ਸਿਵਲ ਸਰਜਨ ਵੱਲੋਂ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਸਮੇਂ ਸਿਰ ਟੀਕਾਕਰਨ ਕਰਵਾਉਣ ਦਾ ਸੱਦਾ
ਅਸ਼ੋਕ ਵਰਮਾ
ਬਠਿੰਡਾ, 25 ਜੂਨ 2025 :ਸਿਵਲ ਸਰਜਨ ਡਾ ਰਮਨਦੀਪ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ ਮੀਨਾਕਸ਼ੀ ਸਿੰਗਲਾ ਜਿਲ੍ਹਾ ਟੀਕਾਕਰਣ ਅਫ਼ਸਰ ਦੀ ਦੇਖ ਰੇਖ ਵਿੱਚ ਜਿਲ੍ਹਾ ਬਠਿੰਡਾ ਵਿੱਚ 11 ਮਾਰੂ ਬਿਮਾਰੀਆਂ ਤੋਂ ਬਚਾਓ ਲਈ ਟੀਕਾਕਰਣ ਮੁਹਿੰਮ ਚੱਲ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਰਮਨਦੀਪ ਸਿੰਗਲਾ ਨੇ ਦੱਸਿਆ ਕਿ ਇਹ ਟੀਕਾਕਰਣ ਹਰ ਹਫ਼ਤੇ ਬੁੱਧਵਾਰ ਕੀਤਾ ਜਾਂਦਾ ਹੈ। ਜਨਮ ਤੋਂ ਲੈ ਕੇ 16 ਸਾਲ ਤੱਕ ਦੀ ਉਮਰ ਦੇ ਬੱਚਿਆਂ ਦਾ ਟੀਕਾਕਰਣ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਗਰਭਵਤੀ ਔਰਤਾਂ ਦੇ ਵੀ ਟੈਟਨਸ ਦੇ ਟੀਕੇ ਲਗਾਏ ਜਾਂਦੇ ਹਨ। ਉਹਨਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਟੀਕਾਕਰਣ ਦਾ 100 ਪ੍ਰਤੀਸ਼ਤ ਟੀਚਾ ਪ੍ਰਾਪਤ ਕੀਤਾ ਜਾਵੇ।
ਜਿਲ੍ਹਾ ਟੀਕਾਕਰਣ ਅਫ਼ਸਰ ਡਾ ਮੀਨਾਕਸ਼ੀ ਸਿੰਗਲਾ ਨੇ ਕਿਹਾ ਕਿ ਗਰਭ ਦੌਰਾਨ ਗਰਭਵਤੀ ਮਾਵਾਂ ਨੂੰ 2 ਟੈਟਨਸ ਦੇ ਟੀਕੇ ਲਗਵਾਉਣ ਨਾਲ ਮਾਂ ਅਤੇ ਬੱਚੇ ਨੂੰ ਟੈਟਨਸ ਬਿਮਾਰੀ ਤੋਂ ਬਚਾਇਆ ਜਾ ਸਕਦਾ ਹੈ। ਬੱਚੇ ਨੂੰ ਜਨਮ ਤੋਂ ਤੁਰੰਤ ਬਾਅਦ ਬੀ ਸੀ ਜੀ, ਪੋਲੀਓ ਬੂੰਦਾ ਅਤੇ ਹੈਪਾਟਾਈਟਸ ਦਾ ਟੀਕਾਕਰਣ, ਡੇਢ, ਢਾਈ ਅਤੇ ਸਾਢੇ ਤਿੰਨ ਮਹੀਨੇ ਤੇ ਪੈਟਾਵੈਲੈਂਟ, ਪੋਲੀਓ ਬੂੰਦਾਂ ਅਤੇ ਰੋਟਾ ਨਿਮੋਕੋਕਲ, ਨੌ ਮਹੀਨੇ ਪੂਰੇ ਹੋਣ ਤੇ ਐਮ.ਆਰ., ਨਿਮੋਕੋਕਲ ਅਤੇ ਵਿਟਾਮਿਨ—ਏ, 16 ਮਹੀਨੇ ਤੋਂ 2 ਸਾਲ ਐਮ.ਆਰ., ਡੀ.ਪੀ.ਟੀ., ਪੋਲੀਓ ਅਤੇ ਵਿਟਾਮਿਨ—ਏ ਜਰੂਰ ਲਗਵਾਉ । ਪੰਜ ਸਾਲ ਤੇ ਡੀ.ਪੀ.ਟੀ. ਦੂਜੀ ਬੂਸਟਰ, 10 ਅਤੇ 16 ਸਾਲ ਤੇ ਟੀ.ਡੀ. ਦਾ ਟੀਕਾਕਰਣ ਕਰਵਾਓ।
ਉਹਨਾਂ ਦੱਸਿਆ ਕਿ ਬੀ.ਸੀ.ਜੀ. ਦਾ ਟੀਕਾ ਬੱਚੇ ਨੂੰ ਟੀ.ਬੀ. ਤੋਂ, ਪੋਲੀਓ ਬੂੰਦਾਂ ਪੋਲੀਓ ਦੀ ਬਿਮਾਰੀ ਤੋਂ, ਹੈਪਾਟਾਈਟਸ ਪੀਲੀਏ ਤੋਂ, ਰੋਟਾਵਾਇਰਸ ਦਾ ਦਸਤ ਤੋਂ, ਨਿਮੋਕੋਕਲ ਦਾ ਨਿਮੋਨੀਏ ਤੋਂ, ਪੈਂਟਾਵੈਂਲੈਂਟ ਦਾ ਟੀਕਾ ਪੰਜ ਬਿਮਾਰੀਆਂ ਗਲਘੋਟੂ ਕਾਲੀ ਖਾਂਸੀ ਟੈਟਨਸ ਪੀਲੀਏ ਇਨਫਲੂਏਂਜਾ, ਐਮ. ਆਰ. ਦਾ ਟੀਕਾ ਖਸਰੇ ਅਤੇ ਰੂਬੇਲਾ, ਡੀ.ਪੀ.ਟੀ. ਦਾ ਗਲਘੋਟੂ ਕਾਲੀ ਖੰਘ ਟੈਟਨਸ ਬਿਮਾਰੀਆਂ ਤੋਂ ਬਚਾਉਂਦੇ ਹਨ। ਵਿਟਾਮਿਨ—ਏ ਦੀ ਪਹਿਲੀ ਖੁਰਾਕ 9 ਮਹੀਨੇ ਤੋਂ ਸ਼ੁਰੂ ਕਰਕੇ 6—6 ਮਹੀਨੇ ਦੇ ਫਰਕ ਤੇ 5 ਸਾਲ ਤੱਕ ਦੀ ਉਮਰ ਤੱਕ ਪਿਲਾਓ। ਉਹਨਾਂ ਕਿਹਾ ਕਿ ਟੀਕਾਕਰਣ ਨਾਲ ਬੱਚਿਆਂ ਨੂੰ ਹਲਕਾ ਫੁਲਕਾ ਬੁਖਾਰ ਹੋ ਸਕਦਾ ਹੈ, ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ।