ਡਿਪਟੀ ਸਪੀਕਰ ਰੌੜੀ ਵੱਲੋਂ 'ਅਮਰੁਤ 2' ਅਧੀਨ 5.65 ਕਰੋੜ ਦੇ ਵਾਟਰ ਸਪਲਾਈ ਪ੍ਰੋਜੈਕਟ ਦਾ ਉਦਘਾਟਨ
-ਕਿਹਾ, ਪੰਜਾਬ ਸਰਕਾਰ ਸ਼ਹਿਰੀ ਢਾਂਚੇ ਨੂੰ ਮਜ਼ਬੂਤ ਬਣਾਉਣ ਅਤੇ ਹਰੇਕ ਘਰ ਤੱਕ ਬੁਨਿਆਦੀ ਸਹੂਲਤਾਂਪਹੁੰਚਾਉਣ ਲਈ ਵਚਨਬੱਧ
ਗੜ੍ਹਸ਼ੰਕਰ/ਹੁਸ਼ਿਆਰਪੁਰ, 9 ਜੂਨ 2025- ਗੜ੍ਹਸ਼ੰਕਰ ਵਿਚ ਨਾਗਰਿਕ ਸੁਵਿਧਾਵਾਂ ਨੂੰ ਬਿਹਤਰ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਅੱਜ 'ਅਮਰੁਤ 2' ਸਕੀਮ ਤਹਿਤ 5.65 ਕਰੋੜ ਰੁਪਏ ਦੇ ਵਾਟਰ ਸਪਲਾਈ ਪ੍ਰੋਜੈਕਟ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ।
ਉਦਘਾਟਨ ਸਮਾਰੋਹ ਵਾਰਡ ਨੰਬਰ 7 ਵਿਚ ਹੋਇਆ, ਜਿਥੇ 19 ਕਿ.ਮੀ. ਲੰਬੀ ਪਾਈਪਲਾਈਨ ਨੈੱਟਵਰਕ ਦੀ ਸ਼ੁਰੂਆਤ ਕੀਤੀ ਗਈ, ਜੋ ਸ਼ਹਿਰ ਦੇ ਕਈ ਵਾਰਡਾਂ ਨੂੰ ਲਾਭ ਦੇਵੇਗੀ। ਇਹ ਪ੍ਰੋਜੈਕਟ ਹਜ਼ਾਰਾਂ ਨਿਵਾਸੀਆਂ ਨੂੰ ਸਾਫ ਤੇ ਲਗਾਤਾਰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਹੈ ਅਤੇ ਇਲਾਕੇ ਦੇ ਢਾਂਚਾਗਤ ਵਿਕਾਸ ਨੂੰ ਕਾਫ਼ੀ ਹੱਦ ਤੱਕ ਉਤਸ਼ਾਹਿਤ ਕਰੇਗਾ।
ਇਸ ਮੌਕੇ ਡਿਪਟੀ ਸਪੀਕਰ ਰੌੜੀ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹਿਰੀ ਢਾਂਚੇ ਨੂੰ ਮਜ਼ਬੂਤ ਬਣਾਉਣ ਅਤੇ ਹਰ ਘਰ ਤੱਕ ਬੁਨਿਆਦੀ ਸਹੂਲਤਾਂ, ਖਾਸ ਕਰਕੇ ਪਾਣੀ ਦੀ ਸਪਲਾਈ, ਪਹੁੰਚਾਉਣ ਲਈ ਵਚਨਬੱਧ ਹੈ। ਉਨ੍ਹਾਂ ਨੇ ਸਮੇਂ ਸਿਰ ਕੰਮ ਦੀ ਪੂਰਤੀ ਲਈ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਸਥਾਨਕ ਪ੍ਰਸ਼ਾਸਨ ਦੀ ਵੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ, “ਇਹ ਹਰ ਘਰ ਤੱਕ ਸਾਫ ਪਾਣੀ ਅਤੇ ਵਧੀਆ ਜੀਵਨ ਸਹੂਲਤਾਂ ਪਹੁੰਚਾਉਣ ਦੇ ਸਾਡੇ ਵਾਅਦੇ ਵੱਲ ਇਕ ਮਹੱਤਵਪੂਰਨ ਕਦਮ ਹੈ। ਅਮਰੂਤ 2 ਤਹਿਤ ਅਜਿਹੇ ਵਿਕਾਸਕਾਰੀ ਪ੍ਰੋਜੈਕਟਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਤਾਂ ਜੋ ਗੜ੍ਹਸ਼ੰਕਰ ਵਰਗੀਆਂ ਸ਼ਹਿਰੀ ਥਾਵਾਂ ਦਾ ਚੰਗੇ ਤਰੀਕੇ ਨਾਲ ਵਿਕਾਸ ਹੋ ਸਕੇ।”
ਉਨ੍ਹਾਂ ਕਿਹਾ ਕਿ 19 ਕਿ.ਮੀ. ਲੰਬੀ ਪਾਈਪਲਾਈਨ ਦੇ ਬਾਕੀ ਰਹਿੰਦੇ ਕੰਮ ਨੂੰ ਪੜਾਅਵਾਰ ਤਰੀਕੇ ਨਾਲ ਪੂਰਾ ਕੀਤਾ ਜਾਵੇਗਾ, ਤਾਂ ਜੋ ਪੂਰੇ ਇਲਾਕੇ ਦੀ ਕਵਰੇਜ ਯਕੀਨੀ ਬਣੇ ਅਤੇ ਰੋਜ਼ਾਨਾ ਜੀਵਨ ਵਿਚ ਘੱਟ ਤੋਂ ਘੱਟ ਵਿਘਨ ਪਏ।
ਉਦਘਾਟਨ ਮੌਕੇ ਸਥਾਨਕ ਕੌਂਸਲਰਾਂ, ਉੱਚ ਅਧਿਕਾਰੀਆਂ ਅਤੇ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ, ਜਿਨ੍ਹਾਂ ਨੇ ਇਲਾਕੇ ਵਿਚ ਹੋ ਰਹੇ ਵਿਕਾਸ ਲਈ ਧੰਨਵਾਦ ਪ੍ਰਗਟਾਇਆ।