ਪੂਰੇ ਮਈ ਮਹੀਨੇ ਤੇ ਜੂਨ ਦੇ ਪਹਿਲੇ ਹਫਤੇ ਜ਼ਿਆਦਾਤਰ ਬੱਤੀ ਰਹੀ ਗੁੱਲ
ਆਮ ਖਪਤਕਾਰ ਤੇ ਕਿਸਾਨ ਰਹੇ ਪ੍ਰੇਸ਼ਾਨ, ਭਵਿੱਖ 'ਚ ਸਿਸਟਮ ਦਰੁੱਸਤ ਕਰਨ ਦੀ ਲੋੜ
ਮਲਕੀਤ ਸਿੰਘ ਮਲਕਪੁਰ
ਲਾਲੜੂ 9 ਜੂਨ 2025: ਬਿਜਲੀ ਸਰਪਲੱਸ ਹੋਣ ਸਬੰਧੀ ਆਮ ਆਦਮੀ ਪਾਰਟੀ ਦੇ ਦਾਅਵਿਆਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ। ਲੰਘੀ ਮਈ ਅਤੇ ਜੂਨ ਦੇ ਪਹਿਲੇ ਹਫਤੇ ਤੱਕ ਬਿਜਲੀ ਸਪਲਾਈ ਦੇ ਛੋਟੇ ਤੋਂ ਲੈ ਕੇ ਵੱਡੇ-ਵੱਡੇ ਕੱਟਾਂ ਨੇ ਬਿਜਲੀ ਸਿਸਟਮ ਨੂੰ ਸਵਾਲਾਂ ਦੇ ਘੇਰੇ ਵਿੱਚ ਲੈ ਆਉਂਦਾ ਹੈ। ਬਿਜਲੀ ਦਾ ਭਾਵੇਂ ਪਿੱਛੋਂ ਤੋਂ ਕੱਟ ਹੋਵੇ ਜਾਂ ਕਿਸੇ ਕਾਰਨ ਕਰਕੇ ਲਾਈਨ ਵਿੱਚ ਨੁਕਸ ਹੋਵੇ, ਦੋਹਾਂ ਮਾਮਲਿਆਂ ਵਿਚ ਬਿਜਲੀ ਠੀਕ ਹੋਣਾ ਵੱਡਾ ਮਸਲਾ ਸੀ । ਬਿਜਲੀ ਖਪਤਕਾਰਾਂ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਬਿਜਲੀ ਫਾਲਟ ਜ਼ਿਆਦਾ ਹੋਣ ਕਾਰਨ ਬਿਜਲੀ ਦੀ ਸਪਲਾਈ ਸਬੰਧੀ 3 ਘੰਟੇ ਤੋਂ ਲੈ ਕੇ 18 ਘੰਟੇ ਤੱਕ ਕੱਟ ਲੱਗ ਚੁੱਕੇ ਹਨ। ਇਸ ਕਾਰਨ ਬਿਜਲੀ ਖਪਤਕਾਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਾਬਿਲੇਗੌਰ ਹੈ ਕਿ ਲੰਘੀ ਮਈ ਅਤੇ ਜੂਨ ਦੇ ਪਹਿਲੇ ਹਫਤੇ ਵਿੱਚ ਬਿਜਲੀ ਦੇ 15 ਤੋਂ ਵੱਧ ਕੱਟ ਲੱਗ ਚੁੱਕੇ ਹਨ, ਜਿਸ ਦਾ ਵੇਰਵੇ ਇਸ ਤਰ੍ਹਾਂ ਹਨ। ਲੰਘੀ 1 ਮਈ ਨੂੰ 1 ਘੰਟੇ ਦਾ ਕੱਟ, 2 ਮਈ ਨੂੰ ਪੌਣੇ ਘੰਟੇ ਦਾ ਕੱਟ, 5 ਮਈ ਨੂੰ 2 ਘੰਟੇ ਦੇ ਕੱਟ, 9 ਮਈ ਨੂੰ ਸਾਢੇ 5 ਘੰਟੇ ਦਾ ਕੱਟ, 14 ਮਈ ਨੂੰ 4 ਘੰਟੇ ਦਾ ਕੱਟ, 16 ਮਈ ਨੂੰ ਪੌਣੇ 4 ਘੰਟੇ ਦੇ ਕੱਟ, 17 ਮਈ ਨੂੰ 4 ਘੰਟੇ ਦਾ ਕੱਟ, 21 ਮਈ ਨੂੰ 3 ਘੰਟੇ ਦਾ ਕੱਟ, 22 ਮਈ ਨੂੰ 2 ਘੰਟੇ ਦਾ ਕੱਟ, 24 ਮਈ ਨੂੰ 4 ਘੰਟੇ ਦਾ ਕੱਟ, 31 ਮਈ ਨੂੰ 6 ਘੰਟੇ ਦਾ ਕੱਟ, 3 ਜੂਨ ਨੂੰ 18 ਘੰਟੇ ਦਾ ਕੱਟ, 4 ਜੂਨ ਨੂੰ ਸਾਢੇ 3 ਘੰਟੇ ਦਾ ਕੱਟ, 5 ਜੂਨ ਨੂੰ 7 ਘੰਟੇ ਦਾ ਕੱਟ ਸ਼ਾਮਿਲ ਹੈ। ਜਦਕਿ ਸਥਾਨਕ ਆਈਟੀਆਈ ਫੀਡਰ ਉੱਤੇ ਬਿਜਲੀ ਸਪਲਾਈ ਦੇ ਕਈ ਕੱਟ 15 ਤੋਂ 18 ਘੰਟੇ ਦੇ ਹਨ।
ਖਪਤਕਾਰਾਂ ਦਾ ਕਹਿਣਾ ਹੈ ਕਿ ਆਈਟੀਆਈ ਵਾਲੇ 11ਕੇਵੀ ਫੀਡਰ ਦੀ ਬਿਜਲੀ ਸਪਲਾਈ ਜ਼ਿਆਦਾਤਰ ਪ੍ਰਭਾਵਿਤ ਰਹਿੰਦੀ ਹੈ। ਇਸ ਫੀਡਰ ਦੀ ਲਾਈਨ ਦੇ ਨੇੜੇ ਦਰਖਤ ਹਨ ਤੇ ਜਦੋਂ ਵੀ ਮੌਸਮ ਖਰਾਬ ਹੁੰਦਾ ਹੈ ਤਾਂ ਦਰੱਖਤਾਂ ਦੇ ਕਾਰਨ ਲਾਈਨ ਪ੍ਰਭਾਵਿਤ ਹੋ ਜਾਂਦੀ ਹੈ, ਜਿਸ ਨੂੰ ਠੀਕ ਕਰਨ ਲਈ ਬਿਜਲੀ ਮੁਲਾਜ਼ਮ 18-18 ਘੰਟੇ ਲਗਾ ਦਿੰਦੇ ਹਨ। ਬਿਜਲੀ ਖਪਤਕਾਰਾਂ ਦਾ ਕਹਿਣਾ ਹੈ ਕਿ ਜੇਕਰ ਰਾਤ ਨੂੰ ਬਿਜਲੀ ਦੀ ਸਪਲਾਈ ਖਰਾਬ ਹੋ ਜਾਂਦੀ ਹੈ ਤਾਂ ਕੋਈ ਵੀ ਬਿਜਲੀ ਮੁਲਾਜ਼ਮ ਰਾਤ ਨੂੰ ਲਾਈਨ ਨੂੰ ਠੀਕ ਨਹੀਂ ਕਰਦਾ , ਸਗੋਂ ਸਵੇਰੇ 9 ਵਜੇ ਡਿਊਟੀ ਤੋਂ ਬਾਅਦ ਹੀ ਲਾਈਨ ਨੂੰ ਠੀਕ ਕਰਨ ਲਈ ਕੰਮ ਉੱਤੇ ਲੱਗਦੇ ਹਨ, ਜਿਸ ਦੇ ਚਲਦਿਆਂ ਰਾਤ ਦੀ ਬੰਦ ਹੋਈ ਬਿਜਲੀ ਸਪਲਾਈ ਦਿਨ ਵਿੱਚ ਬਾਅਦ ਦੁਪਹਿਰ ਚੱਲਦੀ ਹੈ।
ਬਿਜਲੀ ਖਪਤਕਾਰਾਂ ਦਾ ਕਹਿਣਾ ਹੈ ਕਿ ਗਰਮੀ ਦੇ ਮੌਸਮ ਨੂੰ ਦੇਖਦਿਆਂ ਬਿਜਲੀ ਵਿਭਾਗ ਨੂੰ ਵਾਧੂ ਲਾਈਨਮੈਨ ਰੱਖਣੇ ਚਾਹੀਦੇ ਹਨ , ਜਿਨ੍ਹਾਂ ਨੂੰ ਰਾਤ ਵੇਲੇ ਵੀ ਡਿਊਟੀ ਉੱਤੇ ਤੈਨਾਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਰਾਤ ਵੇਲੇ ਹੀ ਬਿਜਲੀ ਸਪਲਾਈ ਦਰੁੱਸਤ ਹੋ ਸਕੇ। ਜ਼ਿਕਰਯੋਗ ਹੈ ਕਿ ਲਾਲੜੂ ਸੀਟੀ ਫੀਡਰ ਉੱਤੇ ਸਥਾਨਕ ਹਸਪਤਾਲ ਹੈ ਤੇ ਜੇਕਰ ਬਿਜਲੀ ਦਾ ਕੱਟ ਲਗਦਾ ਹੈ ਜਾਂ ਲਾਈਨ ਪ੍ਰਭਾਵਿਤ ਹੁੰਦੀ ਹੈ ਤਾਂ ਹਸਪਤਾਲ ਵਿੱਚ ਵੀ ਬਿਜਲੀ ਸਪਲਾਈ ਬੰਦ ਹੋ ਜਾਂਦੀ ਹੈ। ਇਸ ਦੇ ਚਲਦਿਆਂ ਮਰੀਜ਼ਾਂ ਸਮੇਤ ਡਾਕਟਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਸਬੰਧੀ ਸੰਪਰਕ ਕਰਨ ਤੇ ਪਾਵਰਕਾਮ ਦੇ ਐਸਡੀਓ ਦਵਿੰਦਰ ਕੁਮਾਰ ਕਿਹਾ ਕਿ ਮੌਸਮ ਖਰਾਬ ਦੌਰਾਨ ਤਾਂ ਕੱਟ ਲੱਗੇ ਹਨ, ਪਰ ਹੁਣ ਫੀਡਰ ਸਹੀ ਚੱਲ ਰਿਹਾ ਹੈ ਅਤੇ ਕੋਈ ਵੀ ਟਰੀਪਿੰਗ ਨਹੀਂ ਹੋਈ। ਉਨ੍ਹਾਂ ਕਿਹਾ ਕਿ ਰਾਤ ਵੇਲੇ ਲਾਈਨਮੈਨ ਡਿਊਟੀ ਉੱਤੇ ਤੈਨਾਤ ਹੁੰਦੇ ਹਨ ਅਤੇ ਜੇਕਰ ਬਿਜਲੀ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਉਸ ਨੂੰ ਉਸੇ ਵੇਲੇ ਦਰੁੱਸਤ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੌਸਮ ਖਰਾਬ ਹੋਣ ਕਾਰਨ ਸਾਵਧਾਨੀ ਦੇ ਮੱਦੇਨਜ਼ਰ ਲਾਈਨ ਬੰਦ ਕੀਤੀ ਜਾਂਦੀ ਹੈ, ਜਦੋਂ ਮੌਸਮ ਠੀਕ ਹੋ ਜਾਂਦਾ ਹੈ ਤਾਂ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਜਾਂਦੀ ਹੈ।