤਰਾਖੰਡ (ਹਾਲ ਵਾਸੀ ਰਾੜਾ ਸਾਹਿਬ) ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ ਵਿੱਚੋਂ 2170 ਰੁਪਏ ਨਕਦ ਅਤੇ ਸੱਟੇ ਨਾਲ ਸਬੰਧਤ ਹੋਰ ਸਾਮਾਨ ਵੀ ਬਰਾਮਦ ਕੀਤਾ ਹੈ। ਜਾਣਕਾਰੀ ਅਨੁਸਾਰ ਕਥਿਤ ਦੋਸ਼ੀ ਭਵਨਦੀਪ ਸਿੰਘ ਮੰਡ ਕਾਫ਼ੀ ਸ਼ਾਤਿਰ ਕਿਸਮ ਦਾ ਅਪਰਾਧੀ ਹੈ ਅਤੇ ਲੰਬੇ ਸਮੇਂ ਤੋਂ ਪਾਇਲ, ਮਲੇਰਕੋਟਲਾ, ਅਹਿਮਦਗੜ੍ਹ, ਡੇਹਲੋਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਦੜਾ ਸੱਟਾ ਅਤੇ ਗੈਰ-ਕਾਨੂੰਨੀ ਲਾਟਰੀ ਦਾ ਨੈੱਟਵਰਕ ਚਲਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਉਸਦੇ ਖਿਲਾਫ਼ ਪਹਿਲਾਂ ਹੀ 15 ਤੋਂ ਵੱਧ ਕੇਸ ਦਰਜ ਹਨ। ਇਸਦੇ ਬਾਵਜੂਦ ਜਮਾਨਤ ‘ਤੇ ਬਾਹਰ ਆਉਣ ਮਗਰੋਂ ਉਹ ਮੁੜ ਮੁੜ ਇਸ ਗੈਰ-ਕਾਨੂੰਨੀ ਧੰਦੇ ਵਿੱਚ ਸ਼ਾਮਲ ਹੋ ਜਾਂਦਾ ਸੀ। ਜਾਣਕਾਰੀ ਮੁਤਾਬਕ ਭਵਨਦੀਪ ਮੰਡ ਨੇ ਕੁਝ ਸਮਾਂ ਪਹਿਲਾਂ ਰਾੜਾ ਸਾਹਿਬ ਇਲਾਕੇ ਵਿੱਚ ਦੁਕਾਨ ਕਿਰਾਏ ‘ਤੇ ਲੈ ਕੇ ਗੈਰ-ਕਾਨੂੰਨੀ ਤਰੀਕੇ ਨਾਲ ਲਾਟਰੀ ਦਾ ਧੰਦਾ ਸ਼ੁਰੂ ਕੀਤਾ ਸੀ। ਇੱਥੇ ਉਹ ਲਾਟਰੀ ਦਾ ਨੰਬਰ ਕੱਢਣ ਦੇ ਨਾਂ ‘ਤੇ ਗਰੀਬ ਅਤੇ ਭੋਲੇ-ਭਾਲੇ ਲੋਕਾਂ ਤੋਂ ਪੈਸੇ ਵਸੂਲਦਾ ਸੀ। ਰੋਜ਼ਾਨਾ ਹਜ਼ਾਰਾਂ ਰੁਪਏ ਇਕੱਠੇ ਕਰਨ ਮਗਰੋਂ ਕਿਸੇ ਇੱਕ-ਅੱਧ ਨੂੰ ਥੋੜ੍ਹੀ ਬਹੁਤ ਰਕਮ ਦੇ ਕੇ ਭਰੋਸਾ ਬਣਾਈ ਰੱਖਦਾ ਸੀ। ਇਸ ਤਰ੍ਹਾਂ ਲੰਬੇ ਸਮੇਂ ਤੋਂ ਗਰੀਬ ਵਰਗ ਦੀ ਮਿਹਨਤ ਦੀ ਕਮਾਈ ਨੂੰ ਲੁੱਟਿਆ ਜਾ ਰਿਹਾ ਸੀ। ਪੁਲਿਸ ਜਾਂਚ ਦੌਰਾਨ ਇਹ ਵੀ ਖੁਲਾਸਾ ਹੋਇਆ ਸੀ ਕਿ ਦੋਸ਼ੀ ਨੇ ਆਪਣੇ ਗਿਰੋਹ ਦੇ ਮੈਂਬਰਾਂ ਨੂੰ ਰਾੜਾ ਸਾਹਿਬ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਕਿਰਾਏ ਦੇ ਮਕਾਨ ਲੈ ਕੇ ਦਿੱਤੇ ਹੋਏ ਸਨ। ਇਨ੍ਹਾਂ ਮਕਾਨਾਂ ਵਿੱਚ ਮੋਬਾਈਲ ਐਪਸ ਅਤੇ ਆਨਲਾਈਨ ਮਾਧਿਅਮ ਰਾਹੀਂ ਦੜਾ ਸੱਟਾ ਅਤੇ ਲਾਟਰੀ ਦਾ ਪੂਰਾ ਕਾਰੋਬਾਰ ਚਲਾਇਆ ਜਾ ਰਿਹਾ ਸੀ। ਇੱਥੋਂ ਰੋਜ਼ਾਨਾ ਸੱਟੇ ਦੀ ਰਕਮ ਇਕੱਠੀ ਕਰਕੇ ਨੈੱਟਵਰਕ ਰਾਹੀਂ ਅੱਗੇ ਭੇਜੀ ਜਾਂਦੀ ਸੀ। ਹਾਲੇ ਵੀ ਇਹ ਨੈੱਟਵਰਕ ਚਾਲੂ ਹੋਣ ਦਾ ਸ਼ੱਕ ਹੈ ਜਿਸਦੀ ਜਾਂਚ ਪੁਲਿਸ ਕਰ ਰਹੀ ਹੈ। ਭਵਨਦੀਪ ਮੰਡ ਖਿਲਾਫ਼ ਪਹਿਲਾਂ ਵੀ ਕਈ ਵਾਰ ਦੜਾ ਸੱਟਾ ਅਤੇ ਜੂਏ ਦੇ ਕੇਸ ਦਰਜ ਹੋ ਚੁੱਕੇ ਹਨ, ਪਰ ਹਰ ਵਾਰ ਜਮਾਨਤ ਮਿਲਣ ਮਗਰੋਂ ਉਹ ਮੁੜ ਇਸ ਗੈਰ-ਕਾਨੂੰਨੀ ਧੰਦੇ ਵਿੱਚ ਲੱਗ ਜਾਂਦਾ ਸੀ। ਇਸ ਵਾਰ ਪੁਲਿਸ ਨੇ ਉਸ ਨੂੰ ਫਿਰ ਰੰਗੇ ਹੱਥੀਂ ਕਾਬੂ ਕਰਕੇ ਸਾਫ਼ ਸੰਕੇਤ ਦਿੱਤਾ ਹੈ ਕਿ ਜ਼ਿਲ੍ਹੇ ਵਿੱਚ ਗੈਰ-ਕਾਨੂੰਨੀ ਜੂਏ ਦੇ ਕਾਰੋਬਾਰ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਐੱਸਐੱਸਪੀ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੇ ਅਪਰਾਧਕ ਤੱਤਾਂ ਖਿਲਾਫ਼ ਅੱਗੇ ਵੀ ਸਖ਼ਤ ਕਾਰਵਾਈ ਜਾਰੀ ਰਹੇਗੀ। ਪੁਲਿਸ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਸਮਾਜ ਨੂੰ ਖੋਖਲਾ ਕਰਨ ਵਾਲੇ ਸੱਟਾ ਮਾਫੀਆ ‘ਤੇ ਹੋਰ ਸ਼ਿਕੰਜਾ ਕੱਸਿਆ ਜਾਵੇਗਾ ਅਤੇ ਪੂਰੇ ਨੈੱਟਵਰਕ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾਵੇਗਾ।