ਕਾਂਗਰਸ ਵੱਲੋਂ ਜ਼ਮੀਨ 'ਲੁੱਟ' ਦੀ ਪਾਲਿਸੀ ਵਿਰੁੱਧ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ
ਕਿਸਾਨਾਂ ਦੀ ਇੱਕ ਇੰਚ ਵੀ ਜ਼ਮੀਨ ਹੜੱਪਣ ਨਹੀਂ ਦਿੱਤੀ ਜਾਵੇਗੀ: ਵੜਿੰਗ
ਅਕਾਲੀ-ਭਾਜਪਾ ਗਠਜੋੜ 'ਤੇ, ਬੋਲੇ: ਜ਼ੀਰੋ ਜਮ੍ਹਾ ਜ਼ੀਰੋ ਹਮੇਸ਼ਾ ਜ਼ੀਰੋ ਹੀ ਰਹੇਗਾ
ਮੋਹਾਲੀ, 21 ਜੁਲਾਈ: ਸਰਕਾਰ ਦੀ "ਲੈਂਡ ਪੂਲਿੰਗ" ਪਾਲਿਸੀ ਦਾ ਸਖ਼ਤ ਵਿਰੋਧ ਜਾਰੀ ਰੱਖਦੇ ਹੋਏ, ਕਾਂਗਰਸ ਨੇ ਅੱਜ ਇੱਥੇ ਗ੍ਰੇਟਰ ਮੋਹਾਲੀ ਡਿਵੈਲਪਮੈਂਟ ਏਰੀਆ (ਗਮਾਡਾ) ਦਫਤਰ ਦੇ ਸਾਹਮਣੇ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿੱਚ ਸੀਨੀਅਰ ਆਗੂਆਂ ਸਮੇਤ ਹਜ਼ਾਰਾਂ ਪਾਰਟੀ ਵਰਕਰ ਗਮਾਡਾ ਦਫਤਰ ਦੇ ਬਾਹਰ ਇਕੱਠੇ ਹੋਏ ਅਤੇ ਲੈਂਡ ਪੂਲਿੰਗ ਪਾਲਿਸੀ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਇਸਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।
ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ, ਵੜਿੰਗ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਸਰਕਾਰ ਦੀ ਕਿਸਾਨਾਂ ਤੋਂ ਉਨ੍ਹਾਂ ਦੀ ਕੀਮਤੀ ਜ਼ਮੀਨ ਲੁੱਟਣ ਕੋਝੀ ਚਾਲ ਹੈ। ਇਹ ਲੈਂਡ ਪੂਲਿੰਗ ਨਹੀਂ, ਸਗੋਂ ਜ਼ਮੀਨ ਲੁੱਟਣ ਦੀ ਪਾਲਿਸੀ ਹੈ। ਉਨ੍ਹਾਂ ਸਵਾਲ ਕੀਤਾ ਕਿ ਇੱਕ ਹਜ਼ਾਰ ਗਜ਼ ਦੇ ਬਦਲੇ ਇੱਕ ਏਕੜ ਕੀਮਤੀ ਜ਼ਮੀਨ ਕੌਣ ਦੇਵੇਗਾ?
ਸੂਬਾ ਕਾਂਗਰਸ ਪ੍ਰਧਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਜਰਬੇ ਤੋਂ ਸਿੱਖਣਾ ਚਾਹੀਦਾ ਸੀ, ਜਿਨ੍ਹਾਂ ਨੂੰ ਆਖਰਕਾਰ ਕਿਸਾਨਾਂ ਦੇ ਦਬਾਅ ਹੇਠ ਤਿੰਨ ਖੇਤੀ ਕਾਨੂੰਨ ਵਾਪਸ ਲੈਣੇ ਪਏ। ਉਨ੍ਹਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਆਪਣੀ ਜ਼ਮੀਨ ਦੀ ਗੱਲ ਆਉਂਦੀ ਹੈ, ਤਾਂ ਇੱਕ ਕਿਸਾਨ ਉਸਦੀ ਰੱਖਿਆ ਲਈ ਕੁਝ ਵੀ ਕਰ ਸਕਦਾ ਹੈ। ਉਨ੍ਹਾਂ ਨੇ ਨੀਤੀ ਵਿਰੁੱਧ ਲੜਾਈ ਵਿੱਚ ਕਿਸਾਨਾਂ ਨਾਲ ਕਾਂਗਰਸ ਪਾਰਟੀ ਦੀ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ।
ਇਸ ਦੌਰਾਨ ਪਾਰਟੀ ਨੇ ਮੁੱਖ ਮੰਤਰੀ ਦੇ ਨਾਂਮ ਇੱਕ ਮੰਗ ਪੱਤਰ ਵੀ ਗਮਾਡਾ ਦੇ ਪ੍ਰਸ਼ਾਸਕ ਨੂੰ ਸੌਂਪਿਆ, ਜਿਸ ਵਿੱਚ ਪਾਲਿਸੀ ਨੂੰ ਤੁਰੰਤ ਵਾਪਿਸ ਲੈਣ ਦੀ ਮੰਗ ਕੀਤੀ ਗਈ। ਇਸ ਵਿੱਚ ਕਿਹਾ ਗਿਆ ਹੈ ਕਿ ਇਹ ਪਾਲਿਸੀ ਪੰਜ਼ਾਬ ਲਈ ਵਾਤਾਵਰਣ ਅਤੇ ਆਰਥਿਕ ਤੌਰ 'ਤੇ ਵਿਨਾਸ਼ਕਾਰੀ ਸਿੱਧ ਹੋਵੇਗੀ।
ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ, ਵੜਿੰਗ ਨੇ ਲੈਂਡ ਪੂਲਿੰਗ ਪਾਲਿਸੀ ਪ੍ਰਤੀ ਆਪਣੀ ਪਾਰਟੀ ਦੇ ਵਿਰੋਧ ਨੂੰ ਪੇਸ਼ ਕੀਤਾ ਅਤੇ ਦੁਹਰਾਇਆ ਕਿ ਇਹ 'ਆਪ' ਆਗੂਆਂ ਵੱਲੋਂ ਰਚੀ ਕੀਤੀ ਗਈ ਸਿਰਫ ਇੱਕ "ਜ਼ਮੀਨ ਲੁੱਟ" ਦੀ ਸਾਜ਼ਿਸ਼ ਹੈ। ਸਵਾਲ ਖੜ੍ਹਾ ਹੁੰਦਾ ਹੈ ਕਿ ਇਹ ਕਿਸ ਮਕਸਦ ਲਈ ਹੈ? ਜਦੋਂ ਕਿ ਕਿਤੇ ਵੀ ਕੋਈ ਮੰਗ ਨਹੀਂ ਹੈ।
ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਅਕਾਲੀ-ਭਾਜਪਾ ਗੱਠਜੋੜ ਦਾ ਸੁਝਾਅ ਦੇਣ ਬਾਰੇ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ, ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ (ਅਕਾਲੀ ਅਤੇ ਭਾਜਪਾ) ਹਮੇਸ਼ਾ ਇਕੱਠੇ ਹਨ ਅਤੇ ਆਪਸੀ ਨੇੜਤਾ ਰੱਖਦੇ ਹਨ।
ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਨੂੰ ਅਹਿਸਾਸ ਹੋ ਗਿਆ ਹੋਵੇਗਾ ਕਿ ਇਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ ਅਤੇ ਇਹ ਆਪਣੇ ਦਮ 'ਤੇ ਨਹੀਂ ਲੜ ਸਕਦੇ। ਉਨ੍ਹਾਂ ਕਿਹਾ ਕਿ ਭਾਵੇਂ ਇਹ ਇਕੱਠੇ ਹੋ ਜਾਣ, ਤਾਂ ਵੀ ਉਨ੍ਹਾਂ ਨੂੰ ਕੋਈ ਬਹੁਤਾ ਫ਼ਰਕ ਨਹੀਂ ਪਵੇਗਾ, ਕਿਉਂਕਿ ਦੋਵੇਂ ਪਾਰਟੀਆਂ ਪੰਜਾਬ ਵਿੱਚ ਆਪਣੀ ਜ਼ਮੀਨ ਗੁਆ ਚੁੱਕੀਆਂ ਹਨ। ਉਨ੍ਹਾਂ ਟਿੱਪਣੀ ਕੀਤੀ ਕਿ ਜ਼ੀਰੋ ਜਮ੍ਹਾ ਜ਼ੀਰੋ ਹਮੇਸ਼ਾ ਜ਼ੀਰੋ ਤੱਕ ਹੀ ਸੀਮਿਤ ਰਹੇਗਾ।
ਇਸ ਮੌਕੇ ਮੌਜੂਦ ਲੋਕਾਂ ਵਿੱਚ ਏ.ਆਈ.ਸੀ.ਸੀ. ਸਕੱਤਰ ਰਵਿੰਦਰ ਦਲਵੀ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸੁਖਪਾਲ ਸਿੰਘ ਖਹਿਰਾ, ਬਲਬੀਰ ਸਿੰਘ ਸਿੱਧੂ, ਕੈਪਟਨ ਸੰਦੀਪ ਸੰਧੂ, ਨਵਤੇਜ ਚੀਮਾ, ਗੁਰਕੀਰਤ ਕੋਟਲੀ, ਜਸਬੀਰ ਡਿੰਪਾ, ਹਰਮਿੰਦਰ ਗਿੱਲ, ਕੁਲਜੀਤ ਨਾਗਰਾ, ਸਾਧੂ ਸਿੰਘ ਧਰਮਸੋਤ, ਗਗਨਦੀਪ ਸਿੰਘ ਬੌਬੀ, ਗੁਰਸ਼ਰਨ ਕੌਰ ਰੰਧਾਵਾ, ਮੋਹਿਤ ਮਹਿੰਦਰਾ, ਕੁਲਦੀਪ ਵੈਦ, ਕਾਕਾ ਰਣਦੀਪ ਨਾਭਾ, ਰਣਜੀਤ ਸਿੰਘ ਜੀਤੀ ਆਦਿ ਹਾਜਰ ਸਨ।