ਨਵੀਂ ਭਰਤੀ ਦੇ ਇਸ਼ਤਿਹਾਰ 'ਤੇ ਭੜਕੇ ਫਾਰਮੇਸੀ ਅਫ਼ਸਰ!
ਸਿਵਲ ਸਰਜਨ ਦਫਤਰ ਅੱਗੇ ਕੀਤਾ ਰੋਸ਼ ਪ੍ਰਦਰਸ਼ਨ- ਮੰਗਾਂ ਪੂਰੀਆਂ ਨਾ ਹੋਣ ਤੇ 13 ਜੂਨ ਨੂੰ ਪਟਿਆਲਾ ਵਿਖੇ ਸਿਹਤ ਮੰਤਰੀ ਦੀ ਕੋਠੀ ਦਾ ਕੀਤਾ ਜਾਏਗਾ ਘਿਰਾਓ
ਰੋਹਿਤ ਗੁਪਤਾ
ਗੁਰਦਾਸਪੁਰ, 10 ਜੂਨ 2026- ਪਿਛਲੇ ਕਾਫੀ ਸਮੇਂ ਤੋਂ ਸਿਹਤ ਵਿਭਾਗ ਵਿੱਚ ਠੇਕੇ ਤੇ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਫਾਰਮੇਸੀ ਅਫ਼ਸਰਾਂ ਤੇ ਦਰਜਾ 4 ਮੁਲਾਜ਼ਮਾਂ ਨੂੰ ਪੱਕਾ ਨਾ ਕਰਕੇ ਸਿਹਤ ਵਿਭਾਗ ਪੰਜਾਬ ਵੱਲੋਂ ਫਾਰਮੇਸੀ ਅਫ਼ਸਰਾਂ ਦੀ ਨਵੀਂ ਭਰਤੀ ਸਬੰਧੀ ਜਾਰੀ ਕੀਤੇ ਇਸ਼ਤਿਹਾਰ ਵਿਰੁੱਧ ਫਾਰਮੇਸੀ ਅਫਸਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅੱਜ ਫਾਰਮੇਸੀ ਅਫਸਰਾਂ ਵੱਲੋਂ ਸਿਵਲ ਸਰਜਨ ਗੁਰਦਾਸਪੁਰ ਦੇ ਦਫਤਰ ਦੇ ਬਾਹਰ ਇਸ ਸਬੰਧ ਵਿੱਚ ਰੋਸ਼ ਮੁਜਾਰਾ ਕੀਤਾ ਗਿਆ।
ਇਸ ਸਬੰਧੀ ਫਾਰਮੇਸੀ ਅਫ਼ਸਰ ਐਸੋਸੀਏਸ਼ਨ ਦੇ ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਤੇ ਸਿਹਤ ਮੰਤਰੀ ਲਗਾਤਾਰ ਉਨ੍ਹਾਂ ਨੂੰ ਸੇਵਾਵਾਂ ਰੈਗੂਲਰ ਕਰਨ ਦੇ ਭਰੋਸੇ ਦਿੰਦੇ ਆ ਰਹੇ ਹਨ, ਪਰ ਹੁਣ ਦੂਜੇ ਪਾਸੇ ਅਚਾਨਕ ਫਾਰਮੇਸੀ ਅਫ਼ਸਰਾਂ ਦੀ ਨਵੀਂ ਭਰਤੀ ਦਾ ਇਸ਼ਤਿਹਾਰ ਜਾਰੀ ਕਰਕੇ ਉਨ੍ਹਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜੂਨ 2006 ਵਿੱਚ ਉਦੋਂ ਦੀ ਸਰਕਾਰ ਵੱਲੋਂ ਪੰਜਾਬ ਦੀਆਂ 1186 ਸਿਹਤ ਡਿਸਪੈਂਸਰੀਆਂ ਸਿਹਤ ਵਿਭਾਗ ਤੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਤਬਦੀਲ ਕਰਕੇ ਪੰਜਾਬ ਦੀਆਂ ਜਿਲ੍ਹਾ ਪ੍ਰੀਸ਼ਦਾਂ ਰਾਹੀਂ ਇਨ੍ਹਾਂ ਡਿਸਪੈਂਸਰੀਆਂ ਵਿੱਚ ਇੱਕ-ਇੱਕ ਡਾਕਟਰ, ਫਾਰਮਾਸਿਸਟ ਤੇ ਦਰਜਾ-4 ਕਰਮਚਾਰੀ ਠੇਕੇ ਤੇ ਭਰਤੀ ਕੀਤੇ ਗਏ ਸੀ। 2011 ਵਿੱਚ ਪੰਜਾਬ ਸਰਕਾਰ ਵੱਲੋਂ ਡਾਕਟਰਾਂ ਨੂੰ ਪੱਕੇ ਕਰ ਦਿੱਤਾ ਗਿਆ ਸੀ। ਪਰੰਤੂ ਫਾਰਮੇਸੀ ਅਫ਼ਸਰ ਤੇ ਦਰਜਾ-4 ਮੁਲਾਜ਼ਮਾਂ ਦਾ ਠੇਕਾ ਬਿਨਾਂ ਕਿਸੇ ਸਲਾਨਾ ਵਾਧੇ ਦੇ ਲਗਾਤਾਰ ਸਾਲ-ਦਰ-ਸਾਲ ਅੱਗੇ ਵਧਾ ਦਿੱਤਾ ਜਾਂਦਾ ਹੈ। ਜਿਸ ਕਾਰਨ ਅੱਜ ਵੀ ਫਾਰਮੇਸੀ ਅਫਸਰ ਸਿਰਫ਼ 11000 ਰੁਪਏ ਪ੍ਰਤੀ ਮਹੀਨਾ ਤੇ ਦਰਜਾ-4 ਸਿਰਫ਼ 6000 ਰੁਪਏ ਪ੍ਰਤੀ ਮਹੀਨਾ ਤਨਖਾਹ ਲੈ ਰਹੇ ਹਨ।
ਇਥੇ ਦੇ ਚਲਦੇ ਅੱਜ ਸੂਬੇ ਭਰ ਵਿੱਚ ਸਿਵਲ ਸਰਜਨ ਦੇ ਦਫਤਰ ਅੱਗੇ ਧਰਨੇ ਦਿੱਤੇ ਜਾ ਰਹੇ ਹਨ ਅਤੇ ਜੇਕਰ ਸਰਕਾਰ ਤੇ ਫਿਰ ਵੀ ਕੋਈ ਅਸਰ ਨਾ ਹੋਇਆ ਤਾਂ 13 ਜੂਨ ਨੂੰ ਸਿਹਤ ਮੰਤਰੀ ਦੀ ਕੋਠੀ ਦਾ ਪਟਿਆਲਾ ਵਿਖੇ ਘਿਰਾਓ ਕੀਤਾ ਜਾਏਗਾ
- Download Babushahi App
-
-