MSP 'ਤੇ ਕੋਈ ਖ਼ਤਰਾ ਨਹੀਂ, ਕਾਂਗਰਸ ਕਰ ਰਹੀ ਹੈ ਗੁਮਰਾਹ: ਰਵਨੀਤ ਬਿੱਟੂ
ਕੇਂਦਰੀ ਬਜਟ 'ਵਿਕਸਿਤ ਭਾਰਤ' ਦੀ ਨੀਂਹ, ਪੰਜਾਬ ਦੇ ਰੇਲਵੇ ਬਜਟ 'ਚ ਇਤਿਹਾਸਕ ਵਾਧਾ: ਰਵਨੀਤ ਬਿੱਟੂ
ਰਾਹੁਲ ਗਾਂਧੀ ਨੂੰ ਬਿੱਟੂ ਦਾ ਕਰਾਰਾ ਜਵਾਬ: "ਮੈਂ ਸਿਰਫ਼ ਰਾਹੁਲ ਨੂੰ ਜਵਾਬਦੇਹ ਹਾਂ, ਹੋਰ ਕਾਂਗਰਸੀ ਲੀਡਰਾਂ ਨੂੰ ਨਹੀਂ"
ਕਿਸਾਨੀ ਅੰਦੋਲਨ ਦੌਰਾਨ ਪੱਗ ਉਤਾਰਨਾ ਇੱਕ 'ਸੋਚੀ-ਸਮਝੀ ਸਾਜ਼ਿਸ਼' ਸੀ: ਰਵਨੀਤ ਸਿੰਘ ਬਿੱਟੂ
ਅੰਮ੍ਰਿਤਸਰ: 7 ਫਰਵਰੀ 2026- ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਅੱਜ ਅੰਮ੍ਰਿਤਸਰ ਵਿਖੇ ਭਾਜਪਾ ਦੇ ਜ਼ਿਲ੍ਹਾ ਦਫ਼ਤਰ ਪਹੁੰਚੇ। ਇੱਥੇ ਉਨ੍ਹਾਂ ਨੇ ਪਾਰਟੀ ਵਰਕਰਾਂ ਨਾਲ ਅਹਿਮ ਮੀਟਿੰਗ ਕੀਤੀ ਅਤੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ 2026-27 ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ।
ਰਵਨੀਤ ਬਿੱਟੂ ਨੇ ਅੰਕੜੇ ਪੇਸ਼ ਕਰਦਿਆਂ ਦੱਸਿਆ ਕਿ ਮੋਦੀ ਸਰਕਾਰ ਪੰਜਾਬ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ 2009-2014 ਦੌਰਾਨ ਪੰਜਾਬ ਲਈ ਰੇਲਵੇ ਬਜਟ ਸਿਰਫ਼ 225 ਕਰੋੜ ਰੁਪਏ ਸੀ, ਜੋ ਹੁਣ ਵਧ ਕੇ 5,677 ਕਰੋੜ ਰੁਪਏ ਹੋ ਗਿਆ ਹੈ। ਫਿਰੋਜ਼ਪੁਰ-ਤਰਨ ਤਾਰਨ ਰੇਲ ਟਰੈਕ ਅਤੇ ਹਰੀਕੇ ਪੁਲ ਵਰਗੇ ਪ੍ਰੋਜੈਕਟਾਂ ਲਈ ਫੰਡ ਜਾਰੀ ਹੋ ਚੁੱਕੇ ਹਨ ਅਤੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਦੇਸ਼ ਭਰ ਵਿੱਚ ਪਬਲਿਕ ਕੈਪੈਕਸ (CapEx) ਨੂੰ ਵਧਾ ਕੇ 12.2 ਲੱਖ ਕਰੋੜ ਰੁਪਏ ਕੀਤਾ ਗਿਆ ਹੈ, ਜਿਸ ਦਾ ਵੱਡਾ ਲਾਭ ਪੰਜਾਬ ਨੂੰ ਮਿਲੇਗਾ।
ਕਿਸਾਨਾਂ ਦੇ ਖ਼ਦਸ਼ਿਆਂ ਨੂੰ ਦੂਰ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ MSP (ਘੱਟੋ-ਘੱਟ ਸਮਰਥਨ ਮੁੱਲ) 'ਤੇ ਕੋਈ ਖ਼ਤਰਾ ਨਹੀਂ ਹੈ। ਉਨ੍ਹਾਂ ਕਾਂਗਰਸ 'ਤੇ ਦੋਸ਼ ਲਾਇਆ ਕਿ ਉਹ ਕਿਸਾਨਾਂ ਨੂੰ ਗੁਮਰਾਹ ਕਰਕੇ ਸਿਆਸੀ ਰੋਟੀਆਂ ਸੇਕ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਦੇ ਕਿਸਾਨਾਂ ਦੀ ਹਰ ਫ਼ਸਲ MSP 'ਤੇ ਖਰੀਦੀ ਜਾ ਰਹੀ ਹੈ।
ਕਿਸਾਨੀ ਅੰਦੋਲਨ ਦੌਰਾਨ ਵਾਪਰੀਆਂ ਘਟਨਾਵਾਂ 'ਤੇ ਬੋਲਦਿਆਂ ਬਿੱਟੂ ਨੇ ਇੱਕ ਸਨਸਨੀਖੇਜ਼ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ "ਅੰਦੋਲਨ ਦੌਰਾਨ ਕੁਝ ਲੋਕਾਂ ਵੱਲੋਂ ਮੇਰੀ ਪੱਗ ਉਤਾਰਨਾ ਕੋਈ ਅਚਾਨਕ ਵਾਪਰੀ ਘਟਨਾ ਨਹੀਂ ਸੀ, ਸਗੋਂ ਇਹ ਇੱਕ ਸੋਚੀ-ਸਮਝੀ ਸਾਜ਼ਿਸ਼ ਸੀ।"
ਰਾਹੁਲ ਗਾਂਧੀ ਅਤੇ ਕਾਂਗਰਸੀ ਲੀਡਰਾਂ ਨਾਲ ਚੱਲ ਰਹੀ ਸ਼ਬਦੀ ਜੰਗ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਰਾਹੁਲ ਗਾਂਧੀ ਮੇਰੇ 'ਤੇ ਟਿੱਪਣੀ ਕਰਨਗੇ ਤਾਂ ਮੈਂ ਜਵਾਬ ਜ਼ਰੂਰ ਦੇਵਾਂਗਾ। ਉਨ੍ਹਾਂ ਸਾਫ਼ ਕਿਹਾ, "ਮੈਂ ਦੂਜੇ ਕਾਂਗਰਸੀ ਲੀਡਰਾਂ ਨੂੰ ਜਵਾਬਦੇਹ ਨਹੀਂ ਹਾਂ।"
ਬਿੱਟੂ ਨੇ ਦੱਸਿਆ ਕਿ ਬਜਟ ਵਿੱਚ ਅੰਮ੍ਰਿਤਸਰ ਦੇ ਉਦਯੋਗਪਤੀਆਂ ਲਈ MSME ਸੈਕਟਰ ਵਿੱਚ ਵੱਡੀਆਂ ਰਿਆਇਤਾਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ, ਨਾਰੀ ਸ਼ਕਤੀ ਲਈ ਗਰਲਜ਼ ਹੋਸਟਲ ਅਤੇ ਸਕਿਲਿੰਗ ਪ੍ਰੋਗਰਾਮਾਂ 'ਤੇ ਵੀ ਖ਼ਾਸ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਮੁਤਾਬਕ ਇਹ ਬਜਟ ਭਾਰਤ ਨੂੰ "ਆਤਮਨਿਰਭਰ" ਬਣਾਉਣ ਦੀ ਦਿਸ਼ਾ ਵਿੱਚ ਇੱਕ ਮਜ਼ਬੂਤ ਕਦਮ ਹੈ।