Babushahi Special ਬੰਬ ਧਮਾਕਿਆਂ ਦੀਆਂ ਧਮਕੀਆਂ ਪਿੱਛੇ ਸਾਜਿਸ਼ ਦੀ ਚੁੰਝ ਚਰਚਾ ਨੇ ਬਣਾਇਆ ਸਹਿਮ ਦਾ ਮਹੌਲ
ਅਸ਼ੋਕ ਵਰਮਾ
ਬਠਿੰਡਾ, 28 ਫਰਵਰੀ 2026 : ਪੰਜਾਬ ਪੁਲੀਸ ਸੂਬਾ ਵਾਸੀਆਂ ਨੂੰ ਸੁਰੱਖਿਅਤ ਮਾਹੌਲ ਦੇਣ ਵਿੱਚ ਸਫਲ ਹੁੰਦੀ ਨਜ਼ਰ ਨਹੀਂ ਆ ਰਹੀ ਹੈ। ਸਕੂਲਾਂ , ਅਦਾਲਤਾਂ , ਪੰਜਾਬ ਸਕੱਤਰੇਤ ਅਤੇ ਹੋਰ ਸਰਕਾਰੀ ਅਦਾਰਿਆਂ ’ਤੇ ਬੰਬ ਧਮਾਕੇ ਕਰਨ ਸਬੰਧੀ ਆਈਆਂ ਈਮੇਲਾਂ ਨੇ ਖੌਫ ਅਤੇ ਤਣਾਅ ਦਾ ਮਹੌਲ ਬਣਾਇਆ ਹੋਇਆ ਹੈ ਜਿਸ ’ਚ ਹਾਲ ਹੀ ਵਿੱਚ ਗੁਰਦਾਸਪੁਰ ਜਿਲ੍ਹੇ ਦੀ ਇੱਕ ਪੁਲਿਸ ਚੌਂਕੀ ’ਤੇ ਤਾਇਨਾਤ ਦੋ ਪੁਲਿਸ ਮੁਲਾਜਮਾਂ ਦੀ ਹੱਤਿਆ ਨੇ ਵਾਧਾ ਕਰ ਦਿੱਤਾ ਹੈ। ਹਾਲਾਂਕਿ ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਪੁਲਿਸ ਨੇ ਇਸ ਵਾਰਦਾਤ ’ਚ ਕਥਿਤ ਤੌਰ ’ਤੇ ਸ਼ਾਮਲ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇੱਕ ਪੁਲਿਸ ਮੁਕਾਬਲੇ ਦੌਰਾਨ ਮਾਰਿਆ ਗਿਆ ਹੈ ਪਰ ਇਸ ਦੇ ਬਾਵਜੂਦ ਆਪ ਲੋਕ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗੇ ਹਨ। ਇਸ ਤੋਂ ਇਲਾਵਾ ਫਿਰੌਤੀਆਂ ਮੰਗਣ, ਲੁੱਟਾਂ ਖੋਹਾਂ ਅਤੇ ਗੈਂਗਸਟਰ ਗਤੀਵਿਧੀਆਂ ਸਣੇ ਅਪਰਾਧਿਕ ਵਾਰਦਾਤਾਂ ਜਾਰੀ ਹਨ ਜੋ ਲੋਕਾਂ ਨੂੰ ਖੌਫ਼ਜ਼ਦਾ ਕਰਦੀਆਂ ਹਨ।
ਮੁੱਖ ਮੰਤਰੀ ਭਗਵੰਤ ਮਾਨ ਅਕਸਰ ਅਮਨ ਕਾਨੂੰਨਾਂ ਦੀ ਸਥਿਤੀ ਹੋਰਨਾਂ ਸੂਬਿਆਂ ਨਾਲੋਂ ਬਿਹਤਰ ਹੋਣ ਦੇ ਦਾਅਵੇ ਕਰਦੇ ਹਨ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਦਾ ਵੀ ਇਹੋ ਦਾਅਵਾ ਹੈ ਪਰ ਇਹ ਘਟਨਾਵਾਂ ਪੰਜਾਬ ਪੁਲੀਸ ਦੇ ਕਾਨੂੰਨ ਵਿਵਸਥਾ ਸਬੰਧੀ ਦਾਅਵਿਆਂ ਦੀ ਪੋਲ ਖੋਲ੍ਹਦੀਆਂ ਹਨ। ਇਸ ਦੌਰਾਨ ਜਦੋਂ ਵੀ ਕੋਈ ਨਾ ਕੋਈ ਵੱਡੀ ਵਾਰਦਾਤ ਹੋ ਜਾਂਦੀ ਹੈ ਤਾਂ ਉਸ ਕਾਰਨ ਆਮ ਨਾਗਰਿਕਾਂ ਦਾ ਪੰਜਾਬ ਪੁਲਿਸ ਤੇ ਯਕੀਨ ਨਹੀਂ ਬੱਝਣਾ ਔਖਾ ਹੋ ਜਾਂਦਾ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਲਗਾਤਾਰ ਹੋ ਰਹੀ ਗ੍ਰਨੇਡ ਵਰਗੇ ਘਾਤਕ ਹਥਿਆਰਾਂ ਦੀ ਬਰਾਮਦਗੀ ਅਤੇ ਅੱਤਵਾਦੀ ਮਾਡਿਊਲਾਂ ਦੇ ਖੁਲਾਸੇ ਪੰਜਾਬ ਪੁਲਿਸ ਦੀ ਸਫਲਤਾ ਦੇ ਬਾਵਜੂਦ ਸੁਰੱਖਿਆ ਏਜੰਸੀਆਂ ਲਈ ਚੁਣੌਤੀ ਬਣਦੇ ਜਾ ਰਹੇ ਹਨ। ਪਿਛੋਕੜ ’ਚ ਝਾਤੀ ਮਾਰੀਏ ਤਾਂ ਪਤਾ ਲਗਦਾ ਹੈ ਕਿ ਪੁਲਿਸ ਦੇ ਅਦਾਰਿਆਂ, ਘਰਾਂ, ਧਾਰਮਿਕ ਸਥਾਨਾਂ ਅਤੇ ਸਿਆਸੀ ਹਸਤੀਆਂ ਨੂੰ ਨਿਸ਼ਾਨਾ ਬਣਾਕੇ ਕੀਤੇ ਗ੍ਰਨੇਡ ਹਮਲਿਆਂ ਦੀ ਕਰੀਬ 16 ਵਾਰਦਾਤਾਂ ਸਾਹਮਣੇ ਆਈਆਂ ਸਨ।
ਖਾਸ ਤੌਰ ’ਤੇ ਪੰਜਾਬ ਵੱਲੋਂ ਕਈ ਸਾਲ ਪਹਿਲਾਂ ਅੱਤਵਾਦ ਹੰਢਾਇਆ ਹੋਣ ਕਰਕੇ ਅੰਮ੍ਰਿਤਸਰ , ਗੁਰਦਾਸਪੁਰ , ਜਲੰਧਰ ਅਤੇ ਬਟਾਲਾ ਵਰਗੇ ਸਰਹੱਦੀ ਜਿਲਿ੍ਹਆਂ ’ਚ ਹੋਈਆਂ ਇਹ ਘਟਨਾਵਾਂ ਇੱਕ ਤਰਾਂ ਨਾਲ ਸਪਸ਼ਟ ਸੰਕੇਤ ਹੈ ਕਿ ਸਰਹੱਦ ਨਾਲ ਲੱਗਦੇ ਇਲਾਕੇ ਨੂੰ ਦਹਿਲਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਪੰਜਾਬ ਪੁਲਿਸ ਦੀ ਇੱਕ ਰਿਪੋਰਟ ਅਨੁਸਾਰ 2025 ਦੌਰਾਨ ਪੁਲਿਸ ਨੇ ਇੱਕ ਦਰਜਨ ਵੱਡੇ ਦਹਿਸ਼ਤਗਰਦੀ ਨਾਲ ਜੁੜੇ ਮਾਮਲਿਆਂ ਦਾ ਖੁਲਾਸਾ ਕੀਤਾ ਜਦੋਂਕਿ 19 ਮਾਡਿਊਲ ਖਤਮ ਅਤੇ 131 ਵਿਅਕਤੀਆਂ ਗ੍ਰਿਫਤਾਰ ਕੀਤੇ ਗਏ ਹਨ। ਸੁਰੱਖਿਆ ਏਜੰਸੀਆਂ ਨੇ 11.62 ਕਿੱਲੋ ਆਰਡੀਐਕਸ, 54 ਤੋਂ ਵੱਧ ਹੈਂਡ ਗ੍ਰਨੇਡ, 12 ਆਈਡੀ, 32 ਡੈਟੋਨੇਟਰ, 188 ਰਿਵਾਲਵਰ ਅਤੇ 9 ਰਾਈਫਲਾਂ ਬਰਾਮਦ ਕੀਤੀਆਂ ਹਨ। ਇਸ ਤੋਂ ਬਿਨਾਂ ਸੁਰੱਖਿਆ ਬਲਾਂ ਨੇ ਸਰਹੱਦੀ ਖੇਤਰਾਂ ’ਚ ਡਰੋਨ ਰਾਹੀਂ ਹਥਿਆਰ ਸੁੱਟਣ ਦਾ ਪਰਦਾਫਾਸ਼ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਸਾਫ ਕੀਤਾ ਹੈ ਕਿ ਪੰਜਾਬ ’ਚ ਅਸ਼ਾਂਤੀ ਪੈਦਾ ਕਰਨ ਲਈ ਸਰਹੱਦ ਪਾਰੋਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ।
ਦਹਿਸ਼ਤ ਫੈਲਾਉਣ ਦੇ ਢੰਗ ਬਦਲੇ
ਕੋਈ ਸਮਾਂ ਸੀ ਜਦੋਂ ਪੰਜਾਬ ’ਚ ਅਸਲ ਵਿੱਚ ਬੰਬ ਧਮਾਕਿਆਂ ਦਾ ਸਿਲਸਿਲਾ ਚੱਲਿਆ ਸੀ ਜਿਸ ਦੀ ਜਾਂਚ ਫਿਜ਼ੀਕਲ ਤੌਰ ਤੇ ਕੀਤੀ ਜਾਂਦੀ ਸੀ। ਇਸ ਦੇ ਉਲਟ ਮੌਜੂਦਾ ਦੌਰ ਦੌਰਾਨ ਵੱਡੇ ਧਮਾਕੇ ਨਾਂਮਾਤਰ ਹਨ ਪਰ ਅਫਵਾਹਾਂ ਅਤੇ ਸਾਈਬਰ ਢੰਗ ਨਾਲ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਜਿਆਦਾ ਨਜ਼ਰ ਆ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਛੋਟੀਆਂ ਕੋਸ਼ਿਸ਼ਾਂ ਨਾਲ ਵੱਡੇ ਨਤੀਜਿਆਂ ਵਾਲੀ ਰਣਨੀਤੀ ਹੋ ਸਕਦੀ ਹੈ। ਸਾਲ 2025-26 ਦੀਆਂ ਘਟਨਾਵਾਂ ਜਿੱਥੇ ਚਿਤਾਵਨੀ ਦਿੰਦੀਆਂ ਹਨ ਉੱਥੇ ਹੀ ਪੰਜਾਬ ਪੁਲਿਸ ਦੀ ਮੁਸਤੈਦੀ ਕਾਫੀ ਹੱਦ ਤੱਕ ਰਾਹਤ ਪ੍ਰਦਾਨ ਕਰਨ ਵਾਲੀ ਹੈ। ਫਿਲਹਾਲ ਪੰਜਾਬ ਪੁਲਿਸ ਅੱਗੇ ਇਹੋ ਵੱਡਾ ਸਵਾਲ ਹੈ ਕਿ ਇਹ ਸਿਰਫ ਅਫਵਾਹਾਂ ਦਾ ਸ਼ੋਰ ਸ਼ਰਾਬਾ ਹੈ ਜਾਂ ਫਿਰ ਕਿਸੇ ਵੱਡੀ ਸਾਜਿਸ਼ ਦਾ ਇਸ਼ਾਰਾ ।
ਵਿਦੇਸ਼ੀ ਸਰਵਰ ਵੱਖਵਾਦੀ ਨਾਮ
ਪੁਲਿਸ ਤਫਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਜਿਆਦਾਤਰ ਈਮੇਲ ਵਿਦੇਸ਼ੀ ਸਰਵਰ ਤੋਂ ਭੇਜੇ ਗਏ ਹਨ। ਪੁਲਿਸ ਅਨੁਸਾਰ ਇੰਨ੍ਹਾਂ ’ਚ ਅਮਰੀਕਾ, ਬੰਗਲਾਦੇਸ਼ (ਢਾਕਾ) , ਲੰਦਨ ਅਤੇ ਫਰਾਂਸ ਦੇ ਆਈਪੀ ਅਡਰੈਸ ਸਨ। ਅਪਰਾਧੀਆਂ ਵੱਲੋਂ ਆਪਣੀ ਪਛਾਣ ਛਿਪਾਉਣ ਲਈ ਵੀਪਐਨ ਅਤੇ ਡਾਰਕ ਨੈਟ ਦਾ ਸਹਾਰਾ ਲਿਆ ਜਾ ਰਿਹਾ ਹੈ। ਜਾਂਚ ’ਚ ਇਹ ਵੀ ਪਤਾ ਲੱਗਿਆ ਹੈ ਕਿ ਕਈ ਧਮਕੀਆਂ ’ਚ ਪਾਬੰਦੀਸ਼ੁਦਾ ਜੱਥੇਬੰਦੀਆਂ ਦੇ ਨਾਮ, ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦਾ ਸੰਦਰਭ ਅਤੇ ਜੇਲ੍ਹ ’ਚ ਬੰਦ ਕਈ ਗੈਂਗਸਟਰਾਂ ਦਾ ਜਿਕਰ ਵੀ ਕੀਤਾ ਗਿਆ ਹੈ। ਰਾਹਤ ਵਾਲੀ ਗੱਲ ਇਹ ਹੈ ਕਿ ਪੁਲਿਸ ਹਰ ਮਾਮਲੇ ’ਚ ਪੂਰੀ ਚੌਕਸੀ ਵਰਤ ਰਹੀ ਹੈ।
ਬੰਗਲਾਦੇਸ਼ੀ ਕੁਨੈਕਸ਼ਨ ਨਿਕਲਿਆ
ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਬੰਬ ਧਮਾਕਿਆਂ ਦੀਆਂ ਅਫਵਾਹਾਂ ਪਿੱਛੇ ਬੰਗਲਾ ਦੇਸ਼ ਦਾ ਹੱਥ ਹੋਣ ਦੀ ਪੁਸ਼ਟੀ ਕੀਤੀ ਹੈ। ਜਲੰਧਰ ਵਿਖੇ 19 ਫਰਵਰੀ 2026 ਨੂੰ ਡੀਜੀਪੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਸੀ ਕਿ ਜਾਂਚ ਦੌਰਾਨ ਸਕੂਲਾਂ ,ਹਸਪਤਾਲਾਂ ਅਤੇ ਸਕੱਤਰੇਤ ਨੂੰ ਭੇਜੀਆਂ ਗਈਆਂ ਧਮਕੀ ਵਾਲੀਆਂ ਈਮੇਲਾਂ ਦਾ ਸਰਵਰ ਬੰਗਲਾ ਦੇਸ਼ ਦਾ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਦੇ ਸਕੂਲ ਨੂੰ ਭੇਜੀ ਗਈ ਈਮੇਲ ਦਾ ਆਈਪੀ ਅਡਰੈਸ ਢਾਕਾ ਦਾ ਨਿਕਲਿਆ ਸੀ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਧਮਕੀਆਂ ਦਾ ਮਕਸਦ ਦਹਿਸ਼ਤ ਪੈਦਾ ਕਰਨਾ ਸੀ। ਬੇਸ਼ੱਕ ਇਹ ਧਮਕੀਆਂ ਮਹਿਜ਼ ਅਫਵਾਹ ਸਾਬਤ ਹੋਈਆਂ ਫਿਰ ਵੀ ਪੰਜਾਬ ਪੁਲਿਸ ਦਾ ਸਾਈਬਰ ਅਤੇ ਐਂਟੀ ਸਾਬੋਤਾਜ ਵਿੰਗ ਤਫਤੀਸ਼ ’ਚ ਜੁਟੇ ਹੋਏ ਹਨ।
Click to Follow Babushahi Facebook Page →