BJP-Congress ਵਰਕਰਾਂ ਵਿਚਾਲੇ ਖੂਨੀ ਟਕਰਾਅ, ਪੱਥਰਬਾਜ਼ੀ ਚ ਕਈ ਜ਼ਖਮੀ
ਦਿੱਲੀ ਦੇ AI ਸੰਮੇਲਨ ਦਾ ਰੋਸ ਵਿਖਾਵਾ ਮੱਧ ਪ੍ਰਦੇਸ਼ ਪਹੁੰਚਿਆ
ਇੰਦੌਰ: 21 ਫਰਵਰੀ, 2026
ਦਿੱਲੀ ਵਿੱਚ ਆਯੋਜਿਤ 'ਏਆਈ ਇਮਪੈਕਟ ਸਮਿਟ' ਦੌਰਾਨ ਯੂਥ ਕਾਂਗਰਸ ਵੱਲੋਂ ਕੀਤੇ ਗਏ ਅਰਧ-ਨਗਨ ਪ੍ਰਦਰਸ਼ਨ ਦਾ ਵਿਰੋਧ ਹੁਣ ਹਿੰਸਕ ਰੂਪ ਅਖਤਿਆਰ ਕਰ ਗਿਆ ਹੈ। ਸ਼ਨੀਵਾਰ ਨੂੰ ਮੱਧ ਪ੍ਰਦੇਸ਼ ਦੇ ਸ਼ਹਿਰ ਇੰਦੌਰ ਵਿੱਚ ਭਾਰਤੀ ਜਨਤਾ ਯੁਵਾ ਮੋਰਚਾ (BJYM) ਅਤੇ ਕਾਂਗਰਸ ਦੇ ਵਰਕਰਾਂ ਵਿਚਾਲੇ ਜ਼ਬਰਦਸਤ ਖੂਨੀ ਸੰਘਰਸ਼ ਹੋਇਆ। ਇਸ ਦੌਰਾਨ ਦੋਵਾਂ ਧਿਰਾਂ ਵੱਲੋਂ ਇੱਕ-ਦੂਜੇ 'ਤੇ ਭਾਰੀ ਪੱਥਰਬਾਜ਼ੀ ਕੀਤੀ ਗਈ, ਜਿਸ ਵਿੱਚ ਦੋ ਪੱਤਰਕਾਰਾਂ ਸਮੇਤ ਕਈ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਸਥਿਤੀ ਨੂੰ ਕਾਬੂ ਵਿੱਚ ਕਰਨ ਲਈ ਪੁਲਿਸ ਨੂੰ ਵਾਟਰ ਕੈਨਨ (ਪਾਣੀ ਦੀਆਂ ਤੋਪਾਂ) ਦੀ ਵਰਤੋਂ ਕਰਨੀ ਪਈ ਅਤੇ ਪੂਰੇ ਇਲਾਕੇ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।
ਘਟਨਾ ਦੀ ਸ਼ੁਰੂਆਤ ਉਸ ਵੇਲੇ ਹੋਈ ਜਦੋਂ ਭਾਜਪਾ ਯੁਵਾ ਮੋਰਚਾ ਦੇ ਵਰਕਰ ਦਿੱਲੀ ਦੀ ਘਟਨਾ ਦੇ ਵਿਰੋਧ ਵਿੱਚ ਕਾਂਗਰਸ ਦਫ਼ਤਰ ਦਾ ਘੇਰਾਓ ਕਰਨ ਲਈ ਮਾਰਚ ਕਰ ਰਹੇ ਸਨ। ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਇਸ ਘੇਰਾਓ ਦੀ ਭਿਣਕ ਪਹਿਲਾਂ ਹੀ ਲੱਗ ਚੁੱਕੀ ਸੀ, ਜਿਸ ਕਾਰਨ ਉਹ ਵੀ ਦਫ਼ਤਰ ਦੇ ਬਾਹਰ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ ਸਨ। ਪੁਲਿਸ ਨੇ ਦੋਵਾਂ ਧਿਰਾਂ ਨੂੰ ਰੋਕਣ ਲਈ ਸੜਕ ਦੇ ਵਿਚਕਾਰ ਬੈਰੀਕੇਡ ਲਗਾਏ ਹੋਏ ਸਨ, ਪਰ ਅਚਾਨਕ ਫੈਲੀਆਂ ਕੁਝ ਅਫਵਾਹਾਂ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਦੋਵਾਂ ਪਾਸਿਆਂ ਤੋਂ ਪੱਥਰ ਚੱਲਣੇ ਸ਼ੁਰੂ ਹੋ ਗਏ। ਡੀਸੀਪੀ ਕ੍ਰਿਸ਼ਨਾ ਲਾਲਚੰਦਾਨੀ ਅਨੁਸਾਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਪਹਿਲਾਂ ਪੱਥਰ ਕਿਸ ਧਿਰ ਵੱਲੋਂ ਚਲਾਇਆ ਗਿਆ ਸੀ।
ਇਸ ਵਿਵਾਦ ਦੀ ਜੜ੍ਹ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਹੋਏ ਉਸ ਪ੍ਰਦਰਸ਼ਨ ਵਿੱਚ ਹੈ, ਜਿੱਥੇ ਯੂਥ ਕਾਂਗਰਸ ਦੇ ਵਰਕਰਾਂ ਨੇ ਅਮਰੀਕਾ ਨਾਲ ਹੋਏ ਵਪਾਰ ਸਮਝੌਤੇ ਦਾ ਵਿਰੋਧ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਨਾਅਰੇਬਾਜ਼ੀ ਕੀਤੀ ਸੀ। ਭਾਜਪਾ ਨੇ ਇਸ ਪ੍ਰਦਰਸ਼ਨ ਨੂੰ 'ਦੇਸ਼ਧ੍ਰੋਹ' ਕਰਾਰ ਦਿੰਦਿਆਂ ਰਾਹੁਲ ਗਾਂਧੀ 'ਤੇ ਤਿੱਖੇ ਹਮਲੇ ਕੀਤੇ ਹਨ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਵੀ ਇਸ ਦੀ ਨਿੰਦਾ ਕਰਦਿਆਂ ਕਿਹਾ ਕਿ ਇੱਕ ਗਲੋਬਲ ਸਮਾਗਮ ਵਿੱਚ ਅਜਿਹਾ ਵਿਰੋਧ ਪ੍ਰਦਰਸ਼ਨ ਕਰਨਾ ਕਾਂਗਰਸ ਦੀ ਮਾਨਸਿਕ ਦੀਵਾਲੀਆਪਨ ਨੂੰ ਦਰਸਾਉਂਦਾ ਹੈ ਅਤੇ ਇਸ ਲਈ ਰਾਹੁਲ ਗਾਂਧੀ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਦੂਜੇ ਪਾਸੇ, ਦਿੱਲੀ ਪੁਲਿਸ ਨੇ ਚਾਰ ਕਾਂਗਰਸੀ ਵਰਕਰਾਂ ਨੂੰ ਗ੍ਰਿਫ਼ਤਾਰ ਕਰਕੇ ਪੰਜ ਦਿਨਾਂ ਦੇ ਰਿਮਾਂਡ 'ਤੇ ਲਿਆ ਹੈ।
Click to Follow Babushahi Facebook page →