ਸੱਤਾ 'ਚ ਆਉਂਦੇ ਹੀ ਸਭ ਤੋਂ ਪਹਿਲਾਂ ਭਗਵੰਤ ਮਾਨ ਨੂੰ ਦੇਵਾਂਗੇ ਸਜ਼ਾ, ਕਟਹਿਰੇ 'ਚ ਕਰਾਂਗੇ ਖੜ੍ਹਾ'- ਪ੍ਰਤਾਪ ਬਾਜਵਾ ਦਾ ਵੱਡਾ ਬਿਆਨ
Babushahi Network
ਗੁਰਦਾਸਪੁਰ 8 ਜਨਵਰੀ 2026- : ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਸਿੱਧੇ ਤੌਰ 'ਤੇ ਜੰਗ ਦਾ ਐਲਾਨ ਕਰ ਦਿੱਤਾ ਹੈ। ਗੁਰਦਾਸਪੁਰ ਵਿਖੇ ਆਯੋਜਿਤ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਹੈ, ਤਾਂ ਉਨ੍ਹਾਂ ਦੇ ਪਹਿਲਾ ਨਿਸ਼ਾਨੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਹੋਣਗੇ।
"ਬਾਕੀਆਂ ਦੀ ਗੱਲ ਬਾਅਦ ਵਿੱਚ, ਪਹਿਲਾਂ ਮਾਨ 'ਤੇ ਹੋਵੇਗੀ ਕਾਰਵਾਈ"
ਪ੍ਰਤਾਪ ਬਾਜਵਾ ਨੇ ਰੈਲੀ ਦੌਰਾਨ ਤਿੱਖੇ ਤੇਵਰ ਦਿਖਾਉਂਦਿਆਂ ਕਿਹਾ ਕਿ ਕਾਂਗਰਸ ਸਰਕਾਰ ਦੇ ਸੱਤਾ ਵਿੱਚ ਆਉਣ 'ਤੇ ਸਭ ਤੋਂ ਪਹਿਲਾ ਫੈਸਲਾ ਭਗਵੰਤ ਮਾਨ ਦੇ ਖਿਲਾਫ ਲਿਆ ਜਾਵੇਗਾ। ਉਨ੍ਹਾਂ ਕਿਹਾ, "ਅਸੀਂ ਬਾਕੀਆਂ ਦੀ ਗੱਲ ਬਾਅਦ ਵਿੱਚ ਕਰਾਂਗੇ, ਪਹਿਲਾਂ ਭਗਵੰਤ ਮਾਨ ਨੂੰ ਕਟਹਿਰੇ ਵਿੱਚ ਖੜ੍ਹਾ ਕਰਕੇ ਸਜ਼ਾ ਦੇਵਾਂਗੇ।"
ਬਾਜਵਾ ਨੇ ਸਪੱਸ਼ਟ ਕੀਤਾ ਕਿ ਸਰਕਾਰ ਬਣਨ 'ਤੇ ਕਿਸੇ ਹੋਰ ਵਿਰੁੱਧ ਕਾਰਵਾਈ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਮਾਨ 'ਤੇ ਸ਼ਿਕੰਜਾ ਕੱਸਿਆ ਜਾਵੇਗਾ। ਉਨ੍ਹਾਂ ਵਾਰ-ਵਾਰ ਦੁਹਰਾਇਆ ਕਿ ਪਹਿਲੀ ਸਜ਼ਾ ਭਗਵੰਤ ਮਾਨ ਨੂੰ ਦਿੱਤੀ ਜਾਵੇਗੀ। ਬਾਜਵਾ ਨੇ ਦੋਸ਼ ਲਾਇਆ ਕਿ ਮਾਨ ਸਰਕਾਰ ਦੀਆਂ ਨੀਤੀਆਂ ਨੇ ਪੰਜਾਬ ਦਾ ਨੁਕਸਾਨ ਕੀਤਾ ਹੈ ਅਤੇ ਇਸ ਦਾ ਹਿਸਾਬ ਲਿਆ ਜਾਵੇਗਾ।
ਗੁਰਦਾਸਪੁਰ 'ਚ ਗਰਜੇ ਬਾਜਵਾ
ਜ਼ਿਕਰਯੋਗ ਹੈ ਕਿ ਪ੍ਰਤਾਪ ਸਿੰਘ ਬਾਜਵਾ ਅੱਜ ਗੁਰਦਾਸਪੁਰ ਵਿਖੇ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਸਨ। ਇੱਥੇ ਉਨ੍ਹਾਂ ਨੇ ਸੂਬਾ ਸਰਕਾਰ ਦੀ ਕਾਰਜਪ੍ਰਣਾਲੀ 'ਤੇ ਸਵਾਲ ਚੁੱਕਦਿਆਂ ਆਪਣੇ ਵਰਕਰਾਂ ਵਿੱਚ ਨਵਾਂ ਜੋਸ਼ ਭਰਿਆ।