ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਡਾ਼ ਰੂਬਲ ਕਨੋਜੀਆ ਦੀ ਏਡੀਬੀ ਅਤੇ ਗੂਗਲ ਵੱਲੋਂ ਏਆਈ ਟਰੇਨਰ ਵਜੋਂ ਚੋਣ
ਅਸ਼ੋਕ ਵਰਮਾ
ਬਠਿੰਡਾ, 26 ਜੂਨ 2025 : ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਲਈ ਇਹ ਇੱਕ ਮਾਣ ਵਾਲੀ ਗੱਲ ਹੈ ਕਿ ਉਹਨਾਂ ਦੇ ਪੱਤਰਕਾਰਤਾ ਅਤੇ ਜਨ ਸੰਚਾਰ ਵਿਭਾਗ ਦੇ ਮੁਖੀ ਅਤੇ ਐਸੋਸੀਏਟ ਪ੍ਰੋਫੈਸਰ ਡਾ. ਰੂਬਲ ਕਨੌਜੀਆ ਨੂੰ ਏਸ਼ੀਅਨ ਵੈਂਚਰ ਫਿਲੈਂਥਰੋਪੀ ਨੈੱਟਵਰਕ ਦੁਆਰਾ ਗੂਗਲ (Google.org) ਅਤੇ ਏਸ਼ੀਅਨ ਡਿਵੈਲਪਮੈਂਟ ਬੈਂਕ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ‘ਏਡੀਰਾ (ADiRA) – ਏ.ਆਈ. ਫਾਰ ਡਿਜੀਟਲ ਰੈਡੀਨੇਸ ਐਂਡ ਐਡਵਾਂਸਮੈਂਟ' ਅਧੀਨ ਟ੍ਰੇਨਿੰਗ ਆਫ਼ ਟ੍ਰੇਨਰਜ਼ ਨੈਸ਼ਨਲ ਪ੍ਰੋਗਰਾਮ ਲਈ ਚੁਣਿਆ ਗਿਆ ਹੈ।ਡੇਟਾਲੀਡਜ਼ ਵੱਲੋਂ ਸੰਚਾਲਿਤ ਕੀਤੇ ਜਾ ਰਹੀ ਇਹ ਯੋਜਨਾ ਭਾਰਤ ਭਰ ਦੇ ਮੀਡੀਆ ਪੇਸ਼ੇਵਰਾਂ ਅਤੇ ਸਿਹਤ ਸੇਵਾਵਾਂ ਨਾਲ ਜੁੜੇ ਕਰਮਚਾਰੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦੇ ਵਿਅਵਹਾਰਿਕ ਹੁਨਰਾਂ ਨਾਲ ਲੈਸ ਕਰਕੇ ਉਨ੍ਹਾਂ ਨੂੰ ਡਿਜ਼ੀਟਲ ਯੁੱਗ ਦੀਆਂ ਲੋੜਾਂ ਲਈ ਤਿਆਰ ਕਰਨ ਉੱਤੇ ਕੇਂਦ੍ਰਿਤ ਹੈ। ਇਸਦਾ ਉਦੇਸ਼ ਅਜਿਹੇ ਟ੍ਰੇਨਰਾਂ ਦਾ ਜਾਲ ਬਣਾਉਣਾ ਹੈ ਜੋ ਆਪਣੇ ਸੰਸਥਾਨਾਂ ਵਿੱਚ ਏਆਈ ਦੇ ਪ੍ਰਭਾਵਸ਼ਾਲੀ ਨਾਗਰਿਕ ਉਪਯੋਗ ਨੂੰ ਅੱਗੇ ਲੈ ਕੇ ਜਾਣ।
ਡਾ. ਕਨੌਜੀਆ ਨੂੰ ਮੀਡੀਆ ਸਿੱਖਿਆ, ਖੋਜ, ਡਿਜੀਟਲ ਸਾਖਰਤਾ ਅਤੇ ਗਲਤ ਜਾਣਕਾਰੀ ਖ਼ਿਲਾਫ਼ ਜਾਗਰੂਕਤਾ ਦੇ ਖੇਤਰ ਵਿੱਚ ਉਨ੍ਹਾਂ ਦੇ ਲਗਾਤਾਰ ਯੋਗਦਾਨ ਲਈ ਚੁਣਿਆ ਗਿਆ ਹੈ। ਉਨ੍ਹਾਂ ਕੋਲ ਪ੍ਰਸਾਰਣ ਪੱਤਰਕਾਰਤਾ, ਅਧਿਆਪਨ ਅਤੇ ਜਨ ਸੰਚਾਰ ਵਿੱਚ 15 ਸਾਲ ਤੋਂ ਵੱਧ ਦਾ ਅਨੁਭਵ ਹੈ। ਉਹ ਗੂਗਲ ਨਿਊਜ਼ ਇਨੀਸ਼ੀਏਟਿਵ ਦੇ ਫੈਕਟ-ਚੈਕਿੰਗ ਨੈੱਟਵਰਕ ਅਤੇ ਫੈਕਟਸ਼ਾਲਾ ਵਰਗੀਆਂ ਰਾਸ਼ਟਰੀ ਪਹਿਲਕਦਮੀਆਂ ਨਾਲ ਜੁੜ ਕੇ ਸੈਂਕੜੇ ਮੀਡੀਆ ਪੇਸ਼ੇਵਰਾਂ ਨੂੰ ਗਲਤ ਜਾਣਕਾਰੀ ਦੀ ਪੜਤਾਲ ਕਰਨ ਦੀ ਸਿਖਲਾਈ ਦੇ ਚੁੱਕੇ ਹਨ। ਉਹ ਭਾਰਤੀ ਸਮਾਜਿਕ ਵਿਗਿਆਨ ਅਨੁਸੰਦਾਨ ਪਰਿਸ਼ਦ ਅਤੇ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਆਰਥਿਕ ਤੌਰ 'ਤੇ ਸਮਰਥਤ ਕਈ ਮਹੱਤਵਪੂਰਨ ਖੋਜ ਪ੍ਰੋਜੈਕਟਾਂ ਦੇ ਪ੍ਰਿੰਸੀਪਲ ਜਾਂਚਕਰਤਾ ਰਹੇ ਹਨ।ਉਨ੍ਹਾਂ ਦੀ ਖੋਜ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਪ੍ਰਸੰਸਾ ਯੋਗ ਰਹੀ ਹੈ। ਉਨ੍ਹਾਂ ਨੇ ਯੂਨੀਵਰਸਿਟੀ ਆਫ਼ ਓਰੇਗਨ (ਪੋਰਟਲੈਂਡ, ਅਮਰੀਕਾ) ਅਤੇ ਅਮਰੀਕਨ ਯੂਨੀਵਰਸਿਟੀ (ਦੁਬਈ) ਵਿੱਚ ਆਪਣੇ ਖੋਜ ਪੇਸ਼ ਕਰਕੇ ਵਿਸ਼ਵ ਪੱਧਰੀ ਮੰਚਾਂ 'ਤੇ ਡਿਜੀਟਲ ਗਲਤ ਜਾਣਕਾਰੀ ਅਤੇ ਮੀਡੀਆ ਸਾਖਰਤਾ ਸੰਬੰਧੀ ਰੁਝਾਨਾਂ ਉੱਤੇ ਵਿਚਾਰ ਸਾਂਝੇ ਕੀਤੇ ਹਨ। ਉਨ੍ਹਾਂ ਨੂੰ 2020 ਅਤੇ 2021 ਵਿੱਚ ਲਗਾਤਾਰ ਹਿਊਮੈਨਿਟੀਜ਼ ਅਤੇ ਸੋਸ਼ਲ ਸਾਇੰਸਜ਼ ਰਿਸਰਚ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾਰੀ ਨੇ ਡਾ. ਕਨੌਜੀਆ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਰਾਸ਼ਟਰੀ ਪੱਧਰੀ ਉਪਰਾਲੇ ਵਿੱਚ ਡਾ. ਕਨੌਜੀਆ ਦੀ ਚੋਣ, ਉਨ੍ਹਾਂ ਦੀ ਸਕਾਲਰਸ਼ਿਪ ਅਤੇ ਪੰਜਾਬ ਕੇਂਦਰੀ ਯੂਨੀਵਰਸਿਟੀ ਵੱਲੋਂ ਅੰਤਰ-ਅਨੁਸ਼ਾਸਨੀ ਨਵੀਨਤਾ ਪ੍ਰਤੀ ਨਿਭਾਈ ਜਾ ਰਹੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਜੋ ਕਿ ਯੂਨੀਵਰਸਿਟੀ ਲਈ ਮਾਣ ਦੀ ਗੱਲ ਹੈ।