ਮਾਘੀ ਮੇਲੇ ਅਤੇ 26 ਜਨਵਰੀ ਦੇ ਮੱਦੇਨਜ਼ਰ ਮੁਕਤਸਰ ਪੁਲਿਸ ਵੱਲੋਂ ਬੱਸ ਅੱਡਿਆਂ ’ਤੇ ਵਿਸ਼ੇਸ਼ ਚੈਕਿੰਗ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ , 8 ਜਨਵਰੀ 2026 : ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਸ੍ਰੀ ਅਭਿਮੰਨਿਊ ਰਾਣਾ, ਆਈ.ਪੀ.ਐਸ., ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਨਸ਼ਾ ਤਸਕਰਾਂ ਖਿਲਾਫ਼ ਸਖ਼ਤ ਕਾਰਵਾਈ ਦੇ ਸਿਲਸਿਲੇ ਨੂੰ ਜਾਰੀ ਰੱਖਦਿਆਂ, ਮੇਲਾ ਮਾਘੀ ਅਤੇ 26 ਜਨਵਰੀ ਦੇ ਮੱਦੇਨਜ਼ਰ ਸ਼ਰਾਰਤੀ ਅੰਸਰਾਂ ਅਤੇ ਨਸ਼ਾ ਤਸਕਰਾਂ ’ਤੇ ਨਕੇਲ ਕਸਣ ਲਈ ਜ਼ਿਲ੍ਹੇ ਦੀਆਂ ਚਾਰਾਂ ਸਬ-ਡਿਵੀਜ਼ਨਾਂ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ ਵਿੱਚ ਸਥਿਤ ਬੱਸ ਸਟੈਂਡਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਚਲਾਇਆ ਗਿਆ। ਇਸ ਮੁਹਿੰਮ ਵਿੱਚ ਬਚਨ ਸਿੰਘ ਡੀ.ਐਸ.ਪੀ. (ਸ੍ਰੀ ਮੁਕਤਸਰ ਸਾਹਿਬ), ਸ੍ਰੀ ਅੰਗਰੇਜ਼ ਸਿੰਘ ਡੀ.ਐਸ.ਪੀ. (ਮਲੋਟ), ਸ੍ਰੀ ਰਸ਼ਪਾਲ ਸਿੰਘ ਡੀ.ਐਸ.ਪੀ. (ਗਿੱਦੜਬਾਹਾ) ਅਤੇ ਸ੍ਰੀ ਹਰਜੀਤ ਸਿੰਘ ਡੀ.ਐਸ.ਪੀ. (ਲੰਬੀ) ਵੱਲੋਂ ਪੁਲਿਸ ਕਰਮਚਾਰੀਆਂ ਸਮੇਤ ਆਪਣੀ-ਆਪਣੀ ਸਬ-ਡਿਵੀਜ਼ਨ ਦੇ ਬੱਸ ਸਟੈਂਡਾਂ ’ਤੇ ਵਿਸਤ੍ਰਿਤ ਸਰਚ ਓਪਰੇਸ਼ਨ ਕੀਤਾ ਗਿਆ। ਇਸ ਵਿਸ਼ੇਸ਼ ਸਰਚ ਅਭਿਆਨ ਵਿੱਚ 220 ਤੋਂ ਵੱਧ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਸਨ।
ਓਪਰੇਸ਼ਨ ਦੇ ਮੁੱਖ ਪਹਿਲੂ
ਬੱਸ ਸਟੈਂਡਾਂ ’ਤੇ ਸ਼ੱਕੀ ਵਿਅਕਤੀਆਂ ਅਤੇ ਉਨ੍ਹਾਂ ਦੇ ਸਮਾਨ ਦੀ ਗਹਿਰਾਈ ਨਾਲ ਤਲਾਸ਼ੀ ਕੀਤੀ ਗਈ।
PAIS ਐਪ ਦੀ ਮਦਦ ਨਾਲ ਸ਼ੱਕੀ ਵਿਅਕਤੀਆਂ ਦੇ ਅਪਰਾਧਿਕ ਪਿਛੋਕੜ ਦੀ ਜਾਂਚ ਕੀਤੀ ਗਈ।
VAHAN ਐਪ ਰਾਹੀਂ ਪਾਰਕਿੰਗ ਵਿੱਚ ਖੜ੍ਹੇ ਵਾਹਨਾਂ ਦੀ ਤਸਦੀਕ ਕੀਤੀ ਗਈ।
ਐਂਟੀ-ਸਾਬੋਟਾਜ਼ ਟੀਮਾਂ ਵੱਲੋਂ ਬੱਸ ਸਟੈਂਡ, ਵੇਟਿੰਗ ਹਾਲ, ਪਾਰਕਿੰਗ ਦੇ ਆਲੇ-ਦੁਆਲੇ ਇਲਾਕਿਆਂ ਦੀ ਸੰਘਣੀ ਤਲਾਸ਼ੀ ਕੀਤੀ ਗਈ।
ਯਾਤਰੀਆਂ ਨਾਲ ਪੁੱਛਗਿੱਛ ਕਰਕੇ ਉਨ੍ਹਾਂ ਨੂੰ ਨਸ਼ਾ ਮੁਕਤ ਸਮਾਜ ਬਣਾਉਣ ਸਬੰਧੀ ਜਾਗਰੂਕ ਕੀਤਾ ਗਿਆ।
ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਸਰਚ ਆਪਰੇਸ਼ਨ ਨਿਯਮਤ ਤੌਰ ’ਤੇ ਜਾਰੀ ਰਹਿਣਗੇ ਤਾਂ ਜੋ ਸ਼ਰਾਰਤੀ ਅੰਸਰਾਂ, ਨਸ਼ਾ ਤਸਕਰਾਂ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ’ਤੇ ਪੂਰੀ ਤਰ੍ਹਾਂ ਨਕੇਲ ਕਸੀ ਜਾ ਸਕੇ। ਉਨ੍ਹਾਂ ਦੱਸਿਆ ਕਿ ਸ਼ਹੀਦਾਂ ਦੀ ਯਾਦ ਵਿੱਚ ਲੱਗਣ ਵਾਲੇ ਮੇਲਾ ਮਾਘੀ ਵਰਗੇ ਵੱਡੇ ਸਮਾਗਮਾਂ ਦੌਰਾਨ ਲੋਕਾਂ ਦੀ ਸੁਰੱਖਿਆ ਪੁਲਿਸ ਦੀ ਸਭ ਤੋਂ ਵੱਡੀ ਤਰਜੀਹ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਬੱਸ ਸਟੈਂਡਾਂ ਅਤੇ ਰੇਲਵੇ ਸਟੇਸ਼ਨਾਂ ਵਰਗੀਆਂ ਭੀੜਭਾੜ ਵਾਲੀਆਂ ਥਾਵਾਂ ’ਤੇ ਪੁਲਿਸ ਦੀ ਮੌਜੂਦਗੀ ਨਾਲ ਅਪਰਾਧਿਕ ਤੱਤਾਂ ਵਿੱਚ ਡਰ ਪੈਦਾ ਹੁੰਦਾ ਹੈ।
ਉਨ੍ਹਾਂ ਸਪਸ਼ਟ ਕੀਤਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਸੂਰਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ।
ਐਸ.ਐਸ.ਪੀ. ਨੇ ਕਿਹਾ ਕਿ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਪੁਲਿਸ ਦੇ ਨਾਲ-ਨਾਲ ਜਨਤਾ ਦਾ ਸਹਿਯੋਗ ਬਹੁਤ ਜ਼ਰੂਰੀ ਹੈ।
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪੁਲਿਸ ਵੱਲੋਂ ਹਰ ਸੂਚਨਾ ’ਤੇ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ।
ਉਨ੍ਹਾਂ ਭਰੋਸਾ ਦਿਵਾਇਆ ਕਿ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਹਰ ਸੰਭਵ ਕਦਮ ਚੁੱਕਿਆ ਜਾਵੇਗਾ।ਐਸ.ਐਸ.ਪੀ. ਨੇ ਕਿਹਾ ਕਿ ਪੁਲਿਸ ਟੀਮਾਂ ਪੂਰੀ ਤਰ੍ਹਾਂ ਸਤਰਕ ਹਨ ਅਤੇ 24x7 ਡਿਊਟੀ ਨਿਭਾ ਰਹੀਆਂ ਹਨ।
ਜ਼ਿਲ੍ਹਾ ਪੁਲਿਸ ਵੱਲੋਂ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਗਤੀਵਿਧੀ ਬਾਰੇ ਕੋਈ ਜਾਣਕਾਰੀ ਹੋਵੇ, ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ। ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਨਾਂ ਅਤੇ ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ।
ਐਮਰਜੈਂਸੀ ਨੰਬਰ: 112
ਜ਼ਿਲ੍ਹਾ ਪੁਲਿਸ ਕੰਟਰੋਲ ਰੂਮ: 80549 42100