ਰੈੱਡ ਕਰਾਸ ਭਵਨ ਵਿਖੇ 8 ਰੋਜ਼ਾ ਕੈਂਪ ਦੌਰਾਨ ਨੌਜਵਾਨਾਂ ਨੂੰ ਦਿੱਤੀ ਫਸਟ ਏਡ ਦੀ ਟਰੇਨਿੰਗ
ਅਸ਼ੋਕ ਵਰਮਾ
ਬਠਿੰਡਾ , 26 ਜੂਨ 2025 :ਨੌਜਵਾਨਾਂ ਨੂੰ ਫ਼ਸਟ ਏਡ ਦੀ ਜਾਣਕਾਰੀ ਦੇਣ ਲਈ ਰੈੱਡ ਕਰਾਸ ਦਫ਼ਤਰ ਵਿਖੇ 8 ਰੋਜ਼ਾ ਫ਼ਸਟ ਏਡ ਟ੍ਰੇਨਿੰਗ ਕੈਂਪ ਲਗਾਇਆ ਗਿਆ। ਜਿਸ ਵਿੱਚ ਰੈੱਡ ਕਰਾਸ ਸੁਸਾਇਟੀ ਦੇ ਫ਼ਸਟ ਏਡ ਮਾਸਟਰ ਟ੍ਰੇਨਰ ਨਰੇਸ਼ ਪਠਾਣੀਆਂ ਨੇ ਨੌਜਵਾਨਾਂ ਨੂੰ ਫਸਟ ਏਡ ਅਤੇ ਨਸ਼ਿਆਂ ਤੋਂ ਬਚਾਅ ਸੰਬੰਧੀ ਜਾਣਕਾਰੀ ਦਿੱਤੀ। ਟ੍ਰੇਨਰ ਨਰੇਸ਼ ਪਠਾਣੀਆਂ ਨੇ ਨੌਜਵਾਨਾਂ ਨੂੰ ਮੁੱਢਲੀ ਸਹਾਇਤਾ ਦੇ ਵੱਖ ਵੱਖ ਢੰਗਾਂ ਦੀ ਮੌਖਿਕ ਅਤੇ ਪ੍ਰੈਕਟੀਕਲ ਟਰੇਨਿੰਗ ਦਿੱਤੀ। ਟ੍ਰੇਨਰ ਨਰੇਸ਼ ਪਠਾਣੀਆਂ ਨੇ ਕਿਹਾ ਕਿ ਫਸਟ ਏਡ ਦੀ ਟ੍ਰੇਨਿੰਗ ਕਿਸੇ ਵਿਅਕਤੀ ਨੂੰ ਇਸ ਯੋਗ ਬਣਾ ਦਿੰਦੀ ਹੈ ਕਿ ਉਹ ਐਮਰਜੰਸੀ ਹਾਲਤਾਂ ਵਿੱਚ ਪੀੜਤਾਂ ਦੀ ਮੱਦਦ ਕਰਕੇ ਜੀਵਨ ਬਚਾ ਸਕਦਾ ਹੈ।
ਉਹਨਾਂ ਵਲੰਟੀਅਰਾਂ ਨੂੰ ਸੀਪੀਆਰ, ਜ਼ਹਿਰੀਲੇ ਜੀਵ ਜੰਤੂਆਂ ਦੇ ਡੰਗਣ, ਬੇਹੋਸ਼ੀ,ਚੋਕਿੰਗ, ਵਗਦੇ ਖੂਨ ਨੂੰ ਰੋਕਣ ਦੇ ਕੇਸਾਂ ਵਿੱਚ ਦਿੱਤੀ ਜਾਣ ਵਾਲੀ ਫਸਟ ਏਡ ਦੀ ਟ੍ਰੇਨਿੰਗ ਦਿੱਤੀ। ਉਹਨਾਂ ਨੌਜਵਾਨਾਂ ਨੂੰ ਨਸ਼ਿਆਂ ਦੇ ਮਾਰੂ ਅਸਰਾਂ ਬਾਰੇ ਦੱਸਦਿਆਂ ਇਹਨਾਂ ਤੋਂ ਬਚਣ ਲਈ ਪ੍ਰੇਰਿਤ ਵੀ ਕੀਤਾ ।ਰੈੱਡ ਕ੍ਰਾਸ ਸੁਸਾਇਟੀ ਦੇ ਸਕੱਤਰ ਦਰਸ਼ਨ ਕੁਮਾਰ ਬਾਂਸਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਕੂਲਾਂ ਕਾਲਜਾਂ ਦੇ ਬੱਚਿਆਂ ਨੂੰ ਵੀ ਫਸਟ ਏਡ ਦੀ ਸਿਖਲਾਈ ਦਿੱਤੀ ਜਾਂਦੀ ਹੈ।