Political Special ਮਾਘੀ ਕਾਨਫਰੰਸਾਂ :ਗੈਰਾਂ ਦੇ ਸਿਰਾਂ ਤੇ ਨਹੀਂ ਹੁੰਦੀਆਂ ਲੜਾਈਆਂ ਆਪਣੇ ਵੀ ਡੌਲਿਆਂ ’ਚ ਜਾਨ ਚਾਹੀਦੀ
ਅਸ਼ੋਕ ਵਰਮਾ
ਬਠਿੰਡਾ, 8 ਜਨਵਰੀ 2026:ਆਉਣ ਵਾਲੀ 14 ਜਨਵਰੀ ਨੂੰ ਚਾਲੀ ਮੁਕਤਿਆਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦੇ ਇਤਿਹਾਸਕ ਦਿਹਾੜੇ ਮੌਕੇ ਕਰਵਾਈਆਂ ਜਾਣ ਵਾਲੀਆਂ ਕਾਨਫਰੰਸਾਂ ਨਾਂ ਕੇਵਲ ਪੰਜਾਬ ਦੀ ਰਾਜਨੀਤੀ ਦਾ ਕੱਦ ਮਾਪਣ ਦਾ ਪੈਮਾਨਾ ਬਣਨਗੀਆਂ ਬਲਕਿ ਇਹ ਵੀ ਪਤਾ ਲੱਗੇਗਾ ਕਿ ਕਿਸ ਨੇਤਾ ਦੇ ਸਿਆਸੀ ਡੌਲਿਆਂ ’ਚ ਕਿੰਨੀਂ ਜਾਨ ਹੈ। ਬਾਦਲਾਂ ਦੇ ਗੜ੍ਹ ’ਚ ਇੰਨ੍ਹਾਂ ਸਿਆਸੀ ਪ੍ਰੋਗਰਾਮਾਂ ਦਾ ਵਿਸ਼ੇਸ਼ ਮਹੱਤਵ ਹੋਣ ਕਰਕੇ ਸਮੂਹ ਪਾਰਟੀਆਂ ਨੇ ਹੁਣੇ ਤੋਂ ਸਮੁੱਚੀ ਤਾਕਤ ਝੋਕ ਦਿੱਤੀ ਹੈ। ਹੁਣ ਜਦੋਂ ਵਿਧਾਨ ਸਭਾ ਚੋਣਾਂ ’ਚ ਮਸਾਂ ਸਾਲ ਬਾਕੀ ਰਹਿ ਗਿਆ ਹੈ ਤਾਂ ਕਾਨਫਰੰਸਾਂ ਦੀ ਅਹਿਮੀਅਤ ਹੋਰ ਵੀ ਵਧ ਗਈ ਹੈ। ਵਿਸ਼ੇਸ਼ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖ ਹੋਣ ਪਿੱਛੋਂ ਭਾਜਪਾ ਪਹਿਲੀ ਵਾਰ ਮਾਘੀ ਮੇਲੇ ’ਚ ਸਿਆਸੀ ਮੰਚ ਸਜਾਉਣ ਜਾ ਰਹੀ ਹੈ ਜਦੋਂਕਿ ਹਾਕਮ ਧਿਰ ਆਮ ਆਦਮੀ ਪਾਰਟੀ ਵੱਲੋਂ 11 ਸਾਲ ਮਗਰੋਂ ਮੁਕਤਸਰ ਵਿੱਚ ਸਿਆਸੀ ਰੈਲੀ ਕੀਤੀ ਜਾਣੀ ਹੈ।
ਸਾਲ 2016 ਦੀ ਮਾਘੀ ਮੌਕੇ ਕੀਤੀ ਕਾਨਫਰੰਸ ਨੇ ਆਮ ਆਦਮੀ ਪਾਰਟੀ ਦੀਆਂ ਸਿਆਸੀ ਜੜਾਂ ਮਜਬੂਤ ਕੀਤੀਆਂ ਸਨ ਜਿਸ ਕਰਕੇ ਐਤਕੀਂ ਰੈਲੀ ਨੂੰ ਸਫਲ ਬਨਾਉਣ ਲਈ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਹਾਕਮ ਧਿਰ ਵੱਲੋਂ ਮਾਘੀ ਰੈਲੀ ਦੌਰਾਨ ਕਈ ਅਹਿਮ ਐਲਾਨ ਕੀਤੇ ਜਾ ਸਕਦੇ ਹਨ ਜਿੰਨ੍ਹਾਂ ’ਚ ਪੰਜਾਬ ਦੀ ਅੱਧੀ ਅਬਾਦੀ ਨੂੰ ਖੁਸ਼ ਕਰਨ ਲਈ ਇੱਕ-ਇੱਕ ਹਜ਼ਾਰ ਰੁਪਿਆ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਪੂਰਾ ਕਰਨਾ ਸ਼ਾਮਲ ਹੈ। ਕਿਉਂਕਿ ਜਨਵਰੀ 2027 ਤੱਕ ਚੋਣ ਜਾਬਤਾ ਲੱਗ ਸਕਦਾ ਹੈ ਜਿਸ ਕਰਕੇ ਸੱਤਾਧਾਰੀ ਧਿਰ ਲਈ ਮਾਘੀ ਮੇਲੇ ਦੀ ਸਿਆਸੀ ਵਰਤੋਂ ਕਰਨ ਦਾ ਇਹ ਸੁਨਹਿਰੀ ਮੌਕਾ ਹੈ। ਇਹੋ ਕਾਰਨ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ , ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ 2027 ਦੇ ਚੋਣ ਨਗਾਰੇ ਤੇ ਸਿਆਸੀ ਚੋਟਾਂ ਲਾਉਣ ਵਾਸਤੇ ਸਥਾਨਕ ਆਗੂਆਂ ਨੂੰ ਅੰਦਰੋ ਅੰਦਰੀ ਤਿਆਰੀਆਂ ਵਿੱਢਣ ਦੀਆਂ ਹਦਾਇਤਾਂ ਕਰ ਦਿੱਤੀਆਂ ਹਨ।
ਇਸੇ ਤਰਾਂ ਹੀ ਭਾਜਪਾ ਦੀ ਕਾਨਫਰੰਸ ਨੂੰ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਰੇਲ ਰਾਜ ਮੰਤਰੀ ਰਵਨੀਤ ਬਿੱਟੂ , ਰਾਜਸਥਾਨ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਵੱਲੋਂ ਸੰਬੋਧਨ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ। ਪਹਿਲਾਂ ਭਾਜਪਾ ਸ਼੍ਰੋਮਣੀ ਅਕਾਲੀ ਦਲ ਨਾਲ ਸਟੇਜ ਸਾਂਝੀ ਕਰਦੀ ਹੁੰਦੀ ਸੀ ਪਰ ਹੁਣ ਸਥਿਤੀ ਬਦਲ ਗਈ ਹੈ। ਭਾਜਪਾ ਵੱਲੋਂ ਇਸ ਮੌਕੇ ਪੰਜਾਬੀਆਂ ਲਈ ਆਪਣੇ ਪੱਤੇ ਖੋਹਲੇ ਜਾਣ ਦੇ ਅਨੁਮਾਨ ਹਨ ਅਤੇ ਬੰਦੀ ਸਿੰਘਾਂ ਸਬੰਧੀ ਕੋਈ ਐਲਾਨ ਵੀ ਕੀਤਾ ਜਾ ਸਕਦਾ ਹੈ। ਵਿਕਸਿਤ ਭਾਰਤ ਜੀ ਰਾਮ ਜੀ ਯੋਜਨਾ ਲਿਆਉਣ ਅਤੇ ਮਨਰੇਗਾ ਖਤਮ ਕਰਨ ਖਿਲਾਫ ਮਜ਼ਦੂਰ ਸੜਕਾਂ ’ਤੇ ਹਨ ਅਤੇ ਕਿਸਾਨੀ ਮੰਗਾਂ ਲਈ ਕਿਸਾਨ ਵੀ ਕੇਂਦਰ ਵਿਰੁੱਧ ਅੰਦੋਲਨ ਕਰ ਰਹੇ ਹਨ ਜਿਸ ਨੂੰ ਦੇਖਦਿਆਂ ਭਾਜਪਾ ਵੱਲੋਂ ਕਿਸਾਨਾਂ ਅਤੇ ਮਜਦੂਰਾਂ ਤੇ ਠੰਢਾ ਛਿੜਕਣ ਦੀ ਸੰਭਾਵਨਾ ਹੈ। ਭਾਜਪਾ ਆਗੂ ਰਾਹੁਲ ਸਿੱਧੂ ਮਹਿਰਾਜ ਦਾ ਕਹਿਣਾ ਸੀ ਕਿ ਪਾਰਟੀ ਮਲੋਟ ਰੋਡ ਤੇ ਸਥਿਤ ਸੱਤਿਅਮ ਪੈਲੇਸ ਵਿਖੇ ਕਾਨਫਰੰਸ ਕਰੇਗੀ।
ਸ਼੍ਰੋਮਣੀ ਅਕਾਲੀ ਦਲ ਲਈ ਚੁਣੌਤੀ
ਮਾਘੀ ਰੈਲੀ ਦੱਸੇਗੀ ਕਿ ਸਿਆਸੀ ਅਤੇ ਧਾਰਮਿਕ ਮੁਹਾਜ਼ ਤੇ ਡੂੰਘੇ ਸੰਕਟ ਦਾ ਸਾਹਮਣਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਝੋਲੀ ’ਚ ਕਿੰਨੇ ਦਾਣੇ ਹਨ। ਕਈ ਸਾਲ ਪਹਿਲਾਂ ਪਾਰਟੀ ਪ੍ਰਤੀ ਲੋਕਾਂ ਵਿੱਚ ਪੈਦਾ ਹੋਈ ਬੇਭਰੋਸਗੀ ਨੂੰ ਪੂਰੀ ਤਰਾਂ ਦੂਰ ਕਰਨਾ ਵੀ ਅਕਾਲੀ ਆਗੂਆਂ ਲਈ ਚੁਣੌਤੀ ਮੰਨਿਆ ਜਾ ਰਿਹਾ ਹੈ। ਉਂਜ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਪਾਰਟੀ ਦੀ ਕਾਰਕਰਦਗੀ ਤੋਂ ਹੌਂਸਲੇ ’ਚ ਆਏ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਾਘੀ ਕਾਨਫਰੰਸ ਤੋਂ ਕਾਫੀ ਉਮੀਦਾਂ ਹਨ। ਪ੍ਰਧਾਨ ਨੇ ਇਹ ਵੀ ਸਪਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਲਈ ਰੈਲੀ ਕਰੋ ਜਾਂ ਮਰੋ ਦਾ ਸੁਆਲ ਹੈ ਇਸ ਲਈ ਹਰ ਪਿੰਡ ਵਿੱਚੋਂ ਕੱਲੇ ਕੱਲੇ ਵਰਕਰ ਨੂੰ ਲਿਆਉਣ ਲਈ ਪੂਰਾ ਜੋਰ ਲਾਇਆ ਜਾਏ।
ਕਾਂਗਰਸੀ ਪੰਜੇ ਨਾਲ ਦਸਤਪੰਜਾ
ਮਿਸ਼ਨ 2027 ਤਹਿਤ ਸਰਕਾਰ ਬਨਾਉਣ ਦਾ ਦਾਅਵਾ ਕਰਨ ਵਾਲੀ ਪੰਜਾਬ ਕਾਂਗਰਸ ਲਈ ਵੀ ਮਾਘੀ ਰੈਲੀ ਨੱਕ ਦਾ ਸਵਾਲ ਹੈ। ਕੋਈ ਸ਼ੱਕ ਨਹੀਂ ਕਿ ਪਾਰਟੀ ਬੁਰੀ ਤਰਾਂ ਫੁੱਟ ਦਾ ਸ਼ਿਕਾਰ ਹੈ ਫਿਰ ਵੀ ਕਾਂਗਰਸੀ ਲੀਡਰਸ਼ਿਪ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜ ਵੜਿੰਗ ਦੇ ਸ਼ਹਿਰ ’ਚ ਇੱਕਮੁਠਤਾ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕਰੇਗੀ। ਕਾਂਗਰਸ ਦਾ ਜਿਮਨੀ ਚੋਣਾਂ ਦੌਰਾਨ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ ਅਤੇ ਸਥਾਨਕ ਚੋਣਾਂ ਦੌਰਾਨ ਵੀ ਕੋਈ ਵੱਡਾ ਮਾਰਕਾ ਨਹੀਂ ਮਾਰਿਆ ਜਾ ਸਕਿਆ ਹੈ। ਇਸ ਦੇ ਬਾਵਜੂਦ ਪਾਰਟੀ ਲੀਡਰਸ਼ਿਪ ਵੱਲੋਂ ਪੰਜਾਬ ਅੱਗੇ ਠੋਸ ਰਣਨੀਤੀ ਲਿਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਪੰਥਕ ਧਿਰਾਂ ਵੀ ਮੈਦਾਨ ਵਿੱਚ
ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖ ਹੋਕੇ ਬਣਿਆ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਵੀ ਮਾਘੀ ਮੇਲੇ ਨੂੰ ਸਿਆਸੀ ਮੰਚ ਵਜੋਂ ਵਰਤਿਆ ਜਾ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਵੀ ਆਪਣਾ ਏਜੰਡਾ ਲੋਕਾਂ ਅੱਗੇ ਰੱਖਿਆ ਜਾਣਾ ਹੈ। ਇੰਨ੍ਹਾਂ ਧਿਰਾਂ ਦੀਆਂ ਕਾਨਫਰੰਸਾ ਦੌਰਾਨ ਪੰਥਕ ਏਜੰਡਾ ਭਾਰੂ ਰਹਿਣ ਦੇ ਅਨੁਮਾਨ ਹਨ। ਡਿਬਰੂਗੜ੍ਹ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਵੀ ਵੱਡਾ ਮੁੱਦਾ ਬਣੇਗੀ ਅਤੇ ਬੰਦੀ ਸਿੱਖਾਂ ਨੂੰ ਰਿਹਾ ਕਰਨ ਸਮੇਤ ਹੋਰ ਵੀ ਕਈ ਮੁੱਦੇ ਉੱਠਣੇ ਤੈਅ ਮੰਨੇ ਜਾ ਰਹੇ ਹਨ। ਇਨ੍ਹਾਂ ਕਾਨਫਰੰਸਾਂ ਦੌਰਾਨ ਅਗਾਮੀ ਚੋਣਾਂ ਤੋਂ ਪਹਿਲਾਂ ਇਹ ਪਾਰਟੀਆਂ ਆਪਣਾ ਸਿਆਸੀ ਪ੍ਰੋਗਰਾਮ ਵੀ ਲੋਕਾਂ ਅੱਗੇ ਰੱਖ ਸਕਦੀਆਂ ਹਨ।