ਬਰਸਾਤੀ ਸੀਜਨ ਦੌਰਾਨ ਮੱਛੀਆਂ ਦੇ ਬਚਾਅ ਲਈ ਮੱਛੀ ਪਾਲਕਾਂ ਨੂੰ ਐਡਵਾਈਜਰੀ ਜਾਰੀ – ਮੱਛੀ ਪਾਲਣ ਵਿਭਾਗ
- ਪਾਣੀ ਦੇ ਓਵਰਫਲੋ ਨਾਲ ਮੱਛੀ ਨਾ ਜਾਵੇ ਤਲਾਅ ਤੋਂ ਬਾਹਰ, ਪਾਣੀ ਦੇ ਸਤਰ ਨੂੰ ਕੀਤਾ ਜਾਵੇ ਘੱਟ
ਮਾਲੇਰਕੋਟਲਾ 26 ਜੂਨ 2025 - ਮੱਛੀ ਪਾਲਣ ਵਿਭਾਗ ਦੇ ਸਹਾਇਕ ਡਾਇਰੈਕਟਰ ਦਵਿੰਦਰ ਸਿੰਘ ਵੱਲ਼ੋਂ ਮੱਛੀ ਪਾਲਕਾਂ ਨੂੰ ਬਰਸਾਤੀ ਮੌਸਮ ਦੌਰਾਨ ਮੱਛੀਆਂ ਦੇ ਬਚਾਅ ਕਰਨ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ । ਉਹਨਾਂ ਦੱਸਿਆ ਕਿ ਬਰਸਾਤਾਂ ਦੇ ਮੌਸਮ ਦੌਰਾਨ ਤਲਾਅ ਨੂੰ ਨੱਕੋ ਨੱਕ ਨਹੀਂ ਭਰਨਾ ਚਾਹੀਦਾ। ਪਾਣੀ ਦੀ ਸਤਹ ਤੋਂ ਉੱਪਰ 1.5 ਤੋਂ 2.0 ਫੁੱਟ ਥਾਂ ਖਾਲੀ ਰੱਖਣੀ ਚਾਹੀਦੀ ਹੈ ਤਾਂ ਜੋ ਘਣੀ ਵਰਖਾ ਦਾ ਪਾਣੀ ਤਲਾਅ ਵਿੱਚ ਸਮਾ ਸਕੇ ਅਤੇ ਪਾਣੀ ਦੇ ਓਵਰ ਫਲੋ ਨਾਲ ਮੱਛੀ ਤਲਾਅ ਚੋਂ ਬਾਹਰ ਨਾ ਰੁੜ ਸਕੇ। ਤਲਾਅ ਦੇ ਬੰਨ੍ਹਾਂ ਦੀ ਉਚਾਈ ਦੇ ਆਸਪਾਸ ਇਲਾਕੇ ਦੇ ਹਿਸਾਬ ਨਾਲ ਇਸ ਪ੍ਰਕਾਰ ਰੱਖੋ ਕਿ ਤਲਾਅ ਦੇ ਆਲੇ-ਦੁਆਲੇ ਦੇ ਖੇਤਰ ਤੋਂ ਬਰਸਾਤੀ ਪਾਣੀ ਰੁੜ ਕੇ ਤਲਾਅ ਵਿੱਚ ਪ੍ਰਵੇਸ਼ ਨਾ ਕਰ ਸਕੇ। ਬਰਸਾਤਾਂ ਦੌਰਾਨ ਤਲਾਅ ਵਿੱਚ ਨਹਰੀ ਪਾਣੀ ਲਗਾਉਣ ਸਮੇਂ ਪਾਈਪ ਦੇ ਮੂੰਹ ਤੇ ਬਰੀਕ ਜਾਲੀ ਬੰਨ ਕੇ ਤਲਾਅ ਵਿੱਚ ਅਣਚਾਹੀ ਮੱਛੀ ਦੇ ਪ੍ਰਵੇਸ਼ ਨੂੰ ਰੋਕਿਆ ਜਾ ਸਕਦਾ ਹੈ।
ਉਹਨਾਂ ਅੱਗੇ ਦੱਸਿਆ ਕਿ ਬੰਨ੍ਹਾਂ ਦੇ ਖੁਰ ਜਾਣ ਕਾਰਨ ਤਲਾਅ ਦਾ ਪਾਣੀ ਮੈਲਾ ਹੋ ਜਾਂਦਾ ਹੈ, ਜਿਸ ਕਰਕੇ ਪਾਣੀ ਵਿੱਚ ਸੂਰਜ ਦੀਆਂ ਕਿਰਨਾਂ ਦੇ ਪ੍ਰਵੇਸ਼ ਤੇ ਰੋਕ ਲੱਗਦੀ ਹੈ ਅਤੇ ਪ੍ਰਕਾਸ਼ ਸੰਸਲੇਸ਼ਨ ਦੀ ਕਿਰਿਆ ਘੱਟ ਜਾਣ ਕਾਰਨ ਪਾਣੀ ਵਿੱਚ ਆਕਸੀਜਨ ਦੀ ਮਾਤਰਾ ਵੀ ਘੱਟ ਜਾਂਦੀ ਹੈ। ਤਲਾਅ ਦੇ ਬੰਨ੍ਹਾਂ ਤੇ ਚੂਨਾ ਖਿਲਾਰਨਾ ਚਾਹੀਦਾ ਹੈ, ਤਾਂ ਜੋ ਉਹ ਮੀਂਹ ਦੇ ਪਾਣੀ ਨਾਲ ਤਲਾਅ ਵਿੱਚ ਮਿਲ ਕੇ ਪਾਣੀ ਦਾ ਪੀ.ਐਚ. ਠੀਕ ਰੱਖੇ।
ਇਸ ਮੌਕੇ ਮੱਛੀ ਪਾਲਣ ਅਫਸਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਮੱਛੀ ਪਾਲਣ ਵਿਭਾਗ ਵੱਲੋਂ ਹਰ ਮਹੀਨੇ 5 ਦਿਨਾਂ ਦਾ ਮੁਫਤ ਟ੍ਰੇਨਿੰਗ ਕੈਂਪ ਲਗਾਇਆ ਜਾਂਦਾ ਹੈ, ਜਿਸ ਵਿੱਚ 18 ਸਾਲ ਤੋਂ ਉੱਪਰ ਕੋਈ ਵੀ ਵਿਅਕਤੀ ਭਾਗ ਲੈ ਕੇ ਮੱਛੀ ਪਾਲਣ ਕਿੱਤੇ ਸਬੰਧੀ ਮੁੱਢਲੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ ਅਤੇ ਪ੍ਰਧਾਨ ਮੰਤਰੀ ਮਤੱਸਯਾ ਯੋਜਨਾ (PMMSY) ਸਕੀਮ ਅਧੀਨ ਨਵੇਂ ਤਲਾਬ ਦੀ ਉਸਾਰੀ, ਮੱਛੀ ਵਿਕਰੇਤਾਵਾਂ ਲਈ ਮੋਟਰ ਸਾਇਕਲ ਵਿਦ ਆਇਸ ਬਾਕਸ, ਥ੍ਰੀ ਵੀਹਲਰ, ਫਿਸ਼ ਕਿਉਸਿਕ, ਆਦਿ ਤੇ 60% ਐੱਸ.ਸੀ/ਐੱਸ.ਟੀ/ਔਰਤਾਂ ਅਤੇ 40% ਜਨਰਲ ਵਰਗ ਲਈ ਸਬਸਿਡੀ ਦੀ ਸਹੂਲਤ ਉਪਲੰਬਧ ਹੈ। ਇਸ ਤੋਂ ਇਲਾਵਾ ਵਧੇਰੇ ਜਾਣਕਾਰੀ ਲਈ ਦਫਤਰ ਦੇ ਮੋਬਾਇਲ ਨੰ. 98556-14842 ਤੇ ਸੰਪਰਕ ਕੀਤਾ ਜਾ ਸਕਦਾ ਹੈ।