Babushahi Special: ਸਾਡੇ ਭਾਗਾਂ ’ਚ ਨੀਂ ਸ਼ਿਮਲੇ ਮਨਾਈਏ ਛੁੱਟੀਆਂ ਸਾਨੂੰ ਤਾਂ ਸ਼ਿਮਲਾ ਮਿਰਚਾਂ ਹੀ ਲੱਗਣ ਮਿੱਠੀਆਂ
ਅਸ਼ੋਕ ਵਰਮਾ
ਬਠਿੰਡਾ, 9 ਜੂਨ 2025: ਅੱਤ ਦੀ ਗਰਮੀ ’ਚ ਜਿੱਥੇ ਸਰਦੇ-ਪੁੱਜਦੇ ਪ੍ਰੀਵਾਰਾਂ ਦੇ ਬੱਚੇ ਸ਼ਿਮਲਾ ਵਰਗੀਆਂ ਠੰਢੀਆਂ ਥਾਵਾਂ ਤੇ ਛੁੱਟੀਆਂ ਬਿਤਾਉਣ ਗਏ ਹੋਏ ਹਨ ਉੱਥੇ ਗਰੀਬ ਪ੍ਰੀਵਾਰਾਂ ਦੇ ਸਕੂਲੀਂ ਪੜਦੇ ਧੀਆਂ-ਪੁੱਤਰਾਂ ਲਈ ਇਹ ਫੁਰਸਤ ਦੇ ਦਿਨ ਵੀ ਰੋਜੀ ਰੋਟੀ ਦੇ ਜੁਗਾੜ ’ਚ ਗੁੰਮ ਹੋ ਕੇ ਰਹਿ ਗਏ ਹਨ। ਸਰਕਾਰੀ ਸਕੂਲਾਂ ’ਚ ਪੜ੍ਹਦੇ ਕਿਸਾਨਾਂ ਦੇ ਬੱਚੇ ਮਾਪਿਆਂ ਨਾਲ ਖੇਤਾਂ ’ਚ ਮਿੱਟੀ ਨਾਲ ਮਿੱਟੀ ਹੋ ਰਹੇ ਹਨ, ਜਦੋਂਕਿ ਮਜ਼ਦੂਰ ਪ੍ਰੀਵਾਰਾਂ ਦੇ ਬੱਚਿਆਂ ਵੱਲੋਂ ਝੋਨਾ ਲਾਉਣ ’ਚ ਹੱਥ ਵਟਾਇਆ ਜਾ ਰਿਹਾ ਹੈ। ਦਲਿਤ ਸਮਾਜ ਨਾਲ ਸਬੰਧਤ ਬੱਚਾ ਬਲਬੀਰ ਅਤੇ ਉਸ ਦਾ ਭਰਾ ਸਬਜੀਆਂ ਵੇਚ ਰਹੇ ਹਨ । ਦੋਵਾਂ ਭਰਾਵਾਂ ਨੇ ਇੱਕੋ ਸੁਰ ’ਚ ਆਖਿਆ ਕਿ ਜੇਕਰ ਚਾਰ ਪੈਸੇ ਆਉਣਗੇ ਤਾਂ ਘਰ ਦਾ ਗੁਜ਼ਾਰਾ ਸੌਖਾ ਰਹੇਗਾ। ਘੁੰਮਣ ਫਿਰਨ ਬਾਰੇ ਉਨ੍ਹਾਂ ਕਿਹਾ ਕਿ ਇੱਥੇ ਹੀ ਠੀਕ ਹਾਂ ਬਾਹਰ ਜਾਵਾਂਗੇ ਤਾਂ ਖਰਚਾ ਹੀ ਵਧਣਾ ਹੈ।
ਬਾਜਾ ਖਾਨਾ ਦੇ ਦਲਿਤ ਪ੍ਰੀਵਾਰ ਨਾਲ ਸਬੰਧਤ ਦੋ ਸਕੇ ਭਰਾ ਜਸਵੀਰ ਸਿੰਘ ਅਤੇ ਦਵਿੰਦਰ ਸਿੰਘ ਵੱਲੋਂ ਸਿੱਖਿਆ ਦੇ ਨਾਲ ਨਾਲ ਆਪਣੇ ਮਾਪਿਆਂ ਨਾਲ ਖੇਤਾਂ ’ਚ ਕੰਮ ਕਰਾਇਆ ਜਾ ਰਿਹਾ ਹੈ। ਜਸਵੀਰ ਨੇ ਦੱਸਿਆ ਕਿ ਉਸਦੇ ਪਿਤਾ ਨੇ ਝੋਨਾ ਲਾਉਣ ਦੀ ਸਾਈ ਫੜੀ ਹੋਈ ਹੈ ਅਤੇ ਇਹ ਕੰਮ ਹਾਲੇ ਹੋਰ ਕਈ ਦਿਨ ਚੱਲੇਗਾ ਜਿਸ ਲਈ ਉਹ ਵੀ ਝੋਨਾ ਲਾ ਰਹੇ ਹਨ। ਇਹ ਦੋਨੋਂ ਭਾਈ ਸਵੇਰ ਵੇਲੇ ਸਕੂਲ ਵੱਲੋਂ ਦਿੱਤਾ ਕੰਮ ਕਰਨ ਤੋਂ ਬਾਅਦ ਮਾਪਿਆਂ ਦੀ ਮੱਦਦ ’ਚ ਜੁਟ ਜਾਂਦੇ ਹਨ। ਪਿੰਡ ਮਹਿਰਾਜ਼ ਦਾ ਗੁਰਪ੍ਰੀਤ ਸਿੰਘ ਦਸਵੀਂ ਕਲਾਸ ’ਚ ਹੈ ਜਿਸ ਨੂੰ ਛੁੱਟੀਆਂ ’ਚ ਕੰਮ ਕਰਨਾ ਪੈ ਰਿਹਾ ਹੈ। ਉਸਨੇ ਆਖਿਆ ਕਿ ਜੇਕਰ ਆਪਣੇ ਖੇਤ ’ਚ ਕੰਮ ਕਰਾਂਗੇ ਤਾਂ ਲਾਗਤ ਖਰਚਾ ਹੀ ਘਟੇਗਾ। ਇਹੋ 4 ਦਿਨ ਕੰਮ ਦੇ ਹਨ ਜਿੰਨਾਂ ਕਰ ਲਵਾਂਗੇ ਉਸ ਨਾਲ ਆਰਥਿਕ ਸਹਾਰਾ ਹੀ ਹੋਣਾ ਹੈ।
ਤਲਵੰਡੀ ਸਾਬੋ ਦੇ ਮਜ਼ਦੂਰ ਬਚਨ ਸਿੰਘ ਦੇ ਦੋਵਾਂ ਬੱਚਿਆਂ ਨੇ ਆਪਣੇ ਪ੍ਰੀਵਾਰ ਨਾਲ ਝੋਨਾ ਲਾਉਣ ਦੀ ਤਿਆਰੀ ਤਹਿਤ ਵਿਉਂਤਬੰਦੀ ਕੀਤੀ ਹੈ । ਇਹ ਬੱਚੇ ਆਖਦੇ ਹਨ ਕਿ ਪਿਛਲੇ ਕਈ ਸਾਲਾਂ ਤੋਂ ਉਹਨਾਂ ਦੀ ਤਕਦੀਰ ਖੇਤਾਂ ਨਾਲ ਹੀ ਜੁੜੀ ਹੋਈ ਹੈ। ਬਚਨ ਸਿੰਘ ਸਬਜੀ ਦਾ ਵੀ ਕੰਮ ਕਰਦਾ ਹੈ ਜਿਸ ’ਚ ਸਕੂਲ ਤੋਂ ਬਾਅਦ ਬੱਚੇ ਹੱਥ ਵਟਾਉਂਦੇ ਹਨ। ਮਹਿਮਾ ਦੇ ਕਈ ਬੱਚਿਆਂ ਨੇ ਵੀ ਖੇਤਾਂ ਨੂੰ ਆਪਣੀ ਕਰਮ ਭੂਮੀ ਬਣਾਇਆ ਹੋਇਆ ਹੈ। ਗਿਆਨਾ ਦੇ ਹਰਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਜੇਕਰ ਫਸਲ ਹੀ ਨਾ ਹੋਈ ਤਾਂ ਸਿੱਖਿਆ ਵੀ ਕਿਸ ਕੰਮ ਆਵੇਗੀ। ਉਸ ਨੇ ਆਖਿਆ ਕਿ ਜੀਅ ਤਾਂ ਕਰਦਾ ਹੈ ਸੈਰਾਂ ਤੇ ਜਾਈਏ ਪਰ ਘਰਾਂ ਦੀਆਂ ਮਜ਼ਬੂਰੀਆਂ ਇਜ਼ਾਜ਼ਤ ਨਹੀਂ ਦਿੰਦੀਆਂ ਹਨ। ਬਠਿੰਡਾ ਦਾ ਕਿਲਾ ਤੇ ਝੀਲਾਂ ਵੇਖਣ ਨੂੰ ਕਾਫੀ ਕੁੱਝ ਸਮਝਣ ਵਾਲਾ ਹਰਪ੍ਰੀਤ ਆਖਦਾ ਹੈ ਕਿ ਇਹੋ ਕਾਫੀ ਹੈ।
ਬਠਿੰਡਾ ਦੀ ਇੱਕ ਬਸਤੀ ਦੇ ਵਿਦਿਆਰਥੀ ਹਰਮੇਸ਼ ਨੇ ਤਾਂ ਛੁੱਟੀਆਂ ’ਚ ਢਾਬੇ ਦਾ ਰਾਹ ਫੜਿਆ ਹੈ। ਇਹ ਬੱਚਾ ਛੁੱਟੀਆਂ ’ਚ ਕਮਾਏ ਪੈਸਿਆਂ ਨਾਲ ਨਵੇਂ ਕੱਪੜੇ ਖਰੀਦਣ ਦਾ ਚਾਹਵਾਨ ਹੈ। ਹਰਮੇਸ਼ ਦਾ ਕਹਿਣਾ ਸੀ ਕਿ ਉਹ ਕਦੇ ਬਠਿੰਡਾ ਤੋਂ ਬਾਹਰ ਨਹੀਂ ਗਿਆ। ਇਸ ਪ੍ਰੀਵਾਰ ਦੇ ਦੋਵੇਂ ਬੱਚੇ ਗਰਮੀਆਂ ਜਾਂ ਕਿਸੇ ਆਮ ਛੁੱਟੀ ਵਾਲੇ ਦਿਨ ਮਾਪਿਆਂ ਦੀ ਕੰਮਕਾਰ ’ਚ ਸਹਾਇਤਾ ਕਰਦੇ ਹਨ। ਹਰਮੇਸ਼ ਆਖਦਾ ਹੈ ਕਿ ਸੈਰਾਂ ਤਾਂ ਜੇਬਾਂ ਵਾਲਿਆਂ ਦੀਆਂ ਹਨ ਸਾਡੇ ਵਰਗੇ ਗਰੀਬਾਂ ਨੂੰ ਰੋਟੀ ਦਾ ਫਿਕਰ ਹੀ ਨਹੀਂ ਸੌਣ ਦਿੰਦਾ ਪਹਾੜਾਂ ਤੇ ਜਾਣ ਬਾਰੇ ਸੋਚਣਾ ਵੀ ਦੂਰ ਦੀ ਗੱਲ ਬਣੀ ਹੋਈ ਹੈ। ਫਰੀਦਕੋਟ ਅਤੇ ਮੋਗਾ ਜਿਲ੍ਹੇ ਦੇ ਬਾਵਰੀਆ ਸਮਾਜ ਨਾਲ ਸਬੰਧਿਤ ਕਾਫੀ ਪ੍ਰੀਵਾਰਾਂ ਨੇ ਸਬਜੀਆਂ ਬੀਜੀਆਂ ਹੋਈਆਂ ਹਨ ਜਿੰਨ੍ਹਾਂ ਦੀ ਵੇਚ ਵੱਟਤ ਕਰਨ ਦੇ ਨਾਲ ਨਾਲ ਬੱਚਿਆਂ ਵੱਲੋਂ ਸਾਂਭ ਸੰਭਾਲ ਦਾ ਕੰਮ ਕੀਤਾ ਜਾਂਦਾ ਹੈ।
ਮਜ਼ਦੂਰ ਬਸੰਤ ਸਿੰਘ ਦਾ ਕਹਿਣਾ ਸੀ ਕਿ ਤਕੜੇ ਘਰਾਂ ਲਈ ਛੁੱਟੀਆਂ ਮੌਜ ਮਸਤੀ ਵਾਸਤੇ ਹਨ ਸਾਡੇ ਵਰਗਿਆਂ ਲਈ ਤਾਂ ਸ਼ਿਮਲਾ ਮਿਰਚਾਂ ਵੇਚਣੀ ਹੀ ਸ਼ਿਮਲਾ ਜਾਣ ਵਰਗੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਮਝੌਤੇ ਮੁਤਾਬਿਕ ਕਿਸਾਨ ਨੂੰ ਜਮੀਨ ਵਾਪਿਸ ਕਰਨੀ ਹੁੰਦੀ ਹੈ ਇਸ ਲਈ ਬੱਚੇ, ਬੱਚੀਆਂ ਅਤੇੇ ਪ੍ਰੀਵਾਰ ਦੀਆਂ ਔਰਤਾਂ ਤਪਦੇ ਦਿਨਾਂ ਦੇ ਬਾਵਜੂਦ ਹੱਡ ਭੰਨਵੀਂ ਕਾਰ ਕਰਦੀਆਂ ਹਨ।
ਮਜਬੂਰੀ ਦਾ ਨਾਮ ਢਿੱਡ ਦੀ ਅੱਗ
ਸਿੱਖਿਆ ਵਿਭਾਗ ਦੇ ਇੱਕ ਅਧਿਕਾਰੀ ਦਾ ਕਹਿਣਾ ਸੀ ਕਿ ਛੁੱਟੀਆਂ ਦੌਰਾਨ ਮਜ਼ਦੂਰੀ ਕਰਨ ਵਾਲਿਆਂ ’ਚ ਜਿਆਦਾਤਰ ਬੱਚੇ ਦਲਿਤ ਪ੍ਰੀਵਾਰਾਂ ਨਾਲ ਸਬੰਧ ਰੱਖਦੇ ਹਨ ਜਿੰਨ੍ਹਾਂ ਨਾਲ ਘਰੇਲੂ ਆਰਥਿਕਤਾ ਦਾ ਸੰਕਟ ਜੁੜਿਆ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਹੋ ਕਾਰਨ ਹੈ ਕਿ ਹਾੜੀ ਸਾਉਣੀ ਦੇ ਸੀਜ਼ਨ ਦੌਰਾਨ ਇੰਨ੍ਹਾਂ ਬੱਚਿਆਂ ਨੂੰ ਪੜ੍ਹਨ ਨਾਲੋਂ ਰੋਜੀ ਰੋਟੀ ਦੀ ਚਿੰਤਾ ਜਿਆਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬੱਚੇ ਮਜ਼ਦੂਰੀ ਲਈ ਤਾਂ ਕਈ ਵਾਰ ਸਕੂਲੋਂ ਵੀ ਗੈਰ ਹਾਜ਼ਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰੀ ਬੱਚਿਆਂ ’ਚ ਦੂਰ-ਦੁਰਾਂਡੇ ਘੁੰਮਣ ਜਾਣ ਦਾ ਰੁਝਾਨ ਜਿਆਦਾ ਹੈ ਜਦੋਂਕਿ ਪੇਂਡੂ ਬੱਚੇ ਤਾਂ ਟਾਵੇਂ ਹੀ ਹੁੰਦੇ ਹਨ ਜੋ ਛੁੱਟੀਆਂ ਮਨਾਉਣ ਬਾਹਰ ਜਾਂਦੇ ਹਨ।
ਮਾੜੇ ਹਾਲਾਤਾਂ ਤੇ ਮੋਹਰ :ਸੇਵੇਵਾਲਾ
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਰਨਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਸਰਕਾਰਾਂ ਵੱਲੋਂ ਗਰੀਬਾਂ ਨੂੰ ਤਰਕ ਸੰਗਤ ਰੁਜ਼ਗਾਰ ਨਾ ਦੇਣ ਕਾਰਨ ਬਾਲਾਂ ਨੂੰ ਮਿੱਟੀ ’ਚ ਮਿੱਟੀ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਕੂਲੀ ਬੱਚਿਆਂ ਦੇ ਖੇਤਾਂ ’ਚ ਕੰਮ ਕਰਨ ਨੇ ਮਾੜੇ ਹਾਲਾਤਾਂ ਤੇ ਮੋਹਰ ਲਗਾ ਦਿੱਤੀ ਹੈ।