ਮਹਿਲਾਵਾਂ ਵਿੱਚ ਵਿਗਿਆਨੀ ਬਣਨ ਦੀ ਕਾਬਲੀਅਤ, ਪਰ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਰਹੀਆਂ ਸਮਾਜਿਕ ਬੰਦਿਸ਼ਾਂ : ਪ੍ਰੋ. ਦੁਲਾਲ ਪਾਂਡਾ
ਚੰਡੀਗੜ੍ਹ ਯੂਨੀਵਰਸਿਟੀ ਵਿੱਚ ਮਨਾਇਆ ਗਿਆ 'ਕੌਮੀ ਵਿਗਿਆਨ ਦਿਵਸ', ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਮਹਿਲਾਵਾਂ ਦੀ ਨੁਮਾਇੰਦਗੀ 'ਤੇ ਦਿੱਤਾ ਜ਼ੋਰ
ਗਲੋਬਲ ਯੂਨੀਵਰਸਿਟੀਆਂ ਨੂੰ ਟੱਕਰ ਦੇ ਰਿਹਾ ਭਾਰਤੀ ਯੂਨੀਵਰਸਿਟੀਆਂ ਦਾ ਬੁਨਿਆਦੀ ਢਾਂਚਾ: ਨਾਈਪਰ ਦੇ ਡਾਇਰੈਕਟਰ ਪ੍ਰੋ. ਦੁਲਾਲ ਪਾਂਡਾ
ਚੰਡੀਗੜ੍ਹ ਯੂਨੀਵਰਸਿਟੀ ਵਿੱਚ ਵਿਗਿਆਨ ਦੇ 5 ਖੇਤਰਾਂ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੀਆਂ 20 ਮਹਿਲਾ ਫ਼ੈਕਲਟੀ ਮੈਂਬਰਾਂ ਨੂੰ ਕੀਤਾ ਗਿਆ ਸਨਮਾਨਿਤ
ਮੋਹਾਲੀ, 28 ਫਰਵਰੀ: "ਅੱਜ ਭਾਰਤ ਤੇਜ਼ੀ ਨਾਲ ਬਦਲ ਰਿਹਾ ਹੈ। ਸਟਾਰਟਅੱਪ ਕਲਚਰ ਸਿੱਖਿਆ ਦੇ ਖੇਤਰ ਨੂੰ ਨਵਾਂ ਆਕਾਰ ਦੇ ਰਿਹਾ ਹੈ। ਜੇ ਮੁੱਠੀ ਭਰ ਵਿਦਿਆਰਥੀ ਵੀ ਇਸ ਸੋਚ ਨੂੰ ਅਪਨਾਉਣ ਕਿ ਅਸੀਂ ਨੌਕਰੀ ਲੱਭਣ ਵਾਲਾ ਨਹੀਂ, ਨੌਕਰੀ ਦੇਣ ਵਾਲਾ ਬਣਨਾ ਹੈ ਤਾਂ ਇਹੀ ਸੋਚ ਦੇਸ਼ ਦੇ ਅਰਥਚਾਰੇ ਨੂੰ ਬਦਲ ਸਕਦੀ ਹੈ। ਅੱਜ ਭਾਰਤੀ ਅਦਾਰਿਆਂ ਦਾ ਬੁਨਿਆਦੀ ਢਾਂਚਾ ਦੁਨੀਆ ਦੀਆਂ ਦਿੱਗਜ ਯੂਨੀਵਰਸਿਟੀਆਂ ਦੇ ਬਰਾਬਰ ਹੈ। ਸਾਨੂੰ ਇਸ ਦਾ ਖੁੱਲ੍ਹ ਕੇ ਇਸਤੇਮਾਲ ਕਰਨਾ ਚਾਹੀਦਾ ਹੈ। ਕਈ ਟੌਪ ਗਲੋਬਲ ਤਕਨਾਲੋਜੀ ਕੰਪਨੀਆਂ ਵਿਦਿਆਰਥੀਆਂ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਨ, ਜਦਕਿ ਇਨ੍ਹਾਂ ਵਿੱਚੋਂ ਕਈ ਵਿਦਿਆਰਥੀਆਂ ਨੇ ਤਾਂ ਹਾਲੇ ਆਪਣੀ ਡਿਗਰੀ ਵੀ ਪੂਰੀ ਨਹੀਂ ਕੀਤੀ ਸੀ। ਅੱਜ ਭਾਰਤ ਦੇ ਕੋਲ ਜ਼ਰੂਰੀ ਬੁਨਿਆਦੀ ਢਾਂਚਾ ਹੈ, ਜੋ ਅਜਿਹੇ ਸੁਪਨਿਆਂ ਨੂੰ ਪੂਰਾ ਕਰ ਸਕਦਾ ਹੈ। ਤੁਸੀਂ ਭਾਰਤ ਵਿੱਚ ਰਹਿ ਕੇ ਅਮਰੀਕੀ ਸੁਪਨਾ ਜੀ ਸਕਦੇ ਹੋ, ਆਪਣੇ ਵਿਲੱਖਣ ਆਈਡੀਆਜ਼ ਨੂੰ ਅੱਗੇ ਵਧਾ ਸਕਦੇ ਹੋ।" ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨੈਸ਼ਨਲ ਇੰਸਟੀਚਿਊਟ ਆਫ਼ ਫ਼ਾਰਮਾਸਿਊਟਿਕਲ ਐਜੁਕੇਸ਼ਨ ਐਂਡ ਰਿਸਰਚ (NIPER) ਦੇ ਡਾਇਰੈਕਟਰ ਪ੍ਰੋ. ਦੁਲਾਲ ਪਾਂਡਾ ਨੇ ਸ਼ਨੀਵਾਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਦੇ ਘੜੂੰਆ ਕੈਂਪਸ ਵਿਖੇ ਕਰਵਾਏ ਗਏ 'ਕੌਮੀ ਵਿਗਿਆਨ ਦਿਵਸ' ਦੇ ਮੌਕੇ ਕੀਤਾ। ਇਸ ਸਾਇੰਸ ਈਵੈਂਟ ਦਾ ਵਿਸ਼ਾ 'ਵਿਗਿਆਨ ਵਿੱਚ ਔਰਤਾਂ: ਵਿਕਸਿਤ ਭਾਰਤ ਦੀਆਂ ਉਤਪ੍ਰੇਰਕ' ਸੀ।
ਇਸ ਵਿਸ਼ੇਸ਼ ਸਮਾਗਮ ਵਿੱਚ NIPER ਮੋਹਾਲੀ ਦੇ ਡਾਇਰੈਕਟਰ ਪ੍ਰੋ. ਦੁਲਾਲ ਪਾਂਡਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਤੋਂ ਇਲਾਵਾ ਹਾਜ਼ਰੀਨਾਂ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਵੀਰਾਜਾ ਐਨ ਸੀਤਾਰਾਮ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ. ਵਾਈਸ ਚਾਂਸਲਰ ਅਤੇ ਕਾਰਜਕਾਰੀ ਨਿਰਦੇਸ਼ਕ (ਸਾਇੰਸਿਜ਼) ਦੇਵਿੰਦਰ ਸਿੰਘ ਸ਼ਾਮਲ ਰਹੇ। ਇਸ ਸਮਾਗਮ ਵਿੱਚ ਵਿਗਿਆਨ ਅਤੇ ਇੰਜਨੀਅਰਿੰਗ ਦੇ ਕਈ ਖੇਤਰਾਂ ਦੇ ਫ਼ੈਕਲਟੀ ਮੈਂਬਰ, ਖੋਜ, ਵਿਦਵਾਨ ਅਤੇ ਵਿਦਿਆਰਥੀਆਂ ਨੇ ਪੂਰੇ ਜੋਸ਼ ਦੇ ਨਾਲ ਹਿੱਸਾ ਲਿਆ।
ਵਿਗਿਆਨ ਦੇ ਖੇਤਰ ਵਿੱਚ ਔਰਤਾਂ ਦੀ ਘੱਟ ਸ਼ਮੂਲੀਅਤ ਬਾਰੇ ਚਿੰਤਾ ਪ੍ਰਗਟ ਕਰਦਿਆਂ ਸਮਾਗਮ ਦੇ ਮੁੱਖ ਮਹਿਮਾਨ, ਪ੍ਰੋ. ਦੁਲਾਲ ਪਾਂਡਾ ਨੇ ਆਪਣੇ ਸੰਬੋਧਨ ਵਿੱਚ ਕਿਹਾ, “ਵਿਗਿਆਨ ਦੇ ਖੇਤਰ ਵਿੱਚ ਔਰਤਾਂ ਦੀ ਘੱਟ ਗਿਣਤੀ ਦਾ ਕਾਰਨ ਉਨ੍ਹਾਂ ਦੀ ਕਾਬਲੀਅਤ ਦੀ ਕਮੀ ਨਹੀਂ, ਸਗੋਂ ਸਾਡੇ ਸਮਾਜਿਕ ਢਾਂਚੇ ਦੀਆਂ ਪਾਬੰਦੀਆਂ ਹਨ। ਪ੍ਰੋ. ਪਾਂਡਾ ਨੇ ਸਪੱਸ਼ਟ ਕੀਤਾ ਕਿ, "ਹੁਨਰ ਦਾ ਕੋਈ ਲਿੰਗ ਨਹੀਂ ਹੁੰਦਾ, ਅਤੇ ਜੇਕਰ ਹੁਨਰ ਸਾਂਝਾ ਹੈ, ਤਾਂ ਮੌਕੇ ਵੀ ਬਰਾਬਰ ਹੋਣੇ ਚਾਹੀਦੇ ਹਨ। ਵਿਗਿਆਨਕ ਖੇਤਰ ਵਿੱਚ ਕੰਮ ਕਰ ਰਹੀਆਂ ਔਰਤਾਂ ਦੀ ਇੱਕ ਵੱਡੀ ਸਮੱਸਿਆ 'ਟੂ-ਬਾਡੀ ਪ੍ਰੋਬਲਮ' ਵੀ ਹੈ, ਜਿੱਥੇ ਪੜ੍ਹੇ-ਲਿਖੇ ਜੋੜਿਆਂ ਨੂੰ ਇੱਕੋ ਸ਼ਹਿਰ ਜਾਂ ਸੰਸਥਾ ਵਿੱਚ ਰੁਜ਼ਗਾਰ ਦੇ ਮੌਕੇ ਨਹੀਂ ਮਿਲਦੇ, ਜਿਸ ਦਾ ਖ਼ਾਮਿਆਜ਼ਾ ਅਕਸਰ ਔਰਤਾਂ ਨੂੰ ਆਪਣਾ ਕਰੀਅਰ ਕੁਰਬਾਨ ਕਰਕੇ ਭੁਗਤਣਾ ਪੈਂਦਾ ਹੈ। ਉਤਸੁਕਤਾ ਅਤੇ ਜ਼ਿੰਮੇਵਾਰੀ ਦੇ ਦਰਮਿਆਨ ਸੰਤੁਲਨ ਬਣਾਉਣਾ ਹੋਵੇਗਾ। ਵਿਸ਼ਵ ਦੀ ਕੁੱਲ ਆਬਾਦੀ ਦਾ ਪੰਜਵਾਂ ਹਿੱਸਾ ਭਾਰਤ ਵਿੱਚ ਰਹਿੰਦਾ ਹੈ, ਇਸ ਲਈ ਸਾਡੀਆਂ ਖੋਜਾਂ ਦਾ ਮੁੱਖ ਮਕਸਦ ਕੌਮੀ ਜ਼ਰੂਰਤਾਂ ਨੂੰ ਪੂਰਾ ਕਰਨਾ ਹੋਣਾ ਚਾਹੀਦਾ ਹੈ। ਚਾਹੇ ਉਹ ਸਿਹਤ ਸੰਭਾਲ ਹੋਵੇ, ਖੇਤੀਬਾੜੀ ਹੋਵੇ ਜਾਂ ਇੰਜੀਨੀਅਰਿੰਗ। ਵਿਗਿਆਨ ਨੂੰ ਲੋਕ ਭਲਾਈ ਲਈ ਵਰਤਿਆ ਜਾਣਾ ਚਾਹੀਦਾ ਹੈ। ਵਿਗਿਆਨ ਸਿਰਫ਼ ਰੱਟਾ ਮਾਰਨ ਜਾਂ ਜਾਣਕਾਰੀ ਇਕੱਠੀ ਕਰਨ ਦੀ ਚੀਜ਼ ਨਹੀਂ ਹੈ, ਸਗੋਂ ਇਹ ਨਿਰੰਤਰ ਨਿਰੀਖਣ ਅਤੇ ਵਿਸ਼ਲੇਸ਼ਣ ਦੀ ਪ੍ਰਕਿਰਿਆ ਹੈ।“
ਪ੍ਰੋ. ਪਾਂਡਾ ਨੇ ਅੱਗੇ ਕਿਹਾ, "ਅਸਲ ਮਾਇਨੇ ਸਾਰਥਕ ਕੰਮ ਦੇ ਹੁੰਦੇ ਹਨ, ਇਨਾਮ ਦੇ ਨਹੀਂ। ਗਣਿਤ ਦੀ ਡੂੰਘੀ ਸਮਝ ਤੋਂ ਬਿਨਾਂ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਸਹੀ ਵਰਤੋਂ ਸੰਭਵ ਨਹੀਂ ਹੈ, ਇਸ ਲਈ ਵੱਖ-ਵੱਖ ਵਿਸ਼ਿਆਂ ਵਿੱਚ ਮੁਹਾਰਤ ਹਾਸਲ ਕਰਨਾ ਅੱਜ ਦੇ ਸਮੇਂ ਦੀ ਮੁੱਖ ਤਰਜੀਹ ਹੈ। ਕੁਝ ਲੋਕ ਇਹ ਤਰਕ ਦਿੰਦੇ ਹਨ ਕਿ ਸਾਡੇ ਗ੍ਰੈਜੁਏਟ ਨੌਜਵਾਨ ਬੇਰੁਜ਼ਗਾਰ ਹਨ, ਪਰ ਜੇਕਰ ਅਸੀਂ ਸੰਸਾਰਕ ਪੱਧਰ 'ਤੇ ਦੇਖੀਏ ਤਾਂ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਦੇ ਕਈ ਸੀ.ਈ.ਓ. ਭਾਰਤ ਵਿੱਚ ਪੜ੍ਹੇ ਹੋਏ ਹਨ। ਜੇਕਰ ਸਾਡੀ ਸਿੱਖਿਆ ਪ੍ਰਣਾਲੀ ਬੁਨਿਆਦੀ ਤੌਰ 'ਤੇ ਕਮਜ਼ੋਰ ਹੁੰਦੀ, ਤਾਂ ਇਹ ਕਦੇ ਸੰਭਵ ਨਹੀਂ ਸੀ ਹੋਣਾ। ਅਸਲ ਮੁੱਦਾ ਕਾਬਲੀਅਤ ਦਾ ਨਹੀਂ, ਸਗੋਂ ਵਿਸ਼ੇ ਦੀ ਡੂੰਘਾਈ, ਸਖ਼ਤ ਮਿਹਨਤ ਅਤੇ ਲਗਾਤਾਰ ਅਭਿਆਸ ਦਾ ਹੈ।"
ਸਮਾਗਮ ਦੀਆਂ ਰੌਣਕਾਂ ਦੌਰਾਨ ਪਤਵੰਤਿਆਂ ਨੇ ਵਿਦਿਆਰਥੀਆਂ ਵੱਲੋਂ ਲਗਾਈ ਗਈ ਵਿਗਿਆਨ ਪ੍ਰਦਰਸ਼ਨੀ ਦਾ ਦੌਰਾ ਕੀਤਾ। ਇਸ ਪ੍ਰਦਰਸ਼ਨੀ ਵਿੱਚ ਵਿਦਿਆਰਥੀਆਂ ਦੀ ਮਿਹਨਤ ਨਾਲ ਤਿਆਰ ਕੀਤੇ ਗਏ ਨਿਵੇਕਲੇ ਪ੍ਰੋਜੈਕਟ ਅਤੇ ਮਾਡਲ ਪੇਸ਼ ਕੀਤੇ ਗਏ, ਜਿਨ੍ਹਾਂ ਵਿੱਚ ਸਿਹਤ ਤਕਨਾਲੋਜੀ, ਖੇਤੀਬਾੜੀ ਦੇ ਟਿਕਾਊ ਹੱਲ, ਨਵਿਆਉਣਯੋਗ ਊਰਜਾ ਦੇ ਮਾਡਲ, ਆਰਟੀਫੀਸ਼ੀਅਲ ਇੰਟੈਲੀਜੈਂਸ (AI) 'ਤੇ ਆਧਾਰਤ ਐਪਲੀਕੇਸ਼ਨਾਂ, ਬਾਇਓਟੈਕਨਾਲੋਜੀ ਨਾਲ ਸਬੰਧਤ ਖੋਜਾਂ, ਰੋਬੋਟਿਕਸ ਦੇ ਪ੍ਰਦਰਸ਼ਨ ਅਤੇ ਸਮਾਜਿਕ ਮੁੱਦਿਆਂ ਨਾਲ ਜੁੜੇ ਇੰਜੀਨੀਅਰਿੰਗ ਦੇ ਪ੍ਰੋਜੈਕਟ ਸ਼ਾਮਲ ਸਨ। ਪ੍ਰਦਰਸ਼ਨੀ ਵਿੱਚ ਲਗਾਈਆਂ ਗਈਆਂ ਸਟਾਲਾਂ 'ਤੇ ਕਾਰਜਸ਼ੀਲ ਮਾਡਲ, ਖੋਜ ਪੋਸਟਰ ਅਤੇ ਸਟਾਰਟਅੱਪ ਆਈਡੀਆਜ਼ ਰਾਹੀਂ ਉਨ੍ਹਾਂ ਸਮੱਸਿਆਵਾਂ ਦੇ ਹੱਲ ਦਿਖਾਏ ਗਏ ਸਨ ਜੋ ਦੇਸ਼ ਦੇ ਮੁੱਖ ਮੁੱਦਿਆਂ ਨਾਲ ਮੇਲ ਖਾਂਦੇ ਹਨ। ਇਸ ਦੇ ਨਾਲ ਹੀ ਸਮਾਗਮ ਦੌਰਾਨ 'ਨੁੱਕੜ ਨਾਟਕ' ਦੀ ਪੇਸ਼ਕਾਰੀ ਕੀਤੀ ਗਈ। ਜਿਸ ਵਿੱਚ ਸਮਾਜਿਕ ਤਬਦੀਲੀ, ਲਿੰਗ ਸਮਾਨਤਾ ਅਤੇ ਭਾਈਚਾਰਕ ਜਾਗਰੂਕਤਾ ਵਿੱਚ ਵਿਗਿਆਨ ਦੀ ਭੂਮਿਕਾ ਨੂੰ ਬਹੁਤ ਹੀ ਕਲਾਤਮਕ ਢੰਗ ਨਾਲ ਦਿਖਾਇਆ ਗਿਆ।"
ਇਸ ਸਮਾਗਮ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ 20 ਮਹਿਲਾ ਫ਼ੈਕਲਟੀ ਮੈਂਬਰਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਅਕਾਦਮਿਕ ਅਤੇ ਵਿਗਿਆਨਕ ਯੋਗਦਾਨ ਲਈ 'ਵੂਮੈਨ ਅਚੀਵਰਜ਼ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਹ ਸਿਰਫ਼ ਸਾਧਾਰਨ ਐਵਾਰਡ ਨਹੀਂ, ਬਲਕਿ ਉਨ੍ਹਾਂ ਔਰਤਾਂ ਦੀ ਮਿਹਨਤ ਅਤੇ ਜਜ਼ਬੇ ਦਾ ਸਨਮਾਨ ਹੈ, ਜਿਨ੍ਹਾਂ ਨੇ ਅਕਾਦਮਿਕ, ਖੋਜ ਅਤੇ ਪਲੇਸਮੈਂਟ ਵਰਗੇ ਖੇਤਰਾਂ ਵਿੱਚ ਮੱਲਾਂ ਮਾਰੀਆਂ ਹਨ।
ਐਵਾਰਡ ਹਾਸਲ ਕਰਨ ਵਾਲੀਆਂ ਮਹਿਲਾ ਫੈਕਲਟੀ ਮੈਂਬਰਾਂ ਵਿੱਚ ਡਾ. ਨਵਜੋਤ ਸੰਧੂ, ਡਾ. ਸ਼ਿਲਪੀ ਜਿੰਦਲ, ਡਾ. ਅਰਚਨਾ ਠਾਕੁਰ, ਡਾ. ਮੋਨਿਕਾ ਵਰਮਾ, ਡਾ. ਨਿਸ਼ੀ ਗੁਪਤਾ, ਜਸ਼ਨਪ੍ਰੀਤ ਕੌਰ, ਡਾ. ਨਿਸ਼ਠਾ, ਡਾ. ਅਨੀਤਾ ਰਾਣਾ, ਡਾ. ਸਵਾਤੀ ਸ਼ਰਮਾ, ਡਾ. ਅਦਿਤੀ, ਪ੍ਰੋ. (ਡਾ.) ਜੋਤੀ ਰਾਣੀ, ਅਨਾਮਿਕਾ ਚੱਕਰਵਰਤੀ, ਪ੍ਰਿਯਾ ਸ਼ਰਮਾ, ਅਲਪਨਾ ਕੁਮਾਰੀ, ਪੱਲਵੀ ਸ਼ਰਮਾ, ਡਾ. ਚਾਰੁਲ ਰਾਠੌਰ, ਡਾ. ਰਾਜਵੰਤ ਕੌਰ, ਨੀਲਮ ਪੂਨੀਆ, ਨੇਹਾ ਕੁਮਾਰੀ ਅਤੇ ਡਾ. ਨੀਰਜ ਬੰਸਲ ਸ਼ਾਮਲ ਸਨ।
ਬਿਹਤਰੀਨ ਪ੍ਰੋਜੈਕਟਾਂ ਦੀ ਸ਼੍ਰੇਣੀ ਵਿੱਚ ਵਿਜੇ ਕੁਮਾਰ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਕਾਸਾਂਗ ਤਾਮਾਂਗ ਦੂਜੇ ਅਤੇ ਪ੍ਰਿੰਸ ਸਰਕਾਰ ਤੀਜੇ ਸਥਾਨ 'ਤੇ ਰਹੇ। ਇਸੇ ਤਰ੍ਹਾਂ ਕੁਇਜ਼ ਮੁਕਾਬਲੇ ਵਿੱਚ ਸਮਾਇਰਾ ਨੇ ਪਹਿਲਾ, ਰੀਤਿਕਾ ਨੇ ਦੂਜਾ ਅਤੇ ਆਕਾਸ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੋਸਟਰ ਮੇਕਿੰਗ ਮੁਕਾਬਲੇ ਵਿੱਚ ਹਿਮਾਨੀ ਕਚਰੂ ਨੇ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ, ਜਦਕਿ ਪੂਜਾ ਦੂਜੇ ਅਤੇ ਚੇਤਨਾ ਸ਼ਰਮਾ ਤੀਜੇ ਸਥਾਨ 'ਤੇ ਰਹੀ। ਅੰਤ ਵਿੱਚ 'ਸਟੈਟਿਕ ਮੁਕਾਬਲਿਆਂ' ਵਿੱਚ ਰੂਹੀ ਅਰੀਸ਼ਾ ਨੇ ਪਹਿਲਾ, ਮੁਸਕਾਨਪ੍ਰੀਤ ਕੌਰ ਨੇ ਦੂਜਾ ਅਤੇ ਆਰਚੀ ਗੁਪਤਾ ਨੇ ਤੀਜਾ ਸਥਾਨ ਹਾਸਲ ਕਰਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ।
Click to Follow Babushahi Facebook Page →