Breaking: ਕੰਗਣਾ ਨੂੰ ਬਠਿੰਡਾ ਕੋਰਟ ਦਾ ਵੱਡਾ ਝਟਕਾ; ਪੇਸ਼ੀ ਤੋਂ ਛੋਟ ਦੀ ਅਰਜ਼ੀ ਰੱਦ, 15 ਜਨਵਰੀ ਨੂੰ ਪੇਸ਼ ਹੋਣ ਦੇ ਹੁਕਮ
ਬਾਬੂਸ਼ਾਹੀ ਬਿਊਰੋ
ਬਠਿੰਡਾ 7 ਜਨਵਰੀ 2026: ਬਾਲੀਵੁੱਡ ਅਦਾਕਾਰਾ ਅਤੇ ਸਿਆਸਤਦਾਨ ਕੰਗਣਾ ਰਣੌਤ ਦੀਆਂ ਮੁਸ਼ਕਲਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਬਠਿੰਡਾ ਦੀ ਜ਼ਿਲ੍ਹਾ ਅਦਾਲਤ ਨੇ ਮਾਣਹਾਨੀ ਦੇ ਇੱਕ ਮਾਮਲੇ ਵਿੱਚ ਕੰਗਣਾ ਰਣੌਤ ਨੂੰ ਵੱਡਾ ਝਟਕਾ ਦਿੰਦੇ ਹੋਏ ਉਸ ਦੀ ਪੇਸ਼ੀ ਤੋਂ ਛੋਟ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ।
ਕੀ ਹੈ ਪੂਰਾ ਮਾਮਲਾ?
ਸਾਲ 2020 ਦੇ ਕਿਸਾਨ ਅੰਦੋਲਨ ਦੌਰਾਨ ਕੰਗਣਾ ਰਣੌਤ ਨੇ ਪੰਜਾਬ ਦੀ ਇੱਕ ਬਜ਼ੁਰਗ ਕਿਸਾਨ ਬੇਬੇ ਮਹਿੰਦਰ ਕੌਰ ਬਾਰੇ ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਕੰਗਣਾ ਨੇ ਬੇਬੇ ਮਹਿੰਦਰ ਕੌਰ ਦੀ ਤੁਲਨਾ ਸ਼ਾਹੀਨ ਬਾਗ ਵਾਲੀ ਦਾਦੀ ਨਾਲ ਕਰਦਿਆਂ ਕਿਹਾ ਸੀ ਕਿ ਅਜਿਹੀਆਂ ਬਜ਼ੁਰਗ ਔਰਤਾਂ 100-100 ਰੁਪਏ ਲੈ ਕੇ ਧਰਨਿਆਂ ਵਿੱਚ ਸ਼ਾਮਲ ਹੁੰਦੀਆਂ ਹਨ। ਇਸ ਟਿੱਪਣੀ ਤੋਂ ਬਾਅਦ ਬੇਬੇ ਮਹਿੰਦਰ ਕੌਰ ਨੇ ਆਪਣੀ ਮਾਣਹਾਨੀ ਦਾ ਹਵਾਲਾ ਦਿੰਦੇ ਹੋਏ ਕੰਗਣਾ ਵਿਰੁੱਧ ਬਠਿੰਡਾ ਕੋਰਟ ਵਿੱਚ ਕੇਸ ਦਾਇਰ ਕੀਤਾ ਸੀ।
ਕੰਗਣਾ ਰਣੌਤ ਵੱਲੋਂ ਅਦਾਲਤ ਵਿੱਚ ਪੇਸ਼ੀ ਤੋਂ ਨਿੱਜੀ ਛੋਟ (Exemption from personal appearance) ਲਈ ਪਟੀਸ਼ਨ ਦਾਇਰ ਕੀਤੀ ਗਈ ਸੀ। ਪਰ ਬਠਿੰਡਾ ਦੀ ਅਦਾਲਤ ਨੇ ਇਸ ਨੂੰ ਨਾਮਨਜ਼ੂਰ ਕਰ ਦਿੱਤਾ ਹੈ। ਅਦਾਲਤ ਦੇ ਫੈਸਲੇ ਅਨੁਸਾਰ ਕੰਗਣਾ ਰਣੌਤ ਦੀ ਹਾਜ਼ਰੀ ਮੁਆਫ਼ੀ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ। ਹੁਣ ਕੰਗਣਾ ਨੂੰ ਅਦਾਲਤ ਵਿੱਚ ਨਿੱਜੀ ਤੌਰ 'ਤੇ ਪੇਸ਼ ਹੋ ਕੇ ਹਾਜ਼ਰੀ ਭਰਨੀ ਪਵੇਗੀ। ਜ਼ਿਲ੍ਹਾ ਕੋਰਟ ਨੇ 15 ਜਨਵਰੀ ਨੂੰ ਕੰਗਣਾ ਰਣੌਤ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ।
ਬੇਬੇ ਮਹਿੰਦਰ ਕੌਰ ਦਾ ਸੰਘਰਸ਼
ਬੇਬੇ ਮਹਿੰਦਰ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਕੰਗਣਾ ਦੀ ਟਿੱਪਣੀ ਨੇ ਨਾ ਸਿਰਫ਼ ਉਨ੍ਹਾਂ ਦੀ ਸਗੋਂ ਪੰਜਾਬ ਦੀਆਂ ਸਮੂਹ ਮਾਵਾਂ ਦੀ ਬੇਇੱਜ਼ਤੀ ਕੀਤੀ ਸੀ। ਅਦਾਲਤ ਦੇ ਇਸ ਫੈਸਲੇ ਨੂੰ ਬੇਬੇ ਮਹਿੰਦਰ ਕੌਰ ਦੀ ਇੱਕ ਨੈਤਿਕ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ।