ਗੰਨੇ ਦੀ ਫ਼ਸਲ ਤੋਂ ਵੱਧ ਮੁਨਾਫ਼ਾ ਲੈਣ ਲਈ ਅੰਤਰ-ਫ਼ਸਲੀ ਪ੍ਰਣਾਲੀ ਅਪਣਾਉਣ ਕਿਸਾਨ: ਡਾ. ਅਮਰੀਕ ਸਿੰਘ
ਗੰਨੇ ਦੀ ਬਹਾਰ ਰੁੱਤ ਦੀ ਫ਼ਸਲ ਤੋਂ ਵਧੇਰੇ ਆਮਦਨ ਲੈਣ ਲਈ ,ਅੰਤਰ ਫ਼ਸਲੀ ਪ੍ਰਣਾਲੀ ਅਪਣਾਉਣ ਦੀ ਜ਼ਰੂਰਤ : ਕੇਨ ਕਮਿਸ਼ਨਰ
ਕੇਨ ਕਮਿਸ਼ਨਰ ਪੰਜਾਬ ਵੱਲੋਂ ਸਹਿਕਾਰੀ ਖੰਡ ਮਿੱਲ ਦੇ ਅਧਿਕਾਰਤ ਖੇਤਰ ਦਾ ਕੀਤਾ ਦੌਰਾ
ਰੋਹਿਤ ਗੁਪਤਾ
ਗੁਰਦਾਸਪੁਰ: 21 ਫਰਵਰੀ 2026-ਗੰਨੇ ਦੀ ਬਹਾਰ ਰੁੱਤ ਦੀ ਬਿਜਾਈ ਲਈ ਫਰਵਰੀ ਮਾਰਚ ਮਹੀਨਾ ਬਹੁਤ ਹੀ ਢੁਕਵਾਂ ਹੈ ਅਤੇ ਬਿਜਾਈ ਲਈ ਸਿਫਾਰਸ਼ਸ਼ੁਦਾ ਕਿਸਮਾਂ ਦੀ ਚੋਣ ਕਰਕੇ ਰੋਗ ਰਹਿਤ ਬੀਜ ਦੀ ਚੋਣ ਕਰਨੀ ਚਾਹੀਦੀ ਹੈ ਤਾਂ ਜੋਂ ਵਧੇਰੇ ਪੈਦਾਵਾਰ ਲੈ ਕੇ ਆਮਦਨ ਵਿਚ ਵਾਧਾ ਕੀਤਾ ਜਾ ਸਕੇ। ਇਸ ਬਾਰੇ ਸਹਿਕਾਰੀ ਖੰਡ ਮਿੱਲ ਗੁਰਦਾਸਪੁਰ ਦੇ ਅਧਿਕਾਰਤ ਖੇਤਰ ਦੇ ਪਿੰਡ ਝੇਲਾ ਆਮਦਾ ਵਿਚ ਗੰਨਾ ਕਾਸ਼ਤਕਾਰ ਗੁਰਦੇਵ ਸਿੰਘ ਦੇ ਖੇਤਾਂ ਵਿੱਚ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਅਮਰੀਕ ਸਿੰਘ ਗੰਨਾ ਕਮਿਸ਼ਨਰ ਪੰਜਾਬ ਨੇ ਦਸਿਆ ਕਿ ਗੰਨੇ ਦੀ ਫ਼ਸਲ ਤੋਂ ਵਧੇਰੇ ਆਮਦਨ ਲਈ ਅੰਤਰ ਫ਼ਸਲੀ ਪ੍ਰਣਾਲੀ ਅਪਣਾਉਣ ਦੀ ਜ਼ਰੂਰਤ ਹੈ।
ਉਨ੍ਹਾਂ ਦੱਸਿਆ ਕਿ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀ ਬਿਜਾਈ ਕਰਨ ਸਮੇਂ ਪੰਜ ਤਕਨੀਕੀ ਨੁਕਤਿਆਂ ਦਾ ਖਿਆਲ ਰੱਖਣਾ ਚਾਹੀਦਾ ਹੈ, ਜਿਸ ਵਿੱਚ ਸਮੇਂ ਸਿਰ ਬਿਜਾਈ ਕਰਨੀ,ਚੌੜੀ ਵਿੱਥ (ਫਰੈਂਚ ) ਵਿਧੀ ਅਪਣਾਉਣੀ, ਬਿਜਾਈ ਤੋਂ ਪਹਿਲਾਂ ਬੀਜ ਨੁੰ ਸੋਧਣਾ,ਬੀਜ ਲਈ ਗੰਨੇ ਦਾ ਉੱਪਰਲਾ ਇੱਕ ਤਿਹਾਈ ਹਿੱਸਾ ਵਰਤਣਾ ਅਤੇ ਅੰਤਰ ਫ਼ਸਲੀ ਪ੍ਰਣਾਲੀ ਤਹਿਤ ਦਾਲਾਂ ਦੀ ਕਾਸ਼ਤ ਕਰਨੀ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਦਾਲਾਂ ਦੀ ਪੈਦਾਵਾਰ ਵਿੱਚ ਆਈ ਖੜੋਤ ਕਾਰਨ ਪ੍ਰਤੀ ਵਿਅਕਤੀ ਦਾਲਾਂ ਦੀ ਖਪਤ 70 ਗ੍ਰਾਮ ਤੋਂ ਘਟ ਕੇ 27 ਗ੍ਰਾਮ ਰਹਿ ਗਈ ਹੈ ਜੋ ਕਿ ਵਿਸ਼ਵ ਸਿਹਤ ਸੰਸਥਾ ਦੇ ਮਾਪਦੰਡ ਅਨੁਸਾਰ, ਰੋਜ਼ਾਨਾ ਪ੍ਰਤੀ ਵਿਅਕਤੀ ਖਪਤ 80 ਗ੍ਰਾਮ ਪ੍ਰਤੀ ਵਿਅਕਤੀ ਤੋਂ ਕਾਫੀ ਘੱਟ ਹੈ।
ਉਨ੍ਹਾਂ ਕਿਹਾ ਕਿ ਜ਼ਿਲਾ ਗੁਰਦਾਸਪੁਰ ਵਿੱਚ ਕਿਸੇ ਸਮੇਂ ਰਿਆੜਕੀ ਦੇ ਇਲਾਕੇ ਦੇ ਮਾਂਹ ਮਸ਼ਹੂਰ ਹੁੰਦੇ ਸਨ ਪ੍ਰੰਤੂ ਕਣਕ ਝੋਨੇ ਦੇ ਫ਼ਸਲੀ ਚੱਕਰ ਅਪਣਾਉਣ ਕਾਰਨ ਇਹ ਫ਼ਸਲ ਅਲੋਪ ਹੋ ਗਈ ਹੈ। ਰਿਆੜਕੀ ਦੇ ਇਸ ਇਲਾਕੇ ਵਿੱਚ 12-15 ਪਿੰਡ ਅਜਿਹੇ ਹਨ ਜਿੱਥੋਂ ਦੀ ਮਿੱਟੀ ਅਤੇ ਪੌਣਪਾਣੀ ਮਾਂਹ ਦੀ ਖੇਤੀ ਲਈ ਬਹੁਤ ਮਸ਼ਹੂਰ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਦਾਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ ਹੈ । ਉਨ੍ਹਾਂ ਦਸਿਆ ਕਿ ਮਾਂਹਾਂ ਦੀ ਦਾਲ ਦੀ ਮੰਗ ਨੂੰ ਮੁੱਖ ਰੱਖਦਿਆਂ ਰਕਬਾ ਗੰਨੇ ਦੀ ਫ਼ਸਲ ਵਿਚ ਬਤੌਰ ਅੰਤਰ ਫ਼ਸਲ ਪ੍ਰਣਾਲੀ ਅਪਣਾ ਕੇ ਵਧਾਇਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਫਰਵਰੀ ਮਾਰਚ ਵਿੱਚ ਬਿਜਾਈ ਕੀਤੀ ਜਾਣ ਵਾਲੀ ਗੰਨੇ ਦੀ ਫ਼ਸਲ ਦੀਆਂ ਦੋ ਕਤਾਰਾਂ ਵਿੱਚ ਦੋ ਲਾਈਨਾਂ ਮਾਂਹ 1008 ਜਾਂ 1137 ਕਿਸਮ ਦੀ ਬਿਜਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਕਿਸਮ ਨੂੰ ਫਲੀਆਂ ਭਰਪੂਰ ਲੱਗਦੀਆਂ ਹਨ ,ਇਕਸਾਰ ਪੱਕਦੀਆਂ ਹਨ ਅਤੇ ਇਹ ਤਕਰੀਬਨ 72 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 4.5 ਕੁਇੰਟਲ ਪ੍ਰਤੀ ਏਕੜ ਹੈ।
ਉਨ੍ਹਾਂ ਦੱਸਿਆ ਕਿ ਗੰਨੇ ਦੀ ਕਟਾਈ ਕਰਨ ਵਾਲੀਆਂ ਮਸ਼ੀਨਾਂ ਦੀ ਆਮਦ ਨਾਲ ,ਚੌੜੀ ਵਿੱਥ ਵਿਧੀ ਅਪਣਾ ਕੇ ਗੰਨੇ ਦੀ ਬਿਜਾਈ ਦਾ ਪ੍ਰਚਲਨ ਲਗਾਤਾਰ ਵਧ ਰਿਹਾ ਹੈ ਅਤੇ ਇਸ ਵਿਧੀ ਵਿੱਚ ਗੰਨੇ ਦੀ ਬਿਜਾਈ 4-5 ਫੁੱਟ ਦੂਰੀ ਦੀਆਂ 20-25 ਸੈਂਟੀ ਮੀਟਰ ਡੂੰਘੀਆਂ ਖਾਲੀਆਂ ਵਿਚ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਗੰਨੇ ਦੀ ਫ਼ਸਲ ਵਿਚ ਬਤੌਰ ਅੰਤਰ ਫ਼ਸਲ ਬੀਜਣ ਲਈ 5 ਕਿਲੋ ਬੀਜ ਪ੍ਰਤੀ ਏਕੜ ਲੋੜੀਂਦਾ ਹੈ ਅਤੇ ਫਰਵਰੀ ਦੇ ਅਖੀਰ ਵਿੱਚ ਬਿਜਾਈ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਗੰਨਾ ਕਾਸ਼ਤਕਾਰਾਂ ਦੀਆਂ ਘਰੇਲੂ ਜ਼ਰੂਰਤਾਂ ਲਈ ਲੋੜੀਂਦੀ ਮਾਹਾਂ ਦੀ ਦਾਲ ਦੀ ਪੂਰਤੀ ਹੋ ਜਾਂਦੀ ਹੈ,ਵਾਧੂ ਆਮਦਨ ਵੀ ਹੁੰਦੀ ਹੈ , ਮਾਂਹ ਦੀ ਫ਼ਸਲ ਇੱਕ ਫਲੀਦਾਰ ਫ਼ਸਲ ਹੋਣ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਸੁਧਾਰ ਹੁੰਦਾ ਹੈ ਅਤੇ ਗੰਨੇ ਦੇ ਝਾੜ ਤੇ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ ।
ਉਨ੍ਹਾਂ ਦੱਸਿਆ ਕਿ ਮਾਂਹ ਦੀ ਫ਼ਸਲ ਨੂੰ ਬਹੁਤੇ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ ਜਿਸ ਕਾਰਨ ਗੰਨੇ ਦੀ ਫ਼ਸਲ ਨੂੰ ਪਾਣੀ ਬਹੁਤ ਹੀ ਸਾਵਧਾਨੀ ਨਾਲ ਲਗਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਮਾਂਹ ਦੀ ਫ਼ਸਲ ਦਾ ਬੀਜ ਲੈਣ ਲਈ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਜਾਂ ਖੇਤਰੀ ਖੋਜ ਕੇਂਦਰ ਪੀ ਏ ਯੂ ,ਕ੍ਰਿਸ਼ੀ ਵਿਗਿਆਨ ਕੇਂਦਰਾਂ ਜਾਂ ਪੀ ਏ ਯੂ ਲੁਧਿਆਣਾ ਦੀ ਬੀਜਾਂ ਦੀ ਦੁਕਾਨ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਡਾਕਟਰ ਗੁਰਜੋਤ ਸਿੰਘ ਸਹਾਇਕ ਗੰਨਾ ਵਿਕਾਸ ਅਫ਼ਸਰ ਅਤੇ ਡਾਕਟਰ ਬਿਕਰਮਜੀਤ ਸਿੰਘ ਗੰਨਾ ਵਿਕਾਸ ਅਧਿਕਾਰੀ ਵੀ ਹਾਜ਼ਰ ਸਨ।
Click to Follow Babushahi Facebook page →