ਜਲੰਧਰ ’ਚ ਪਾਸਪੋਰਟ ਅਦਾਲਤ 25 ਫਰਵਰੀ ਨੂੰ- ਬਿਨੈਕਾਰਾਂ ਨੂੰ ਲੋੜੀਂਦੇ ਦਸਤਾਵੇਜ਼ਾਂ ਨਾਲ ਲੈਕੇ ਪਹੁੰਚਣ ਦੀ ਅਪੀਲ
ਜਲੰਧਰ : ਰੀਜ਼ਨਲ ਪਾਸਪੋਰਟ ਅਫ਼ਸਰ ਯਸ਼ਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 25 ਫਰਵਰੀ 2026 ਨੂੰ ਰੀਜ਼ਨਲ ਪਾਸਪੋਰਟ ਦਫ਼ਤਰ, ਐਸ.ਸੀ.ਓ. ਨੰਬਰ 42-51, ਪਾਕੈਟ-1, ਨੇੜੇ ਬੱਸ ਸਟੈਂਡ ਜਲੰਧਰ ਵਿਖੇ ਪਾਸਪੋਰਟ ਅਦਾਲਤ ਲਗਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਹ ਪਾਸਪੋਰਟ ਅਦਾਲਤ ਲਗਾਉਣ ਦਾ ਮੰਤਵ 31 ਜਨਵਰੀ 2026 ਤੱਕ ਜਮ੍ਹਾਂ ਹੋਏ ਸਾਰੀਆਂ ਸ੍ਰੇਣੀਆਂ ਦੇ ਬਿਨੈਕਾਰਾਂ ਨੂੰ ਰਾਹਤ ਪਹੁੰਚਾਉਣ ਦਾ ਹੈ ਜਿਨ੍ਹਾਂ ਦੇ ਬਿਨੈਪੱਤਰ ਕਿਸੇ ਕਾਰਨ ਕਰਕੇ ਬਕਾਇਆ ਰਹਿ ਗਏ ਹਨ।
ਉਨ੍ਹਾਂ ਕਿਹਾ ਕਿ ਯੋਗ ਬਿਨੈਕਾਰਜ ਨਿਸ਼ਚਿਤ ਮਿਤੀ ਨੂੰ ਲੋੜੀਂਦੇ ਦਸਤਾਵੇਜ਼ ਨਾਲ ਲੈ ਕੇ ਸਵੇਰੇ 9:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਆ ਸਕਦੇ ਹਨ ਤਾਂ ਜੋ ਬਕਾਇਆ ਬਿਨੈਪੱਤਰਾਂ ਦੇ ਨਿਪਟਾਰੇ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾ ਸਕੇ।
ਉਨ੍ਹਾਂ ਸਪਸ਼ਟ ਕੀਤਾ ਕਿ ਵਿਦੇਸ਼ ਮਾਮਲੇ ਮੰਤਰਾਲੇ ਵਲੋਂ ਪਾਸਪੋਰਟ ਅਰਜ਼ੀਆਂ ਦੀ ਪ੍ਰਕਿਰਿਆ ਲਈ ਕਿਸੇ ਵੀ ਸੰਸਥਾ ਜਾਂ ਵਿਚੋਲੇ ਨੂੰ ਅਧਿਕਾਰਤ ਨਹੀਂ ਕੀਤਾ ਗਿਆ। ਉਨ੍ਹਾਂ ਬਿਨੈਕਾਰਾਂ ਨੂੰ ਸਲਾਹ ਦਿੱਤੀ ਕਿ ਵਿਦੇਸ਼ ਮਾਮਲੇ ਵਿਭਾਗ ਦੀ ਅਧਿਕਾਰਤ ਵੈਬਸਾਈਟ www.passportindia.gov.in ਰਾਹੀਂ ਅਪਲਾਈ ਕੀਤਾ ਜਾਵੇ ਅਤੇ ਕਿਸੇ ਵੀ ਏਜੰਟ ਜਾਂ ਵਿਚੋਲੇ ਦੇ ਝਾਂਸੇ ਵਿੱਚ ਨਾ ਆਉਣ। ਉਨ੍ਹਾਂ ਕਿਹਾ ਕਿ ਬਿਨੈਕਾਰ ਪਾਸਪੋਰਟ ਸਬੰਧੀ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਦਫ਼ਤਰ ਆ ਸਕਦੇ ਹਨ।
Click to Follow Babushahi Facebook page →