ਓਮਾਨ ਦੇ ਨਰਕ 'ਚ ਫਸੀਆਂ 4 ਭਾਰਤੀ ਧੀਆਂ ਦੀ ਸੁਰੱਖਿਅਤ ਘਰ ਵਾਪਸੀ, ਸੀਚੇਵਾਲ ਦੇ ਯਤਨਾਂ ਨੂੰ ਬੂਰ
ਸੰਤ ਸੀਚੇਵਾਲ ਦੇ ਯਤਨਾਂ ਨਾਲ ਓਮਾਨ ਵਿੱਚ ਫਸੀਆਂ 4 ਭਾਰਤੀ ਲੜਕੀਆਂ ਦੀ ਸੁਰੱਖਿਅਤ ਘਰ ਵਾਪਸੀ
3 ਪੰਜਾਬ ਤੋਂ ਅਤੇ 1 ਕੇਰਲ ਤੋਂ
ਓਮਾਨ ਵਿੱਚ ਅਜੇ ਵੀ ਕਰੀਬ 100 ਲੜਕੀਆਂ ਫਸੀਆਂ – ਪੀੜਤਾ ਦਾ ਵੱਡਾ ਖੁਲਾਸਾ
“ਇੱਕ ਲੜਕੀ ਵਾਪਸ ਆਉਂਦੀ ਹੈ, ਤਾਂ ਕਈ ਹੋਰ ਉੱਥੇ ਫਸਾ ਦਿੱਤੀਆਂ ਜਾਂਦੀਆਂ ਹਨ” – ਪੀੜਤਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ : 7 ਫਰਵਰੀ 2026 ਓਮਾਨ ਦੀ ਚਮਕ-ਧਮਕ ਅਤੇ ਝੂਠੇ ਸੁਪਨੇ ਅੱਜ ਕਈ ਭਾਰਤੀ ਲੜਕੀਆਂ ਦੀ ਜ਼ਿੰਦਗੀ ਨਰਕ ਬਣਾ ਰਹੇ ਹਨ। ਦੁਖਦਾਈ ਗੱਲ ਇਹ ਹੈ ਕਿ ਕਈ ਮਾਮਲਿਆਂ ਵਿੱਚ ਲੜਕੀਆਂ ਨੂੰ ਇਸ ਦਲਦਲ ਵਿੱਚ ਧੱਕਣ ਵਾਲਾ ਕੋਈ ਆਪਣਾ ਹੀ ਹੁੰਦਾ ਹੈ। ਅਜਿਹੀ ਹੀ ਦਰਦਨਾਕ ਕਹਾਣੀ ਸਾਹਮਣੇ ਆਈ ਹੈ, ਜਿੱਥੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਲਗਾਤਾਰ ਯਤਨਾਂ ਸਦਕਾ ਓਮਾਨ ਵਿੱਚ ਫਸੀਆਂ ਚਾਰ ਭਾਰਤੀ ਲੜਕੀਆਂ ਦੀ ਸੁਰੱਖਿਅਤ ਭਾਰਤ ਵਾਪਸੀ ਸੰਭਵ ਹੋ ਸਕੀ ਹੈ। ਇਨ੍ਹਾਂ ਵਿੱਚੋਂ ਤਿੰਨ ਲੜਕੀਆਂ ਪੰਜਾਬ ਦੀਆਂ ਅਤੇ ਇੱਕ ਕੇਰਲ ਦੀ ਰਹਿਣ ਵਾਲੀ ਹੈ।
ਅੱਜ ਨਿਰਮਲ ਕੁਟੀਆ, ਸੁਲਤਾਨਪੁਰ ਲੋਧੀ ਵਿੱਚ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੂੰ ਮਿਲਣ ਪਹੁੰਚੀ ਇੱਕ ਪੀੜਤਾ ਲੜਕੀ ਨੇ ਆਪਣੀ ਰੋਂਗਟੇ ਖੜੇ ਕਰਨ ਵਾਲੀ ਆਪਬੀਤੀ ਸਾਂਝੀ ਕਰਦਿਆਂ ਕਿਹਾ ਕਿ, “ਜੇਕਰ ਇੱਕ ਲੜਕੀ ਉੱਥੋਂ ਵਾਪਸ ਆ ਰਹੀ ਹੈ, ਤਾਂ ਉਸਦੀ ਥਾਂ ਕਈ ਹੋਰ ਲੜਕੀਆਂ ਨੂੰ ਫਸਾ ਦਿੱਤਾ ਜਾਂਦਾ ਹੈ।”
ਇਹ ਵਾਪਸੀ ਵਿਦੇਸ਼ ਮੰਤਰਾਲੇ ਅਤੇ ਓਮਾਨ ਸਥਿਤ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਸੰਭਵ ਹੋਈ, ਜਿਸ ਲਈ ਸੰਤ ਸੀਚੇਵਾਲ ਵੱਲੋਂ ਦਿਲੋਂ ਧੰਨਵਾਦ ਕੀਤਾ ਗਿਆ। ਸੰਤ ਸੀਚੇਵਾਲ ਨੇ ਦੱਸਿਆ ਕਿ ਦਸੰਬਰ ਮਹੀਨੇ ਦੌਰਾਨ ਵਿਦੇਸ਼ ਮੰਤਰਾਲੇ ਨੂੰ ਲਗਭਗ 70 ਲੜਕੀਆਂ ਬਾਰੇ ਲਿਖਤੀ ਰੂਪ ਵਿੱਚ ਜਾਣਕਾਰੀ ਦਿੱਤੀ ਗਈ ਸੀ, ਜੋ ਵਿਦੇਸ਼ਾਂ ਵਿੱਚ ਝੂਠੇ ਵਾਅਦਿਆਂ ਅਤੇ ਮਨੁੱਖੀ ਤਸਕਰੀ ਦੇ ਜਾਲ ਵਿੱਚ ਫਸੀਆਂ ਹੋਈਆਂ ਸਨ। ਅੱਜ ਉਨ੍ਹਾਂ ਵਿੱਚੋਂ ਇੱਕ ਪੀੜਤਾ ਧੰਨਵਾਦ ਪ੍ਰਗਟ ਕਰਨ ਲਈ ਸੰਤ ਸੀਚੇਵਾਲ ਕੋਲ ਪਹੁੰਚੀ। ਇਸ ਲੜਕੀ ਦਾ ਪਰਿਵਾਰ ਦਸੰਬਰ ਮਹੀਨੇ ਸਹਾਇਤਾ ਲਈ ਸੰਤ ਸੀਚੇਵਾਲ ਦੇ ਦਫਤਰ ਨਾਲ ਸੰਪਰਕ ਵਿੱਚ ਆਇਆ ਸੀ ਅਤੇ ਲੜਕੀ 2 ਫਰਵਰੀ ਨੂੰ ਸੁਰੱਖਿਅਤ ਤੌਰ ’ਤੇ ਭਾਰਤ ਵਾਪਸ ਪਹੁੰਚੀ।
ਪੀੜਤਾ ਨੇ ਦੱਸਿਆ ਕਿ ਉਹ ਮਈ 2024 ਵਿੱਚ ਆਪਣੀ ਹੀ ਕਜ਼ਨ ਭੈਣ ਦੇ ਰਾਹੀਂ ਓਮਾਨ ਗਈ ਸੀ, ਪਰ ਉਹ ਕਜ਼ਨ ਭੈਣ ਖੁਦ ਭਾਰਤ ਵਾਪਸ ਆ ਗਈ ਅਤੇ ਇਸ ਲੜਕੀ ਨੂੰ ਉੱਥੇ ਫਸਾ ਦਿੱਤਾ ਗਿਆ। ਓਮਾਨ ਪਹੁੰਚਦੇ ਹੀ ਉਸਦਾ ਪਾਸਪੋਰਟ ਜ਼ਬਰਦਸਤੀ ਖੋਹ ਲਿਆ ਗਿਆ ਅਤੇ ਦੋ ਸਾਲਾਂ ਦੇ ਜ਼ਬਰਦਸਤੀ ਕਰਾਰਨਾਮਿਆਂ ’ਤੇ ਦਸਤਖ਼ਤ ਕਰਵਾ ਲਏ ਗਏ। ਲੜਕੀ ਨੇ ਆਪਣੀ ਦਰਦਨਾਕ ਹੱਡਬੀਤੀ ਦੱਸਦਿਆਂ ਕਿਹਾ ਕਿ ਭਾਰੀ ਮਿਹਨਤ ਕਰਨ ਦੇ ਬਾਵਜੂਦ ਉਸਨੂੰ ਕਦੇ ਵੀ ਤਨਖ਼ਾਹ ਨਹੀਂ ਦਿੱਤੀ ਗਈ। ਛੋਟੀਆਂ-ਛੋਟੀਆਂ ਗੱਲਾਂ ’ਤੇ ਮਾਰਕੁੱਟ, ਤਸ਼ੱਦਦ ਅਤੇ ਅਮਾਨਵੀ ਸਲੂਕ ਸਹਿਣਾ ਪੈਂਦਾ ਸੀ। ਜਦੋਂ ਉਸਨੇ ਵਾਪਸੀ ਦੀ ਮੰਗ ਕੀਤੀ, ਤਾਂ ਸਪੋਂਸਰਾਂ ਵੱਲੋਂ ਲੱਖਾਂ ਰੁਪਏ ਦੀ ਮੰਗ ਕੀਤੀ ਗਈ ਜਾਂ ਹੋਰ ਲੜਕੀਆਂ ਭੇਜਣ ਲਈ ਦਬਾਅ ਬਣਾਇਆ ਜਾਂਦਾ ਸੀ।
ਪੀੜਤਾ ਨੇ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਉਸਦੇ ਨਾਲ-ਨਾਲ ਓਮਾਨ ਵਿੱਚ ਕਰੀਬ 100 ਦੇ ਆਸ-ਪਾਸ ਹੋਰ ਭਾਰਤੀ ਲੜਕੀਆਂ ਵੀ ਇਸੇ ਤਰ੍ਹਾਂ ਫਸੀਆਂ ਹੋਈਆਂ ਸਨ। ਉਸਨੇ ਕਿਹਾ ਕਿ ਇੱਕ ਲੜਕੀ ਦੇ ਨਿਕਲਣ ਨਾਲ ਹੀ ਗਿਰੋਹ ਵੱਲੋਂ ਉਸਦੀ ਥਾਂ ਦੂਜੀ ਲੜਕੀ ਲਿਆਂਦੀ ਜਾਂਦੀ ਹੈ। ਉਸਨੇ ਇਹ ਵੀ ਦੱਸਿਆ ਕਿ ਓਮਾਨ ਵਿੱਚ ਕਾਨੂੰਨੀ ਸਖ਼ਤੀ ਵਧਣ ਕਾਰਨ ਹੁਣ ਬਿਨਾਂ ਸਪੋਂਸਰ ਜਾਂ ਉਸਦੇ ਉੱਪਰਲੇ ਸਪੋਂਸਰ ਦੀ ਮਨਜ਼ੂਰੀ ਤੋਂ ਬਿਨਾਂ ਵਾਪਸੀ ਲਗਭਗ ਅਸੰਭਵ ਹੋ ਗਈ ਹੈ। ਪੈਸਿਆਂ ਦੀ ਅਦਾਇਗੀ ਕੀਤੇ ਬਿਨਾਂ ਲੜਕੀਆਂ ਨੂੰ ਮੁੜ ਭੇਜਣ ਤੋਂ ਸਾਫ਼ ਇਨਕਾਰ ਕੀਤਾ ਜਾਂਦਾ ਹੈ।
ਸੰਤ ਸੀਚੇਵਾਲ ਨੇ ਕਿਹਾ ਕਿ ਹੁਣ ਇਹ ਵੀ ਸਾਹਮਣੇ ਆਇਆ ਹੈ ਕਿ ਦਿੱਲੀ ਏਅਰਪੋਰਟ ’ਤੇ ਵਧੀ ਸਖ਼ਤੀ ਕਾਰਨ ਇਹ ਗਿਰੋਹ ਲੜਕੀਆਂ ਨੂੰ ਮੁੰਬਈ ਰਾਹੀਂ ਵਿਦੇਸ਼ ਭੇਜ ਰਹੇ ਹਨ, ਤਾਂ ਜੋ ਕਾਨੂੰਨੀ ਜਾਂਚ ਤੋਂ ਬਚਿਆ ਜਾ ਸਕੇ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਇਸ ਅੰਤਰਰਾਸ਼ਟਰੀ ਮਨੁੱਖੀ ਤਸਕਰੀ ਵਿੱਚ ਸ਼ਾਮਲ ਗਿਰੋਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਕਿਉਂਕਿ ਇਹ ਗਿਰੋਹ ਖ਼ਾਸ ਕਰਕੇ ਗਰੀਬ ਅਤੇ ਮਜ਼ਬੂਰ ਪਰਿਵਾਰਾਂ ਦੀਆਂ ਧੀਆਂ ਨੂੰ ਝੂਠੇ ਸੁਪਨਿਆਂ ਨਾਲ ਨਿਸ਼ਾਨਾ ਬਣਾ ਰਹੇ ਹਨ।
ਸੰਤ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਿਨਾਂ ਪੂਰੀ ਜਾਂਚ-ਪੜਤਾਲ ਅਤੇ ਸਹੀ ਜਾਣਕਾਰੀ ਦੇ ਕਿਸੇ ਵੀ ਏਜੰਟ ਜਾਂ ਝੂਠੇ ਵਾਅਦਿਆਂ ਦੇ ਝਾਂਸੇ ਵਿੱਚ ਆ ਕੇ ਆਪਣੀਆਂ ਧੀਆਂ ਨੂੰ ਵਿਦੇਸ਼ ਨਾ ਭੇਜਿਆ ਜਾਵੇ। ਜਾਗਰੂਕਤਾ ਹੀ ਇਸ ਭਿਆਨਕ ਅਪਰਾਧ ਤੋਂ ਬਚਾਅ ਦਾ ਸਭ ਤੋਂ ਵੱਡਾ ਹਥਿਆਰ ਹੈ।