ਮਾਂ ਬੋਲੀ ਪੰਜਾਬੀ ਨਾਲ ਬਾਲਾਂ ਤੇ ਨਵੀਂ ਪੀੜ੍ਹੀ ਜੋੜ ਕੇ ਰੱਖਣ, ਬੋਲੀ 'ਚ ਮਿਠਾਸ ਬਹਾਲ ਕਰਨ ਲਈ ਸ਼ੁਰੂ ਕੀਤੇ ਯਤਨ ਪੰਜਾਬ ਸਕੂਲ ਬੋਰਡ ਨੇ
ਚੋਣਵੇਂ ਪੰਜਾਬੀ ਪੱਤਰਕਾਰਾਂ ਨਾਲ ਕੀਤੀ ਗੋਲਮੇਜ਼ ਕਾਨਫ਼ਰੰਸ ਕਰਕੇ ਕੀਤੀ ਡੂੰਘੀ ਵਿਚਾਰ ਚਰਚਾ
ਮੀਡੀਆ,ਸਾਹਿਤਕ ਤੇ ਅਕਾਦਮਿਕ ਹਲਕੇ ਰਲ ਕੇ ਕਰ ਸਕਦੇ ਹਨ,ਪੰਜਾਬੀ ਦੀ ਸ਼ਾਨ ਬਹਾਲ ਡਾ.ਅਮਰਪਾਲ ਸਿੰਘ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਾਬੀ ਭਾਸ਼ਾ ਦੀ ਵਰਤੋਂ ਵਿੱਚ ਮਿਠਾਸ ਬਹਾਲ ਕਰਨ ਹਿਤ ਉਪਰਾਲੇ
ਮੁਹਾਲੀ 09 ਜੂਨ 2025- “ਬਚਪਨ ਵਿੱਚ ਸਿੱਖੀ ਭਾਸ਼ਾ ਹੀ ਕਿਸੇ ਵਿਅਕਤੀ ਦੀ ਮੁਢਲੀ ਬੋਲੀ ਬਣਦੀ ਹੈ ਤੇ ਉਸ ਵਿਰਸੇ ਨੂੰ ਵਿਅਕਤੀ ਬਾਕੀ ਸਾਰੀ ਉਮਰ ਸੰਭਾਲਦਾ ਹੈ। ਦੋਸਤ ਬੋਲੀਆਂ ਦਾ ਅਸਰ ਵੀ ਬਚਪਨ ਵਿੱਚ ਸਿੱਖੀਆਂ ਰਹੁ-ਰੀਤਾਂ ਉੱਤੇ ਪੈਂਦਾ ਹੈ ਪਰ ਜੇਕਰ ਮਾਂ ਬੋਲੀ ਦੀ ਸਰਵ-ਉੱਚਤਾ ਵਿਅਕਤੀ ਦੇ ਮਨ ਵਿੱਚ ਵੱਸ ਜਾਵੇ ਤਾਂ ਮਨੁੱਖੀ ਵਿਕਾਸ ਦੇ ਨਾਲ-ਨਾਲ ਵਿਅਕਤੀ ਦੇ ਸਰਵ ਪੱਖੀ ਵਿਕਾਸ ਵਿੱਚ ਕੋਈ ਅੜਿੱਕਾ ਨਹੀਂ ਬਣ ਸਕਦਾ।”
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਅੱਜ ਇੱਥੇ ਬੋਰਡ ਦੇ ਮੁੱਖ ਦਫ਼ਤਰ ਵਿੱਚ ‘ਮਾਖਿਓਂ ਮਿੱਠੀ ਪੰਜਾਬੀ ਕਿਵੇਂ ਬਣੇ ਨੌਜਵਾਨਾਂ ਅਤੇ ਬੱਚਿਆਂ ਦੇ ਬੋਲਾਂ ਦਾ ਸ਼ਿੰਗਾਰ’ ਵਿਸ਼ੇ ਤੇ ਗੋਲਮੇਜ਼ ਕਾਨਫ਼ਰੰਸ ਨੂੰ ਸੰਬੋਧਨ ਦੌਰਾਨ ਉਪਰੋਕਤ ਗੱਲ ਨੂੰ ਜਾਰੀ ਰੱਖਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਦੀ ਮਿੱਠ-ਬੋਲੜੀ ਸ਼ੈਲੀ ਨੂੰ ਸਮਾਜਿਕ ਪੱਖੋਂ ਬਹਾਲ ਕਰਨ ਲਈ ਮੀਡੀਆ ਦਾ ਵੱਡਾ ਰੋਲ ਹੋਵੇਗਾ, ਕਿਉਂਕਿ ਮੀਡੀਆ ਦੇ ਸਹਿਯੋਗ ਨਾਲ ਹੀ ਨੌਜਵਾਨਾਂ ਤੇ ਬੱਚਿਆਂ ਵਿੱਚ ਭਾਸ਼ਾ ਦੀ ਸ਼ਾਨ ਤੇ ਸਾਖ ਮੁੜ ਬਣ ਸਕੇਗੀ। ਕਾਨਫ਼ਰੰਸ ਵਿੱਚ ਪੰਜਾਬ ਭਰ ਤੋਂ ਵੱਖ-ਵੱਖ ਸੰਚਾਰ ਮਾਧਿਅਮਾਂ ਨਾਲ ਸੰਬੰਧਿਤ ਸ਼ਖ਼ਸੀਅਤਾਂ ਨੇ ਹਿੱਸਾ ਲਿਆ ਤੇ ਆਪੋ ਆਪਣੇ ਵਿਚਾਰ ਸਭ ਦੇ ਸਾਹਮਣੇ ਰੱਖੇ।
--
ਕਾਨਫ਼ਰੰਸ ਨੂੰ ਸੰਬੋਧਨ ਦੌਰਾਨ ਬਲਜੀਤ ਬੱਲੀ ਨੇ ਕਿਹਾ ਕਿ ਬਲਜੀਤ ਬੱਲੀ ਨੇ ਕਿਹਾ ਕਿ ਇੱਕ ਗੱਲ ਪੱਲੇ ਬੰਨ੍ਹ ਲਓ ਅਤੇ ਗ਼ਲਤ ਵਹਿਮੀ ਵਿੱਚ ਬਿਲਕੁਲ ਨਹੀਂ ਰਹਿਣਾ ਚਾਹੀਦਾ ਕਿ ਅਸੀਂ ਜੋ ਟਕਸਾਲੀ ਪੰਜਾਬੀ ਭਾਸ਼ਾ ਪਿਛਲੇ ਸਮੇਂ 'ਚ ਵਰਤਦੇ ਸੀ ਉਹੀ ਭਾਸ਼ਾ ਜਾਂ ਉਹੀ ਲਹਿਜ਼ਾ ਉਹੀ ਸ਼ਬਦਾਵਲੀ ਨਵੀਂ ਪੀੜੀ ਇਨ ਬਿਨ ਅਪਣਾ ਲਏਗੀ ਤੇ ਉਹ ਪੰਜਾਬੀ ਨਾਲ ਜੁੜੀ ਰਹੇ। ਵੈਸੇ ਤਾਂ ਹਰ ਭਾਸ਼ਾ ਹੀ ਸਮੇਂ ਤੇ ਸਥਾਨ ਦੇ ਨਾਲ ਬਦਲਦੀ ਰਹਿੰਦੀ ਹੈ, ਇਹਦੇ ਸਰੂਪ ਤੇ ਇਹਦੀ ਨੁਹਾਰ ਤੇ ਬਦਲਦੀ ਰਹਿੰਦੀ ਹੈ ਪਰ ਇਸ ਵੇਲੇ ਇੱਕ ਖ਼ਾਸ ਹਾਲਤ ਹੈ ਕਿ ਜੋ ਨਵਾਂ ਗਿਆਨ ਆ ਰਿਹਾ, ਉਹ ਸਾਰਾ ਜਾਂ ਬਹੁਤਾ ਅੰਗਰੇਜ਼ੀ ਚ ਹੈ ਅਤੇ ਜਿਹੜੀ ਹੁਣ ਇਸ ਵੇਲੇ ਸਾਡੀ ਬੋਲਚਾਲ ਵਾਲੀ ਭਾਸ਼ਾ ਸਾਡੇ ਬੱਚਿਆਂ ਦੀ ਸਾਡੇ ਨੌਜਵਾਨ ਪੀੜੀ ਦੀ ਇੱਥੋਂ ਤੱਕ ਕਿ ਸਾਡੀ ਸਭ ਦੀ ਵੀ ਉਹਦੇ ਵਿੱਚ ਬਾਹਰਲੀਆਂ ਭਾਸ਼ਾਵਾਂ ਖ਼ਾਸ ਕਰ ਅੰਗਰੇਜ਼ੀ ਦੀਆਂ ਭਾਸ਼ਾਵਾਂ ਦੇ ਸ਼ਬਦਾਂ ਦਾ ਰਲਾ ਬਹੁਤ ਹੋ ਗਿਆ, ਇਸ ਲਈ ਬੋਲ ਚਾਲ ਦੀ ਭਾਸ਼ਾ ਵੱਖਰੀ ਹੈ ਤੇ ਲਿਖਤੀ ਭਾਸ਼ਾ ਸਾਡੀ ਪੰਜਾਬੀ ਵੱਖਰੀ ਹੈ ਨਵੀਂ ਪੀੜੀ ਤੇ ਬੱਚਿਆਂ ਨੂੰ ਅਸੀਂ ਤਾਂ ਹੀ ਇਸ ਪੰਜਾਬੀ ਮਾਂ ਬੋਲੀ ਨਾਲ ਨਾਲ ਜੋੜ ਸਕਦੇ ਹਾਂ ਜੇਕਰ ਅਸੀਂ ਬੋਲਚਾਲ ਦੀ ਭਾਸ਼ਾ ਦੇ ਵਿੱਚ ਹੀ ਸਮੱਗਰੀ ਤਿਆਰ ਕਰਕੇ ਉਹਨਾਂ ਨੂੰ ਦੇਈਏ, ਜਿਸ ਵਿੱਚ ਨਵੀਂ ਟੈਕਨਾਲੋਜੀ ਨਵੀਂ ਸ਼ਬਦਾਵਲੀ ਨੂੰ ਗੁਰਮੁਖੀ ਚ ਉਸੇ ਤਰ੍ਹਾਂ ਹੀ ਸ਼ਾਮਲ ਕਰ ਲਈਏ ਤਾਂ ਹੀ ਨਵੀਂ ਪੀੜੀ ਇਸ ਨਾਲ ਜੁੜੀ ਰਹਿ ਸਕਦੀ ਹੈ ਅਤੇ ਤਾਂ ਹੀ ਪੰਜਾਬੀ ਬਚ ਸਕਦੀ ਹੈ। ਉਹਨਾਂ ਇਸ ਦੀ ਮਿਸਾਲ ਦਿੱਤੀ ਕਿ ਅੰਗਰੇਜ਼ੀ ਭਾਸ਼ਾ ਵੀ ਤਾਂ ਹੀ ਦੁਨੀਆ ਦੀ ਸਭ ਤੋਂ ਵੱਡੀ ਭਾਸ਼ਾ ਬਣੀ ਕਿ ਉਸ ਨੇ ਦੁਨੀਆ ਦੀਆਂ ਬਹੁਤ ਸਾਰੀਆਂ ਵੱਡੀਆਂ ਭਾਸ਼ਾਵਾਂ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਇੱਥੋਂ ਤੱਕ ਕਿ ਹੁਣ ਤਾਂ ਪੰਜਾਬੀ ਹਿੰਦੀ ਦੇ ਸ਼ਬਦ ਵੀ ਬਹੁਤ ਸਾਰੇ ਲੈ ਲਏ ਨੇ ਤੇ ਹਰ ਸਾਲ ਉਹਦੇ ਚ ਐਡ ਵੀ ਕਰ ਦਿੰਦੇ ਨੇ। ਕਹਿਣ ਦਾ ਭਾਵ ਕਿ ਇਸ ਨੂੰ ਪੰਜਾਬੀ ਨੂੰ ਮਕੈਨੀਕਲ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਸਕਦਾ। ਬੇਸ਼ੱਕ ਇਸ ਦਾ ਬੁਨਿਆਦੀ ਖ਼ਾਸਾ ਕਾਇਮ ਰੱਖਿਆ ਜਾਵੇ ਪਰ ਨਵਾਂ ਗਿਆਨ ਤੇ ਨਵੀਂ ਸ਼ਬਦਾਂ ਬੜੀ ਇਸ ਵਿੱਚ ਸ਼ਾਮਲ ਕਰਕੇ ਹੀ ਪੰਜਾਬੀ ਨੂੰ ਅੱਗੇ ਲਿਜਾਇਆ ਜਾ ਸਕਦਾ। ਉਨ੍ਹਾਂ ਹਿੰਦੀ ਅਤੇ ਅੰਗਰੇਜ਼ੀ ਵਾਂਗ ਪੰਜਾਬੀ ਵਿਚ ਆਨਲਾਈਨ ਸਮਗਰੀ ਤਿਆਰ ਕਰਨ , ਛੋਟੇ ਬੱਚਿਆਂ ਪਪੰਜਾਬੀ ਦੇ ਐਪ ਤਿਆਰ ਕਰਨ,ਲੋੜ ਅਨੁਸਾਰ ਗੁਰਮੁਖੀ ਸ਼ਬਦਾਂ ਦੇ ਨਾਲ ਰੋਮਨ ਸ਼ਬਦਾਂ ਦੀ ਵਰਤੋਂ ਕਰਨ , ਸ਼ੁੱਧ ਪੰਜਾਬੀ ਲਿਖਣ ਲਈ ਨਵੀਂ ਤਕਨਾਲੋਜੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ( AI ) ਦੀ ਵਰਤੋਂ ਕਰਨ ਦੇ ਵੀ ਸੁਝਾਅ ਦਿੱਤੇ.
ਸਰਬਜੀਤ ਧਾਲੀਵਾਲ ਨੇ ਕਿਹਾ ਕਿ ਵਧੀਆ ਤੇ ਮਿੱਠੀ ਪੰਜਾਬੀ ਬੋਲਣ ਤੇ ਵਰਤਣ ਲਈ ਜ਼ਰੂਰੀ ਹੈ ਕਿ ਅਮਰਜੀਤ ਚੰਦਨ, ਕਿਰਪਾਲ ਕਜ਼ਾਕ, ਨਾਹਰ ਸਿੰਘ, ਜਲੌਰ ਸਿੰਘ ਖੀਵਾ ਆਦਿ ਜਿਹੇ ਪੰਜਾਬੀ ਪ੍ਰੇਮੀਆਂ ਦੀਆਂ ਰਚਨਾਵਾਂ ਪੜ੍ਹ ਕੇ, ਸਾਹਿਤ ਦੇ ਸਹਾਰੇ ਹੀ ਭਾਸ਼ਾ ਦੀ ਵਰਤੋਂ ਵਿੱਚ ਸੁਧਾਰ ਕੀਤਾ ਜਾਵੇ। ਹਰਬੰਸ ਸਿੰਘ ਸੋਢੀ ਨੇ ਕਿਹਾ ਕਿ ਪੰਜਾਬੀ ਨਿਰੰਤਰ ਚਲਦਾ ਭਾਸ਼ਾਈ ਪ੍ਰਵਾਹ ਹੈ ਜੋ ਸਾਡੀ ਆਮ ਬੋਲ-ਚਾਲ ਵਿੱਚੋਂ ਕਹਾਵਤਾਂ ਆਦਿ ਦੀ ਵਰਤੋਂ ਨਾਲ ਸ਼ਿੰਗਾਰਿਆ ਜਾਂਦਾ ਹੈ।
ਸ਼੍ਰੀਮਤੀ ਕੰਚਨ ਵਾਸਦੇਵ ਨੇ ਕਿਹਾ ਕਿ ਮਾਂ ਬੋਲੀ ਦੀ ਮਿਠਾਸ ਕਾਇਮ ਕਰਨ ਲਈ ਸਾਹਿਤ ਦੇ ਸਹਾਰੇ ਤੋਂ ਇਲਾਵਾ ਤਕਨੀਕ ਦਾ ਸਹਾਰਾ ਲੈਣਾ ਵੀ ਜ਼ਰੂਰੀ ਹੈ ਕਿਉਂਕਿ ਨੌਜਵਾਨ ਅਤੇ ਬੱਚੇ ਤਕਨੀਕ ਦੀ ਨਜ਼ਰੋਂ ਹੀ ਸਮਾਜ ਨੂੰ ਵੇਖਦੇ ਹਨ। ਉਹਨਾਂ ਕਿਹਾ ਕਿ ਮਾਂ ਬੋਲੀ ਦੀ ਸਰਬ ਉੱਚਤਾ ਮਾਵਾਂ ਦੇ ਜ਼ਰੀਏ ਹੀ ਸਮਾਜ ਵਿੱਚ ਜਾ ਸਕਦੀ ਹੈ। ਸਤਵਿੰਦਰ ਸਿੰਘ ਧੜਾਕ ਨੇ ਕਿਹਾ ਕਿ ਕਿਸੇ ਵੀ ਭਾਸ਼ਾ ਦੇ ਇਲਾਕਾਈ ਤੇ ਮੁਢਲੇ ਸਰੂਪ ਦੋਹੇ ਹੀ ਜਿਉਂਦੇ ਰਹਿਣੇ ਅਤਿ ਜ਼ਰੂਰੀ ਹਨ। ਕਿਉਂਕਿ ਦੋਸਤ ਭਾਸ਼ਾਵਾਂ ਹਰ ਮਨੁੱਖ ‘ਤੇ ਭਾਰੂ ਹੁੰਦੀਆਂ ਹਨ ਤੇ ਮੁਢਲੀ ਭਾਸ਼ਾ ਉਨ੍ਹਾਂ ਭਾਸ਼ਾਵਾਂ ਹੇਠ ਦੱਬੀ ਜਾਂਦੀ ਹੈ। ਉਨ੍ਹਾਂ ਵਧੀਆ ਅਨੁਵਾਦ ਉੱਤੇ ਜ਼ੋਰ ਵੀ ਦਿੰਦਿਆਂ ਕਿਹਾ ਕਿ ਲੋਕ ਧਾਰਾ ਨਾਲੋਂ ਭਾਸ਼ਾ ਦਾ ਟੁੱਟਣਾ ਬਹੁਤ ਹੀ ਨੁਕਸਾਨਦੇਹ ਹੁੰਦਾ ਹੈ।
---
ਬੀਰ ਇੰਦਰ ਸਿੰਘ ਨੇ ਪੰਜਾਬੀ ਭਾਸ਼ਾ ਵਿੱਚ ਨਵੇਂ ਸ਼ਬਦਾਂ ਦੀ ਆਮਦ ਦੇ ਨਾਲ ਨਾਲ ਪੁਰਾਣਿਆਂ ਦੀ ਸੰਭਾਲ ਉੱਤੇ ਜ਼ੋਰ ਦਿੱਤਾ ਤੇ ਇਸ ਕਾਰਜ ਵਿੱਚ ਮਾਵਾਂ ਦੇ ਰੋਲ ਨੂੰ ਉਭਾਰਿਆ। ਜਸਵੰਤ ਸਿੰਘ ਪੁਰਬਾ ਨੇ ਕਿਹਾ ਕਿ ਪੰਜਾਬੀ ਨੂੰ ਅਧਿਆਤਮਵਾਦ ਨਾਲੋਂ ਤੋੜ ਕੇ ਵੇਖਣ ਨਾਲ ਅਸੀਂ ਪੰਜਾਬੀ ਦਾ ਅਸਲ ਗਹਿਣਾ ਉਸ ਤੋਂ ਖੋਹ ਰਹੇ ਹੋਵਾਂਗੇ। ਜੈ ਸਿੰਘ ਛਿੱਬੜ ਨੇ ਭਾਸ਼ਾਈ ਬਰੀਕੀਆਂ ਤੇ ਜ਼ੋਰ ਦੇਣ ਦਾ ਹੋਕਾ ਦਿੱਤਾ ਤੇ ਕਿਹਾ ਕਿ ਦਫ਼ਤਰੀ ਅਤੇ ਅਦਾਲਤੀ ਭਾਸ਼ਾ ਅਸਲੋਂ ਪੰਜਾਬੀ ਕੀਤੇ ਬਿਨਾਂ ਕਾਰਜ ਮੁਕੰਮਲ ਨਹੀਂ ਹੋ ਸਕਦਾ।
ਧਰਮਿੰਦਰ ਸਿੰਘ ਸਿੱਧੂ ਨੇ ਸਾਹਿਤ ਤੇ ਤਕਨੀਕ ਦੇ ਪ੍ਰਚਾਰ ਉੱਤੇ ਜ਼ੋਰ ਦੇਣ ਨੂੰ ਅਹਿਮ ਦੱਸਦਿਆਂ ਕਿਹਾ ਕਿ ਸ਼ੁਹਰਤ ਦੇ ਅਜੋਕੇ ਤੇ ਸਮਕਾਲੀ ਢੰਗ ਅਪਣਾਉਣੇ ਜ਼ਰੂਰੀ ਹਨ। ਰਮਨਜੀਤ ਸਿੰਘ ਨੇ ਵਧੀਆ ਭਾਸ਼ਾਈ ਵਿਕਾਸ ਲਈ ਲੋੜੀਂਦਾ ਵਾਤਾਵਰਨ ਪੈਦਾ ਕਰਨ ਉੱਤੇ ਜ਼ੋਰ ਦਿੱਤਾ ਜਦੋਂ ਕਿ ਇੰਦਰਜੀਤ ਸਿੰਘ ਨੇ ਭਾਸ਼ਾਈ ਖੋਜ ਤੇ ਜ਼ੋਰ ਦਿੱਤਾ। ਹੁਸ਼ਿਆਰ ਸਿੰਘ ਰਾਣੂ ਨੇ ਪੰਜਾਬੀ ਵਿਰਸੇ ਦੇ ਤਾਕਤਵਰ ਹੋਣ ਨੂੰ ਪੰਜਾਬੀ ਭਾਸ਼ਾ ਦੀ ਪੱਕੀ ਨਹੀਂ ਦੱਸਿਆ, ਜਦੋਂ ਕਿ ਤਰਵਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਅਦਾਰਿਆਂ ਦੀ ਇਮਾਨਦਾਰੀ ਹੀ ਭਾਸ਼ਾ ਦੀ ਸ਼ਾਨ ਬਹਾਲੀ ਦਾ ਆਧਾਰ ਬਣ ਸਕਦਾ ਹੈ।
ਉਨ੍ਹਾਂ ਕਿਹਾ ਕਿ ਭਾਸ਼ਾ ਵਿੱਚ ਨਵੀਂਆਂ ਲਿਖਤਾਂ ਨੂੰ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ। ਗੁਰਪ੍ਰੀਤ ਸਿੰਘ ਨਿਆਮੀਆਂ ਨੇ ਚੰਗੀ ਲੇਖਣੀ ਪੜ੍ਹਨ ਦੀ ਚੇਟਕ ‘ਤੇ ਜ਼ੋਰ ਦਿੱਤਾ ਜਦੋਂ ਕਿ ਅਵਤਾਰ ਸਿੰਘ ਤੇ ਕਰਮਜੀਤ ਸਿੰਘ ਚਿੱਲਾ ਨੇ ਘਰ ਦੇ ਵਾਤਾਵਰਨ ਅਤੇ ਵਿਆਕਰਨ ਦੇ ਗਿਆਨ ਨੂੰ ਅਹਿਮੀਅਤ ਦਿੱਤੇ ਜਾਣ ਦਾ ਸੱਦਾ ਦਿੱਤਾ। ਕਾਨਫ਼ਰੰਸ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਸ਼੍ਰੀ ਗੁਰਿੰਦਰ ਸਿੰਘ ਸੋਢੀ ਪੀ.ਸੀ.ਐਸ, ਸੰਯੁਕਤ ਸਕੱਤਰ ਜਨਕ ਰਾਜ ਮਹਿਰੋਕ ਅਤੇ ਕੰਟਰੋਲਰ ਲਵਿਸ਼ ਚਾਵਲਾ ਤੋਂ ਇਲਾਵਾ ਸਹਾਇਕ ਸਕੱਤਰ ਰਮਿੰਦਰਜੀਤ ਸਿੰਘ ਵਾਸੂ, ਵਿਸ਼ਾ ਮਾਹਰ ਪਰਮਿੰਦਰ ਕੌਰ ਤੇ ਮਨਵਿੰਦਰ ਸਿੰਘ ਵੀ ਹਾਜ਼ਰ ਸਨ।
.jpg)
.jpg)