Canada: ਗ਼ਜ਼ਲ ਮੰਚ ਸਰੀ ਵੱਲੋਂ ਪੰਜਾਬ ਤੋਂ ਆਏ ਪ੍ਰਸਿੱਧ ਸ਼ਾਇਰ ਸੁਰਿੰਦਰਪ੍ਰੀਤ ਘਣੀਆ ਨਾਲ ਰੂਬਰੂ
ਹਰਦਮ ਮਾਨ
ਸਰੀ, 17 ਜੁਲਾਈ 2025-ਗ਼ਜ਼ਲ ਮੰਚ ਸਰੀ ਵੱਲੋਂ ਪੰਜਾਬ ਤੋਂ ਆਏ ਪ੍ਰਸਿੱਧ ਸ਼ਾਇਰ ਸੁਰਿੰਦਰਪ੍ਰੀਤ ਘਣੀਆ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਮੰਚ ਦੇ ਪ੍ਰਧਾਨ ਜਸਵਿੰਦਰ ਅਤੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਕਿਹਾ ਕਿ ਗ਼ਜ਼ਲ ਮੰਚ ਲਈ ਇਹ ਬੇਹੱਦ ਖੁਸ਼ੀ ਦਾ ਮੌਕਾ ਹੈ ਕਿ ਪੰਜਾਬੀ ਗ਼ਜ਼ਲ ਦੇ ਉੱਘੇ ਹਸਤਾਖ਼ਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਸੁਰਿੰਦਰਪ੍ਰੀਤ ਘਣੀਆ ਗ਼ਜ਼ਲ ਮੰਚ ਸਰੀ ਦੇ ਸ਼ਾਇਰਾਂ ਦੇ ਰੂਬਰੂ ਹੋਏ ਹਨ। ਗ਼ਜ਼ਲ ਮੰਚ ਦੇ ਸ਼ਾਇਰ ਰਾਜਵੰਤ ਰਾਜ, ਦਸ਼ਮੇਸ਼ ਗਿੱਲ ਫ਼ਿਰੋਜ਼, ਹਰਦਮ ਮਾਨ, ਪ੍ਰੀਤ ਮਨਪ੍ਰੀਤ ਅਤੇ ਮਹਿੰਦਰਪਾਲ ਸਿੰਘ ਪਾਲ ਨੇ ਵੀ ਸੁਰਿੰਦਰਪ੍ਰੀਤ ਘਣੀਆ ਨੂੰ ਜੀ ਆਇਆ ਕਿਹਾ।
ਸੁਰਿੰਦਰਪ੍ਰੀਤ ਘਣੀਆ ਨੇ ਆਪਣੇ ਸੰਘਰਸ਼ਮਈ ਜੀਵਨ, ਵਿਦਿਆ, ਪਰਿਵਾਰ, 39 ਸਾਲਾ ਅਧਿਆਪਨ ਕਾਰਜ, ਪ੍ਰਾਪਤੀਆਂ ਅਤੇ ਮੌਜੂਦਾ ਰਿਟਾਇਰਮੈਂਟ ਜੀਵਨ ਬਾਰੇ ਵਿਸਥਾਰ ਵਿਚ ਗੱਲਬਾਤ ਕੀਤੀ। ਸਾਹਿਤਕ ਚਿਣਗ ਬਾਰੇ ਉਨ੍ਹਾਂ ਦੱਸਿਆ ਕਿ ਦਸਵੀਂ ਵਿਚ ਪੜ੍ਹਦਿਆਂ ਉਨ੍ਹਾਂ ਆਪਣਾ ਪਹਿਲਾ ਗੀਤ ਸ਼ਹੀਦੇ-ਆਜ਼ਮ ਭਗਤ ਸਿੰਘ ਦੀ ਸ਼ਹਾਦਤ ਬਾਰੇ ਲਿਖਿਆ ਸੀ। ਦੇਵ ਰਾਊਕੇ ਦੇ ਗ਼ਜ਼ਲ ਸੰਗ੍ਰਹਿ ‘ਤੇਰੀਆਂ ਗ਼ਜ਼ਲਾਂ ਮੇਰੇ ਗੀਤ’ ਪੜ੍ਹਨ ਉਪਰੰਤ ਉਸ ਨੂੰ ਲੱਗਿਆ ਕਿ ਉਹ ਵੀ ਆਪਣੇ ਦਿਲੀ ਜਜ਼ਬਾਤ ਦਾ ਪ੍ਰਗਟਾਵਾ ਇਸ ਤਰ੍ਹਾਂ ਦੇ ਕਾਵਿ ਰੂਪ ਵਿਚ ਕਰ ਸਕਦਾ ਹੈ। ਫਿਰ ਉਸ ਨੇ ਪੰਜਾਬੀ ਸਾਹਿਤ ਸਭਾ ਨਾਲ ਜੁੜ ਕੇ ਹਰਦਮ ਸਿੰਘ ਮਾਨ ਜਿਹੇ ਦੋਸਤਾਂ ਦੀ ਸੰਗਤ ਮਾਣਦਿਆਂ ਉਸਤਾਦ ਸ਼ਾਇਰ ਦੀਪਕ ਜੈਤੋਈ ਪਾਸੋਂ ਗ਼ਜ਼ਲ ਬਾਰੇ ਗਿਆਨ ਹਾਸਲ ਕੀਤਾ ਅਤੇ ਨਾਮਵਰ ਸ਼ਾਇਰ ਜਸਵਿੰਦਰ ਅਤੇ ਹੋਰ ਸ਼ਾਇਰਾਂ ਨਾਲ ਮੇਲ ਮਿਲਾਪ ਹੋਇਆ। ਪਹਿਲੀ ਗ਼ਜ਼ਲ ਪ੍ਰਮਿੰਦਰਜੀਤ ਦੁਆਰਾ ਸੰਪਾਦਿਤ ਮੈਗਜ਼ੀਨ ‘ਲੋਅ’ ਵਿਚ ਛਪੀ। ਹੁਣ ਤੱਕ ਉਸ ਦੇ ਦੋ ਗ਼ਜ਼ਲ ਸੰਗ੍ਰਿਹ ‘ਹਰਫ਼ਾਂ ਦੇ ਪੁਲ’ ਅਤੇ ‘ਟੂਮਾਂ’ ਛਪ ਚੁੱਕੇ ਹਨ।
ਸਾਹਿਤ ਦੇ ਸਮਾਜਿਕ ਰੋਲ ਬਾਰੇ ਉਸ ਦਾ ਕਹਿਣਾ ਸੀ ਕਿ ਸਾਹਿਤ ਕ੍ਰਾਂਤੀ ਵਾਸਤੇ ਜ਼ਮੀਨ ਤਿਆਰ ਕਰਦਾ ਹੈ, ਕ੍ਰਾਂਤੀ ਵੀ ਲਿਆ ਸਕਦਾ ਹੈ, ਤਖ਼ਤ ਵੀ ਪਲਟਾ ਸਕਦਾ ਹੈ। ਏਸੇ ਕਰ ਕੇ ਹੀ ਹਾਕਮ ਸ਼ਾਇਰਾਂ ਤੋਂ ਖ਼ਤਰਾ ਮਹਿਸੂਸ ਕਰਦਾ ਹੈ।
ਇਸ ਮੌਕੇ ਉਸ ਨੇ ਆਪਣੀਆਂ ਕੁਝ ਗ਼ਜ਼ਲਾਂ ਵੀ ਸਾਂਝੀਆਂ ਕੀਤੀਆਂ। ਉਸ ਦਾ ਸ਼ਾਇਰਾਨਾ ਰੰਗ ਸੀ-
ਅਜੇ ਤਰਦੇ ਨੇ ਪੱਥਰ ਇਸ ਵਿੱਚ, ਫੁੱਲ ਡੁੱਬਦੇ ਨੇ
ਸਮੇਂ ਦੇ ਵਹਿਣ ਸੰਗ ਮੇਰੀ ਕਿਵੇਂ ਫਿਰ ਸਹਿਮਤੀ ਹੋਵੇ
ਮੈਂ ਪਿੰਡ ਦਾ ਹਾਲ ਪੁੱਛਣ ਸ਼ਹਿਰੋਂ ਅੱਜ ਕੱਲ੍ਹ ਪਿੰਡ ਨਹੀਂ ਜਾਂਦਾ
ਮੈਂ ਲੇਬਰ ਚੌਂਕ ਵਿੱਚੋਂ ਹਾਲ ਪਿੰਡ ਦਾ ਜਾਣ ਲੈਂਦਾ ਹਾਂ
ਉਹ ਮੇਰੇ ਉੱਤੇ ਹਰ ਪਲ ਏਸੇ ਕਰਕੇ ਨਜ਼ਰ ਰੱਖਦੇ ਨੇ
ਮੈਂ ਆਪਣੇ ਕਮਰੇ ਵਿੱਚੋਂ ਸੰਸਦ ਉੱਤੇ ਵਾਰ ਕਰਦਾ ਹਾਂ
ਜਦੋਂ ਵੀ ਠੇਲ ਦਾ ਕਿਸ਼ਤੀ ਮਿਲਣ ਦਰਿਆ ਚੜ੍ਹੇ ਹੋਏ
ਕਿਵੇਂ ਹੈ ਪਾਰ ਲੱਗਣਾ ਸਬਕ ਨੇ ਮੈਂ ਵੀ ਪੜ੍ਹੇ ਹੋਏ
ਅੰਤ ਵਿਚ ਗ਼ਜ਼ਲ ਮੰਚ ਵੱਲੋਂ ਮਹਿਮਾਨ ਸ਼ਾਇਰ ਸੁਰਿੰਦਰਪ੍ਰੀਤ ਘਣੀਆ ਨੂੰ ਸਨਮਾਨਿਤ ਕੀਤਾ ਗਿਆ। ਦਸ਼ਮੇਸ਼ ਗਿੱਲ ਫ਼ਿਰੋਜ਼ ਅਤੇ ਮਹਿੰਦਰਪਾਲ ਸਿੰਘ ਪਾਲ ਵੱਲੋਂ ਸ਼ਾਇਰ ਘਣੀਆ ਨੂੰ ਆਪਣੀਆਂ ਸ਼ਾਇਰੀ ਦੀਆਂ ਪੁਸਤਕਾਂ ਦਿੱਤੀਆਂ ਗਈਆਂ।