ਆਤਿਸ਼ੀ ਦਾ ਬਿਆਨ ਸਿੱਖ ਕੌਮ ਤੇ ਗੁਰੂ ਸਾਹਿਬਾਨ ਦਾ ਘੋਰ ਅਪਮਾਨ : ਹਰਦੇਵ ਸਿੰਘ ਉੱਭਾ
ਸਿੱਖ ਕੌਮ ਇਹ ਜ਼ਹਿਰੀਲਾ ਬਿਆਨ ਕਦੇ ਬਰਦਾਸ਼ਤ ਨਹੀਂ ਕਰੇਗੀ — ਉੱਭਾ
ਪੰਜਾਬ ਦੇ ਲੋਕ ਐਸੇ ਗੁਸਤਾਖ਼ ਨੇਤਾਵਾਂ ਦਾ ਸਮਾਜਕ ਬਾਈਕਾਟ ਕਰਨ — ਉੱਭਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 09 ਜਨਵਰੀ ,2026
ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰ ਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਵੱਲੋਂ ਸਿੱਖ ਗੁਰੂ ਸਾਹਿਬਾਨ ਦੇ ਸਨਮਾਨ ‘ਤੇ ਕੀਤੀ ਗਈ ਟਿੱਪਣੀ ਨੇ ਪੂਰੇ ਸਿੱਖ ਸਮਾਜ ਤੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਹ ਬਿਆਨ ਨਾ ਸਿਰਫ਼ ਅਪਮਾਨਜਨਕ ਹੈ, ਸਗੋਂ ਸਿੱਖ ਕੌਮ ਨਾਲ ਆਮ ਆਦਮੀ ਪਾਰਟੀ ਦੀ ਖੁੱਲ੍ਹੀ ਘਿਰਨਾ ਤੇ ਨਫਰਤ ਦੀ ਨਿਸ਼ਾਨੀ ਹੈ , ਜਿਸਨੂੰ ਕਿਸੇ ਵੀ ਸੂਰਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪੰਜਾਬ ਭਾਜਪਾ ਦੇ ਸੂਬਾਈ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਕਿਹਾ ਕਿ ਆਤਿਸ਼ੀ ਵੱਲੋਂ ਗੁਰੂ ਸਾਹਿਬਾਨ ਬਾਰੇ ਘਟੀਆ ਟਿੱਪਣੀ ਕਰਨਾ ਉਸਦੀ ਘੋਰ ਅਗਿਆਨਤਾ ਅਤੇ ਜ਼ਹਿਰੀਲੀ ਤੇ ਘਟੀਆ ਸੋਚ ਦਾ ਨਤੀਜਾ ਹੈ। ਉੱਭਾ ਨੇ ਕਿਹਾ ਕਿ ਗੁਰੂ ਸਾਹਿਬਾਨ ਦੇ ਬਲਿਦਾਨ, ਉਪਦੇਸ਼ , ਮਰਿਆਦਾ ਤੇ ਸਤਿਕਾਰ ਸਾਡੇ ਲਈ ਲਕੀਰਾਂ ਹਨ—ਇਨ੍ਹਾਂ ਪਾਰ ਕਰਨ ਦੀ ਹਿੰਮਤ ਕੋਈ ਵੀ ਨਾ ਕਰੇ।
ਉਨ੍ਹਾਂ ਕਿਹਾ ਕਿ ਆਤਿਸ਼ੀ ਦਾ ਇਹ ਬੇਤੁੱਕਾ ਤੇ ਭੜਕਾਉਂਦਾ ਬਿਆਨ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਕੇ ਸਿਆਸੀ ਫਾਇਦਾ ਲੈਣ ਦੀ ਨਿੰਦਣਯੋਗ ਕੋਸ਼ਿਸ਼ ਹੈ। ਭਾਜਪਾ ਪੰਜਾਬ ਇਸ ਗੁਸਤਾਖ਼ੀ ਦੀ ਸਭ ਤੋਂ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ।
ਉੱਭਾ ਨੇ ਸਪੱਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਨੂੰ ਆਤਿਸ਼ੀ ਵਿਰੁੱਧ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਉਹ ਜਨਤਕ ਤੌਰ ‘ਤੇ ਨਿਸ਼ਚਿਤ ਮਾਫ਼ੀ ਮੰਗੇ। ਨਹੀਂ ਤਾਂ ਇਹ ਚੁੱਪੀ ਹੀ ਇਸ ਘਿਨੌਣੇ ਬਿਆਨ ਦੀ ਮੰਜੂਰੀ ਮੰਨੀ ਜਾਵੇਗੀ।
ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਿੱਖ ਗੁਰੂ ਸਾਹਿਬਾਨ ਨਾਲ ਬੇਅਦਬੀ ਕਰਨ ਵਾਲੇ ਹਰ ਨੇਤਾ ਦਾ ਸਮਾਜਕ ਬਾਇਕਾਟ ਕੀਤਾ ਜਾਵੇ, ਤਾਂ ਜੋ ਕੋਈ ਵੀ ਭਵਿੱਖ ਵਿੱਚ ਸਿੱਖ ਮਰਿਆਦਾ ‘ਤੇ ਉਂਗਲ ਚੁੱਕਣ ਦੀ ਜੁਰਤ ਨਾ ਕਰੇ।
ਉੱਭਾ ਨੇ ਕਿਹਾ ਕਿ ਸਿੱਖ ਧਰਮ ਦੀ ਬੇਅਦਬੀ ਕਰਨ ਵਾਲਿਆਂ ਨੂੰ ਨਾ ਮਾਫ਼ ਕੀਤਾ ਜਾਵੇਗਾ, ਨਾ ਭੁਲਾਇਆ ਜਾਵੇਗਾ।
ਪੰਜਾਬ ਭਾਜਪਾ ਸਿੱਖ ਸਨਮਾਨ, ਪਰੰਪਰਾ ਅਤੇ ਮਰਿਆਦਾ ਦੀ ਰੱਖਿਆ ਲਈ ਹਰ ਮੋਰਚੇ ‘ਤੇ ਡੱਟ ਕੇ ਖੜੀ ਹੈ।