ਜੱਚਾ-ਬੱਚਾ ਦੀ ਦੇਖਭਾਲ ਲਈ ਪ੍ਰਧਾਨ ਮੰਤਰੀ ਮਾਤ੍ਰਤਿਵ ਅਭਿਆਨ ਤਹਿਤ ਸਿਹਤ ਵਿਭਾਗ ਲਾਉਂਦਾ ਵਿਸ਼ੇਸ਼ ਕੈਂਪ : ਸਿਵਲ ਸਰਜਨ
ਅਸ਼ੋਕ ਵਰਮਾ
ਬਠਿੰਡਾ, 9 ਜੁਲਾਈ 2025 :ਸਿਵਲ ਸਰਜਨ ਬਠਿੰਡਾ ਡਾ ਰਮਨਦੀਪ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੁਖਜਿੰਦਰ ਸਿੰਘ ਗਿੱਲ ਅਤੇ ਜਿਲ੍ਹਾ ਟੀਕਾਕਰਣ ਅਫ਼ਸਰ ਡਾ ਮੀਨਾਕਸ਼ੀ ਸਿੰਗਲਾ ਦੀ ਅਗਵਾਈ ਹੇਠ ਅੱਜ ਜਿਲ੍ਹਾ ਬਠਿੰਡਾ ਵਿਖੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਮੁਹਿੰਮ ਤਹਿਤ ਖਤਰੇ ਦੇ ਚਿੰਨ੍ਹ ਵਾਲੀਆਂ ਗਰਭਵਤੀ ਮਾਵਾਂ ਲਈ ਵਿਸ਼ੇਸ਼ ਜਾਗਰੂਕਤਾ ਕੈਂਪ ਲਾਇਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਰਮਨਦੀਪ ਸਿੰਗਲਾ ਨੇ ਦੱਸਿਆ ਕਿ ਸਿਹਤ ਵਿਭਾਗ ਗਰਭਵਤੀ ਮਾਵਾਂ ਅਤੇ ਛੋਟੇ ਬੱਚਿਆਂ ਦੀ ਮੌਤ-ਦਰ ਨੂੰ ਕੰਟਰੋਲ ਕਰਨ ਲਈ ਯਤਨਸ਼ੀਲ ਹੈ ਅਤੇ ਹਰ ਗਰਭਵਤੀ ਔਰਤ ਦਾ ਜਣੇਪਾ ਸੁਰੱਖਿਅਤ ਕਰਨ ਲਈ ਹਰ ਸੰਭਵ ਯਤਨ ਕਰ ਰਿਹਾ ਹੈ। ਇਸ ਪ੍ਰੋਗਰਾਮ ਤਹਿਤ ਸਮੂਹ ਸੀ.ਐਚ.ਸੀ ਅਤੇ ਐਸ.ਡੀ ਐਚ ਆਦਿ ਵਿੱਚ ਕੈਂਪ ਲਗਾਏ ਜਾਂਦੇ ਹਨ। ਹਾਈ ਰਿਸਕ ਗਰਭਵਤੀਆਂ ਲਈ ਹਰੇਕ ਮਹੀਨੇ ਦੀ 9 ਅਤੇ 23 ਤਰੀਕ ਨੂੰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਮੁਹਿੰਮ ਤਹਿਤ ਇਨ੍ਹਾਂ ਵਿਸ਼ੇਸ ਕੈਂਪਾਂ ਵਿਚ ਗਰਭਵਤੀ ਔਰਤਾਂ ਦੀ ਬਲੱਡ ਪ੍ਰੈਸ਼ਰ, ਆਇਰਨ, ਕੈਲਸ਼ੀਅਮ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਖਾਸ ਕਰਕੇ ਖਤਰੇ ਦੇ ਚਿੰਨ੍ਹਾਂ ਵਾਲੀਆਂ ਗਰਭਵਤੀ ਔਰਤਾਂ ਨੂੰ ਸਮੇਂ ਸਿਰ ਡਾਕਟਰੀ ਜਾਂਚ ਕਰਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਹਰ ਇਕ ਗਰਭਵਤੀ ਔਰਤ ਨੂੰ ਗਰਭ ਦੌਰਾਨ ਘੱਟੋ-ਘੱਟ 4 ਵਾਰ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ।
ਜਿਲ੍ਹਾ ਟੀਕਾਕਰਣ ਅਫ਼ਸਰ ਡਾ ਮੀਨਾਕਸ਼ੀ ਸਿੰਗਲਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਤੀਬਰ ਦਸਤ ਰੋਕੂ (ਡਾਇਰੀਆ) ਜਾਗਰੂਕਤਾ ਮਹੀਨਾ 01 ਜੁਲਾਈ ਤੋ 31 ਜੁਲਾਈ 2025 ਤੱਕ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਓ.ਆਰ.ਐਸ ਦੇ ਪੈਕੇਟ ਦੇ ਕੇ ਕਵਰ ਕੀਤਾ ਜਾਵੇਗਾ । ਇਸ ਜਾਗਰੂਕਤਾ ਮਹੀਨੇ ਦਾ ਮੁੱਖ ਮਕਸਦ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਦਸਤ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘਟਾਉਣਾ ਹੈ। ਇਹ ਵੀ ਵੇਖਿਆ ਗਿਆ ਹੈ ਕਿ 5 ਸਾਲ ਤੋਂ ਘੱਟ ਉਮਰ ਦਾ ਹਰ ਬੱਚਾ ਸਾਲ ਵਿਚ ਘੱਟੋ ਘੱਟ 2-3 ਵਾਰ ਦਸਤ ਤੋਂ ਪੀੜਤ ਹੁੰਦਾ ਹੈ। ਇਸ ਜਾਗਰੂਕਤਾ ਮਹੀਨੇ ਦਾ ਉਦੇਸ਼ ਦਸਤ ਦੀ ਰੋਕਥਾਮ ਲਈ ਹਰ ਪੱਧਰ ’ਤੇ ਜਾਗਰੂਕਤਾ ਪੈਦਾ ਕਰਨਾ, ਦਸਤ ਤੋਂ ਪੀੜਤ ਬੱਚਿਆਂ ਨੂੰ ਓ.ਆਰ.ਐਸ. ਅਤੇ ਜ਼ਿੰਕ ਦੀਆਂ ਗੋਲੀਆਂ ਦੇਣਾ, ਹੱਥ ਧੋਣ ਦੀਆਂ ਸਹੀ ਤਕਨੀਕਾਂ ਦਾ ਪ੍ਰਦਰਸ਼ਨ ਅਤੇ ਪ੍ਰਚਾਰ ਕਰਨਾ ਸ਼ਾਮਿਲ ਹੈ।
ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਸੁਖਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ 27 ਜੂਨ ਤੋਂ 10 ਜੁਲਾਈ ਤੱਕ ਦੰਪਤੀ ਸੰਪਰਕ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਯੋਗ ਜੋੜਿਆਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਪਰਿਵਾਰ ਨਿਯੋਜਨ ਦੇ ਸਾਧਨ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਦੂਸਰੇ ਪੰਦਰਵਾੜੇ 11 ਜੁਲਾਈ ਤੋਂ 24 ਜੁਲਾਈ ਤੱਕ ਅਬਾਦੀ ਸਥਿਰਤਾ ਪੰਦਰਵਾੜਾ ਮਨਾਇਆ ਜਾਵੇਗਾ ਜਿਸ ਤਹਿਤ ਪਰਿਵਾਰ ਨਿਯੋਜਨ ਦੇ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਨੂੰ ਪਰਿਵਾਰ ਨਿਯੋਜਨ ਦੇ ਕੱਚੇ ਅਤੇ ਪੱਕੇ ਸਾਧਨਾਂ ਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਪੰਦਰਵਾੜੇ ਦੌਰਾਨ ਯੋਗ ਜੋੜਿਆਂ ਨੂੰ ਪਰਿਵਾਰ ਨਿਯੋਜਨ ਨਾਲ ਸਬੰਧਤ ਤਰੀਕੇ ਜਿਵੇਂ ਅੰਤਰਾ, ਛਾਇਆ, ਪੀ.ਪੀ.ਆਈ.ਯੂ.ਸੀ.ਡੀ ਅਤੇ ਨਲਬੰਦੀ/ਨਸਬੰਦੀ ਆਦਿ ਤਰੀਕੇ ਵੀ ਉਪਲਬਧ ਕਰਵਾਏ ਜਾਣਗੇ।