ਮੁਕਤਸਰ ਪੁਲਿਸ ਵੱਲੋਂ ਟੈਲੀਕਾਮ ਟਾਵਰਾਂ ਦਾ ਸਮਾਨ ਚੋਰੀ ਕਰਨ ਦੇ ਮਾਮਲੇ 'ਚ ਸਰਗਣੇ ਸਮੇਤ ਗਿਰੋਹ ਗ੍ਰਿਫਤਾਰ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ , 26 ਜੂਨ 2025: ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਇਲਾਕੇ ਵਿੱਚ ਮੋਬਾਇਲ ਟਾਵਰਾਂ ਦਾ ਕੀਮਤੀ ਅਤੇ ਤਕਨੀਕੀ ਸਮਾਨ ਚੋਰੀ ਕਰਨ ਦੇ ਮਾਮਲੇ ਵਿੱਚ ਸਰਗਣੇ ਸਮੇਤ ਇੱਕ ਚੋਰ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਐਸਐਸਪੀ ਅਖਿਲ ਚੌਧਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਇਸ ਗਿਰੋਹ ਦੇ ਤਿੰਨ ਹੋਰ ਮੈਂਬਰਾਂ ਦੀ ਸ਼ਨਾਖਤ ਕੀਤੀ ਹੈ ਜਿਨ੍ਹਾਂ ਨੂੰ ਕਾਬੂ ਕਰਨ ਲਈ ਪੁਲਿਸ ਛਾਪੇ ਮਾਰ ਰਹੀ ਹੈ। ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਪਵਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਫੱਤਣਵਾਲਾ, ਬਿੱਟੂ ਸਿੰਘ ਪੁੱਤਰ ਸ਼ਿੰਦਾ ਸਿੰਘ ਵਾਸੀ ਪਿੰਡ ਚਿੱਬੜਾਂਵਾਲੀ , ਸਿਤਾਰ ਮੁਹੰਮਦ ਪੁੱਤਰ ਦਿਲਬਰ ਮੁਹੰਮਦ ਵਾਸੀ ਸ਼ੇਰਾ ਪਿੰਡ, ਰਾਜਪੁਰਾ ਅਤੇ ,ਲਖਵਿੰਦਰ ਸਿੰਘ ਉਰਫ ਲੱਖਾ ਪੁੱਤਰ ਰਾਜਾ ਸਿੰਘ, ਪਿੰਡ ਜੰਮੂਆਣਾ ਵਜੋਂ ਕੀਤੀ ਗਈ ਹੈ।ਪੁਲਿਸ ਨੂੰ ਇਹਨਾਂ ਚੋਰੀਆਂ ਦੇ ਮਾਮਲੇ ਵਿੱਚ ਅਕਾਸ਼ਦੀਪ ਸਿੰਘ ਉਰਫ ਸੁੱਖਾ ਪੁੱਤਰ ਸੁਖਵਿੰਦਰ ਸਿੰਘ, ਵਾਸੀ ਪਿੰਡ ਸੰਗਰਾਣਾ ਅਮਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ, ਪਿੰਡ ਚੰਨਣਵਾਲੀ, ਫਾਜ਼ਿਲਕਾ, ਅਵਲਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ, ਵਾਸੀ ਪਿੰਡ ਫੱਤਣਵਾਲਾ ਅਤੇ ਅਹਿਮਦ ਉਰਫ ਪ੍ਰਿੰਸ ਪੁੱਤਰ ਨਚਿਮ ਅਹਿਮਦ, ਵਾਰਡ ਨੰਬਰ 9, ਰਾਜਪੁਰਾ ਦੀ ਭਾਲ ਹੈ।
ਜਾਂਚ ਟੀਮਾਂ ਨੂੰ ਪੁੱਛਗਿੱਛ ਤੋਂ ਪਤਾ ਲੱਗਾ ਕਿ ਪਵਨਦੀਪ ਸਿੰਘ, ਜਿਸਦਾ ਪਹਿਲਾਂ ਇੱਕ ਟੈਲੀਕਾਮ ਠੇਕੇਦਾਰ ਨਾਲ ਤਜਰਬਾ ਸੀ, ਨੇ ਆਪਣੇ ਭਰਾ ਅਵਲਜੀਤ ਸਿੰਘ ਨਾਲ ਮਿਲ ਕੇ ਟਾਵਰ ਸਾਈਟਾਂ ਨੂੰ ਨਿਸ਼ਾਨਾ ਬਣਾਉਣ ਲਈ ਆਪਣੇ ਤਕਨੀਕੀ ਗਿਆਨ ਦੀ ਵਰਤੋਂ ਕੀਤੀ। ਪੁਲਿਸ ਅਨੁਸਾਰ ਸਿਤਾਰ ਮੁਹੰਮਦ ਨੇ ਕਬੂਲ ਕੀਤਾ ਕਿ ਉਸਨੇ 25 ਤੋਂ ਵੱਧ ਚੋਰੀ ਕੀਤੇ BBU ਯੂਨਿਟ ਅਤੇ ਸਹਾਇਕ ਉਪਕਰਣ ਪ੍ਰਾਪਤ ਕੀਤੇ ਸਨ, ਜੋ ਕਿ ਰਾਜਪੁਰਾ ਦੇ ਸਕ੍ਰੈਪ ਡੀਲਰ ਸ਼ਵੇਜ਼ ਅਹਿਮਦ ਉਰਫ ਪ੍ਰਿੰਸ ਨੂੰ ਵੇਚੇ ਗਏ ਸਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਗਿਰੋਹ ਨੇ ਕੀ ਟੈਲੀਕਮ ਟਾਵਰਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਵੀ ਕਬੂਲੀ ਹੈ। ਪੁਲਿਸ ਨੇ ਮੁਲਜ਼ਮਾਂ ਤੋਂ ਜੰਪਰ ਕੇਬਲਾਂ ਦੇ 5 ਬੰਡਲ,4 CDW ਯੂਨਿਟ,2 ਰੇਡੀਓ ਯੂਨਿਟ,3 RRU ਯੂਨਿਟ,1 RTN ਯੂਨਿਟ,1 ਪਾਵਰ ਸਪਲਾਈ ਬਾਕਸ ਅਤੇ ਇੱਕ ਪੱਖਾ ਯੂਨਿਟ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਐਸਐਸਪੀ ਨੇ ਦੱਸਿਆ ਕਿ ਪੂਰੀ ਸਪਲਾਈ ਚੇਨ ਦਾ ਪਤਾ ਲਾਉਣ, ਬਾਕੀ ਚੋਰੀ ਹੋਏ ਉਪਕਰਣਾਂ ਨੂੰ ਬਰਾਮਦ ਕਰਨ ਅਤੇ ਫਰਾਰ ਸ਼ੱਕੀਆਂ ਨੂੰ ਫੜਨ ਲਈ ਹੋਰ ਜਾਂਚ ਜਾਰੀ ਹੈ।