ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਮਾਤ ਭਾਸ਼ਾ ਦਿਵਸ ਸਬੰਧੀ ਸਮਾਗਮ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 21 ਫਰਵਰੀ 2026 : ਕੇਂਦਰੀ ਯੂਨੀਵਰਸਿਟੀ, ਬਠਿੰਡਾ ਵਿਖੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਦੀ ਅਗਵਾਈ ਵਿੱਚ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਮੌਕੇ ’ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੇ ਪਹਿਲੇ ਸੈਸ਼ਨ ਵਿੱਚ ਪ੍ਰਬੁੱਧ ਭਾਸ਼ਾ ਵਿਗਿਆਨੀ ਅਤੇ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਦੇ ਸਾਬਕਾ ਮੁਖੀ ਪ੍ਰੋ. ਬੂਟਾ ਸਿੰਘ ਬਰਾੜ ਨੇ ਪੰਜਾਬੀ ਅਤੇ ਹਿੰਦੀ ਭਾਸ਼ਾ ਦੇ ਸਾਂਝੇ ਭਾਸ਼ਾਈ ਸ੍ਰੋਤਾਂ ਬਾਰੇ ਵਿਸ਼ੇਸ਼ ਭਾਸ਼ਣ ਦਿੱਤਾ। ਦੂਸਰੇ ਸੈਸ਼ਨ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਅਤੇ ਪ੍ਰਾਂਤਾਂ ਦੇ ਵਿਦਿਆਰਥੀਆਂ ਨੇ ਆਪੋ-ਆਪਣੀ ਮਾਤ-ਭਾਸ਼ਾ ਵਿੱਚ ਕਵਿਤਾ, ਗੀਤ, ਭਾਸ਼ਣ ਆਦਿ ਰਾਹੀਂ ਪੇਸ਼ਕਾਰੀਆਂ ਕਰਕੇ ਭਾਰਤ ਦੀ ਭਾਸ਼ਾਈ ਵੰਨ-ਸੁਵੰਨਤਾ ਦੀ ਜੀਵੰਤ ਉਦਾਹਰਣ ਪ੍ਰਸਤੁਤ ਕੀਤੀ। ਇਸਤੋਂ ਇਲਾਵਾ ਮਾਤ-ਭਾਸ਼ਾ ਵਿੱਚ ਦਸਤਖ਼ਤ ਮੁਹਿੰਮ ਵੀ ਚਲਾਈ ਗਈ, ਜਿਸ ਵਿੱਚ ਸਾਂਝੇ ਬੈਨਰ ’ਤੇ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੇ ਆਪੋ-ਆਪਣੀਆਂ ਭਾਸ਼ਾਵਾਂ ਵਿੱਚ ਆਪਣੇ ਦਸਤਖ਼ਤ ਕੀਤੇ।
ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਅਤੇ ਮਾਤ-ਭਾਸ਼ਾ ਜਸ਼ਨ ਕਮੇਟੀ ਦੇ ਸਾਂਝੇ ਉੱਦਮ ਸਦਕਾ ਉਲੀਕੇ ਗਏ ਇਸ ਪ੍ਰੋਗਰਾਮ ਦੀ ਸ਼ੁਰੂਆਤ ਪ੍ਰੋ. ਬੂਟਾ ਸਿੰਘ ਬਰਾੜ ਦੇ ਵਿਸ਼ੇਸ਼ ਭਾਸ਼ਣ ਨਾਲ ਹੋਈ। ਭਾਸ਼ਾ ਦੇ ਮਹੱਤਵ ਤੋਂ ਗੱਲ ਸ਼ੁਰੂ ਕਰਦਿਆਂ ਉਨ੍ਹਾਂ ਕਿਹਾ ਕਿ ਮਨੁੱਖ ਨੂੰ ਇਕੱਲਤਾ ਤੋਂ ਕੱਢ ਕੇ ਭਾਈਚਾਰਕ ਜੀਵਨ ਵੱਲ ਤੋਰਨ ਵਿੱਚ ਭਾਸ਼ਾ ਦਾ ਬਹੁਤ ਯੋਗਦਾਨ ਹੈ। ਉਨ੍ਹਾਂ ਨੇ ਬਹੁਤ ਸਾਰੇ ਖੋਜ ਸ੍ਰੋਤਾਂ ਦੇ ਅਧਾਰ ਤੇ ਆਪਣੀ ਗੱਲ ਕਰਦਿਆਂ ਭਾਰਤੀ ਭਾਸ਼ਾਵਾਂ ਦੀ ਵਿਕਾਸ ਰੇਖਾ ਉਲੀਕੀ ਅਤੇ ਉਨ੍ਹਾਂ ਦੀਆਂ ਆਪਸੀ ਸਾਂਝਾਂ ਅਤੇ ਵਖਰੇਵਿਆਂ ਨੂੰ ਉਭਾਰਿਆ। 11ਵੀਂ-12ਵੀਂ ਸਦੀ ਦੇ ਸਾਹਿਤਕ ਸ੍ਰੋਤਾਂ ਦੀਆਂ ਉਦਾਹਰਣਾਂ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਸਮੇਂ ਦੀਆਂ ਰਚਨਾਵਾਂ ਵਿੱਚ ਪੰਜਾਬੀ ਅਤੇ ਹਿੰਦੀ ਦੋਨਾਂ ਭਾਸ਼ਾਵਾਂ ਦੇ ਮੁਢਲੇ ਭਾਸ਼ਾਈ ਅੰਸ਼ ਦੇਖੇ ਜਾ ਸਕਦੇ ਹਨ। ਉਨ੍ਹਾਂ ਨੇ ਪ੍ਰਸਿੱਧ ਭਾਸ਼ਾ ਸ਼ਾਸਤਰੀਆਂ ਦੇ ਹਵਾਲੇ ਨਾਲ ਵਿਭਿੰਨ ਅਪਭ੍ਰੰਸ਼ਾਂ ਦੀ ਚਰਚਾ ਕਰਦਿਆਂ ਦੱਸਿਆ ਕਿ ਹਿੰਦੀ ਤੇ ਪੰਜਾਬੀ ਦਾ ਸੰਬੰਧ ਕ੍ਰਮਵਾਰ ਸ਼ੌਰਸ਼ੈਨੀ ਅਤੇ ਕੈਕਈ ਅਪਭ੍ਰੰਸ਼ਾਂ ਨਾਲ ਜੁੜਦਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬੀ ਤੇ ਹਿੰਦੀ ਦੋਵਾਂ ਭਾਸ਼ਾਵਾਂ ਵਿਚ ਭਾਂਵੇ ਖੇਤਰੀ ਨੇੜਤਾ ਦੇ ਆਧਾਰ ’ਤੇ ਸਾਂਝ ਮਿਲਦੀ ਹੈ ਪਰ ਧੁਨੀਆਤਮਕ ਤੇ ਵਿਆਕਰਨਕ ਪੱਧਰ ‘ਤੇ ਵਖ਼ਰੇਵੇਂ ਮਿਲਦੇ ਹਨ। ਉਨ੍ਹਾਂ ਨੇ ਉਪਭਾਸ਼ਾਈ ਵੰਨਗੀਆਂ ਦੇ ਮਹੱਤਵ ਬਾਰੇ ਗੱਲ ਕਰਦਿਆਂ ਕਿਹਾ ਕਿ ਉਪ-ਭਾਸ਼ਾਵਾਂ ਦੇ ਸੋਧੇ ਰੂਪਾਂ ਵਿੱਚੋਂ ਹੀ ਕੇਂਦਰੀ ਜਾਂ ਟਕਸਾਲੀ ਭਾਸ਼ਾ ਨਿਕਲਦੀ ਹੈ, ਇਸ ਲਈ ਉਪ-ਭਾਸ਼ਾ ਤੇ ਉਪ-ਬੋਲੀਆਂ ਦੀ ਹੋਂਦ ਬੁਨਿਆਦੀ ਹੈ। ਉਨ੍ਹਾਂ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਭਾਸ਼ਾਈ ਵੰਨ-ਸੁਵੰਨਤਾ ਨੂੰ ਬਚਾਈ ਰੱਖਣਾ ਵਰਤਮਾਨ ਸਮੇਂ ਦੀ ਜ਼ਰੂਰਤ ਹੈ। ਇਸ ਲਈ ਅਨੇਕਤਾ ਵਿੱਚ ਏਕਤਾ ਦੇ ਫਲਸਫੇ ਨੂੰ ਅਪਣਾਉਣ ਦਾ ਅਹਿਦ ਲੈਣ ਨਾਲ ਮਾਤ-ਭਾਸ਼ਾ ਦਿਵਸ ਮਨਾਉਣਾ ਸਾਰਥਿਕ ਹੋ ਸਕਦਾ ਹੈ।
ਪੰਜਾਬ ਕੇਂਦਰੀ ਯੂਨੀਵਰਸਿਟੀ ਵਿੱਚ ਭਾਰਤ ਦੇ ਲੱਗਭੱਗ ਹਰ ਖਿੱਤੇ ਤੋਂ ਵਿਦਿਆਰਥੀ ਸਿੱਖਿਆ ਹਾਸਲ ਕਰਨ ਲਈ ਆਉਂਦੇ ਹਨ। ਇਸ ਲਈ ਪ੍ਰੋਗਰਾਮ ਦੇ ਦੂਸਰੇ ਹਿੱਸੇ ਵਿੱਚ ਆਪੋ-ਆਪਣੀ ਮਾਤ-ਭਾਸ਼ਾ ਵਿੱਚ ਪੇਸ਼ਕਾਰੀਆਂ ਕਰਵਾ ਕੇ ਭਾਸ਼ਾਈ ਵਿਭਿੰਨਤਾ ਅਤੇ ਸਹਿਹੋਂਦ ਦਾ ਨਮੂਨਾ ਪੇਸ਼ ਕੀਤਾ ਗਿਆ। ਬਹੁਤ ਸਾਰੇ ਵਿਦਿਆਰਥੀਆਂ ਨੇ ਕਵਿਤਾ, ਗੀਤਾਂ ਰਾਹੀਂ ਆਪਣੀ ਹਾਜ਼ਰੀ ਲਗਵਾਈ ਜਦੋਂਕਿ ਕੁਝ ਵਿਦਿਆਰਥੀਆਂ ਨੇ ਆਪਣੀ ਮਾਤ-ਭਾਸ਼ਾ ਵਿੱਚ ਵਿਚਾਰ ਪ੍ਰਸਤੁਤ ਕਰਕੇ ਜਾਂ ਕੋਈ ਟੋਟਕਾ ਸੁਣਾ ਕੇ ਵੀ ਆਪਣੇ ਖਿੱਤੇ ਦੀ ਮਹਿਕ ਸਭ ਨਾਲ ਸਾਂਝੀ ਕੀਤੀ। ਇਹਨਾਂ ਦੋਨਾਂ ਪ੍ਰੋਗਰਾਮਾਂ ਵਿੱਚ ਯੂਨੀਵਰਸਿਟੀ ਦੇ ਪੰਜਾਬੀ, ਹਿੰਦੀ, ਅੰਗਰੇਜ਼ੀ ਭਾਸ਼ਾ ਨਾਲ ਸਬੰਧਿਤ ਵਿਭਾਗਾਂ ਤੋਂ ਇਲਾਵਾ ਹੋਰ ਵਿਭਾਗਾਂ ਦੇ ਵਿਦਿਆਰਥੀਆਂ ਨੇ ਵੀ ਸਰਗਰਮ ਸ਼ਮੂਲੀਅਤ ਕੀਤੀ। ਇਸ ਮੌਕੇ ’ਤੇ ਮਾਤ ਭਾਸ਼ਾ ਦਸਤਖਤ ਮੁਹਿੰਮ ਵੀ ਚਲਾਈ ਗਈ, ਜਿਸ ਦੌਰਾਨ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੇ ਇੱਕ ਸਾਂਝੇ ਬੈਨਰ ’ਤੇ ਆਪਣੀਆਂ-ਆਪਣੀਆਂ ਭਾਸ਼ਾਵਾਂ ਵਿੱਚ ਦਸਤਖਤ ਕੀਤੇ।
Click to Follow Babushahi Facebook page →