ਭਗਤ ਕਬੀਰ ਜੀ ਦੇ ਸੰਦੇਸ਼ ਦਾ ਮੌਜੂਦਾ ਯੁੱਗ ਵਿਚ ਬੇਹੱਦ ਮਹੱਤਵ : ਕੈਬਨਿਟ ਮੰਤਰੀ ਮੋਹਿੰਦਰ ਭਗਤ
-627ਵੇਂ ਪ੍ਰਕਾਸ਼ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਸਮਾਗਮ
ਮੰਦਿਰ ਕਮੇਟੀ ਨੂੰ 25 ਲੱਖ ਰੁਪਏ ਦੇਣ ਦਾ ਕੀਤਾ ਐਲਾਨ
ਜਲੰਧਰ, 12 ਜੂਨ :
ਭਗਤ ਕਬੀਰ ਜੀ ਮਹਾਨ ਸਮਾਜ ਸੁਧਾਰਕ ਸਨ, ਜਿਨ੍ਹਾਂ ਨੇ ਸਮੁੱਚੀ ਮਾਨਵਤਾ ਨੂੰ ਸੱਚ, ਪਿਆਰ, ਅਹਿੰਸਾ, ਸਦਾਚਾਰ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ, ਜਿਸ ਦੀ ਮੌਜੂਦਾ ਪਦਾਰਥਵਾਦੀ ਯੁੱਗ ਵਿਚ ਬੇਹੱਦ ਮਹੱਤਤਾ ਹੈ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਮੋਹਿੰਦਰ ਭਗਤ ਨੇ ਸਥਾਨਕ ਸਤਿਗੁਰੂ ਕਬੀਰ ਮੁੱਖ ਮੰਦਰ ਭਾਰਗਵ ਨਗਰ ਵਿਖੇ ਭਗਤ ਕਬੀਰ ਜੀ ਦੇ 627ਵੇਂ ਪ੍ਰਕਾਸ਼ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਜੁੜੀਆਂ ਸੰਗਤਾਂ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਅਤੇ ਮੇਅਰ ਵਿਨੀਤ ਧੀਰ ਵੀ ਮੌਜੂਦ ਸਨ।
ਉਨ੍ਹਾਂ ਕਿਹਾ ਕਿ ਭਗਤ ਕਬੀਰ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਹਮੇਸ਼ਾ ਹੀ ਆਵਾਮ ਦਾ ਮਾਰਗ ਦਰਸ਼ਨ ਕਰਦੀ ਰਹੇਗੀ ਜੋ ਕਿ ਜਾਤ, ਨਸਲ ਅਤੇ ਧਰਮ ਤੋਂ ਉਪਰ ਉਠਣ ਦਾ ਸੁਨੇਹਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਭਗਤ ਕਬੀਰ ਜੀ ਦਾ ਸਰਬ ਸਾਂਝੀਵਾਲਤਾ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਬੀਰ ਸਾਹਿਬ ਦੀ ਬਾਣੀ ਸਾਨੂੰ ਸ਼ੁੱਧ ਵਿਚਾਰਧਾਰਾ ਦਾ ਸੰਦੇਸ਼ ਦਿੰਦੀ ਹੈ ਜਿਸ ਤੋਂ ਸਿੱਖਿਆ ਲੈ ਕੇ ਅਸੀਂ ਆਪਣਾ ਜੀਵਨ ਸਫ਼ਲ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਭਗਤ ਕਬੀਰ ਜੀ ਨੇ ਸਮਾਜ ਵਿਚ ਸਮਾਜਿਕ ਬੁਰਾਈਆਂ ਜਾਤੀ ਪ੍ਰਥਾ, ਛੂਤ-ਛਾਤ ਅਤੇ ਊਚ-ਨੀਚ ਦੇ ਖ਼ਾਤਮੇ ਲਈ ਲੰਬਾ ਸੰਘਰਸ਼ ਕੀਤਾ ਸ਼੍ਰੀ ਭਗਤ ਨੇ ਕਿਹਾ ਕਿ ਉਹੀ ਕੌਮਾਂ ਹਮੇਸ਼ਾ ਅਗਾਂਹ ਵਧਦੀਆਂ ਅਤੇ ਤਰੱਕੀ ਕਰਦੀਆਂ ਹਨ, ਜਿਹੜੀਆਂ ਆਪਣੇ ਗੁਰੂਆਂ-ਪੀਰਾਂ ਨੂੰ ਯਾਦ ਰੱਖਦੀਆਂ ਹੋਈਆਂ ਹਮੇਸ਼ਾ ਉਨ੍ਹਾਂ ਦੇ ਪੂਰਨਿਆਂ ’ਤੇ ਚੱਲਦੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਭਗਤ ਕਬੀਰ ਜੀ ਸਮੇਤ ਸਾਰੇ ਧਰਮਾਂ ਦੇ ਗੁਰੂਆਂ-ਪੀਰਾਂ ਵੱਲੋਂ ਦਰਸਾਏ ਗਏ ਸਾਂਝੀਵਾਲਤਾ ਅਤੇ ਸਮਾਜਿਕ ਨਿਆਂ ਦੇ ਮਾਰਗ ’ਤੇ ਚਲਦਿਆਂ ਸਮੂਹ ਵਰਗਾਂ ਦੀ ਭਲਾਈ ਲਈ ਭਰਪੂਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਭਗਤ ਕਬੀਰ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਰਾਜ ਦੇ ਸਮਾਜਿਕ ਤੇ ਆਰਥਿਕ ਤੌਰ ’ਤੇ ਪੱਛੜੇ ਲੋਕਾਂ ਦਾ ਜੀਵਨ ਮਿਆਰ ਉੱਚਾ ਚੁੱਕਣ ਲਈ ਵਿਸ਼ੇਸ਼ ਸਕੀਮਾਂ ਹੋਂਦ ਵਿਚ ਲਿਆਂਦੀਆਂ ਗਈਆਂ ਹਨ।
ਇਸ ਮੌਕੇ ਉਨ੍ਹਾਂ ਆਪਣੇ ਅਖਤਿਆਰੀ ਫੰਡ ਵਿਚੋਂ ਮੰਦਿਰ ਕਮੇਟੀ ਨੂੰ 25 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਪ੍ਰਸਿੱਧ ਗਾਇਕ ਮਾਸ਼ਾ ਅਲੀ ਅਤੇ ਹੋਰਨਾਂ ਕਲਾਕਾਰਾਂ ਨੇ ਭਜਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਆਪ ਆਗੂ ਦਿਨੇਸ਼ ਢੱਲ, ਐਸ.ਡੀ.ਐਮ. ਜਲੰਧਰ-2 ਸ਼ਾਇਰੀ ਮਲਹੋਤਰਾ, ਤਹਿਸੀਲਦਾਰ ਪਰਵੀਨ ਕੁਮਾਰ ਸਿੰਗਲਾ, ਸਤਿਗੁਰੂ ਕਬੀਰ ਸਭਾ ਭਾਰਗਵ ਨਗਰ ਦੇ ਚੇਅਰਮੈਨ ਸਤੀਸ਼ ਭਗਤ ਬਿੱਲਾ, ਪ੍ਰਧਾਨ ਰਾਕੇਸ਼ ਕੁਮਾਰ ਭਗਤ, ਉੱਪ ਪ੍ਰਧਾਨ ਰਵੀ ਕੁਮਾਰ, ਕੈਸ਼ੀਅਰ ਦੁਸ਼ਿਅੰਤ ਭਗਤ, ਚੇਅਰਮੈਨ ਅੰਮ੍ਰਿਤਪਾਲ ਸਿੰਘ, ਸੰਜੀਵ ਭਗਤ, ਸੁਦੇਸ਼ ਭਗਤ, ਰਜਨੀਸ਼ ਚੱਢਾ, ਸ਼ੋਭਾ ਭਗਤ, ਅਜੇ ਅੱਜੂ, ਬਲਵਿੰਦਰ ਬਿੱਟੂ, ਸੋਮ ਨਾਥ, ਬੰਟੀ, ਅਜੇ ਨੰਨੂ, ਜਸਵੰਤ ਪੰਮਾ, ਦੀਪਕ, ਰਮਨ ਗੋਲੂ, ਅਸ਼ਵਨੀ ਬਿੱਟੂ, ਅਸ਼ਵਨੀ ਬੱਬੂ, ਬਲਦੇਵ ਰਾਜ, ਸੁਦੇਸ਼, ਸੌਰਵ ਸੇਠ, ਬਬਲੀ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਹਾਜ਼ਰ ਸਨ।