ਲੁਧਿਆਣਾ 'ਚ ਕਤਲ ਦੀ ਖ਼ੌਫ਼ਨਾਕ ਵਾਰਦਾਤ: ਪਲਾਸਟਿਕ ਦੇ ਡਰੰਮ 'ਚੋਂ ਮਿਲੇ ਵਿਅਕਤੀ ਦੇ ਸਿਰ ਅਤੇ ਧੜ ਦੇ ਟੁਕੜੇ, ਇਲਾਕੇ 'ਚ ਦਹਿਸ਼ਤ
ਲੁਧਿਆਣਾ, 8 ਜਨਵਰੀ 2026- ਲੁਧਿਆਣਾ ਸ਼ਹਿਰ ਵਿੱਚ ਇੱਕ ਅਜਿਹੀ ਖ਼ੌਫ਼ਨਾਕ ਵਾਰਦਾਤ ਸਾਹਮਣੇ ਆਈ ਹੈ, ਜਿਸ ਨੇ ਪੂਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇੱਥੇ ਇੱਕ ਸੁਨਸਾਨ ਪਲਾਟ ਵਿੱਚ ਪਏ ਪਲਾਸਟਿਕ ਦੇ ਡਰੰਮ ਵਿੱਚੋਂ ਇੱਕ ਵਿਅਕਤੀ ਦੀ ਬੁਰੀ ਤਰ੍ਹਾਂ ਕੱਟੀ-ਵੱਢੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਦਵਿੰਦਰ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ, ਸੁਨਸਾਨ ਪਲਾਟ ਵਿੱਚ ਲੋਕਾਂ ਨੇ ਇੱਕ ਸ਼ੱਕੀ ਪਲਾਸਟਿਕ ਦਾ ਡਰੰਮ ਦੇਖਿਆ। ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਅੰਦਰੋਂ ਇੱਕ ਵਿਅਕਤੀ ਦਾ ਸਿਰ ਅਤੇ ਧੜ ਟੁਕੜਿਆਂ ਵਿੱਚ ਮਿਲਿਆ। ਕਾਤਲਾਂ ਨੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਲਾਸ਼ ਨੂੰ ਟੁਕੜੇ-ਟੁਕੜੇ ਕਰਕੇ ਡਰੰਮ ਵਿੱਚ ਬੰਦ ਕਰਕੇ ਉੱਥੇ ਸੁੱਟ ਦਿੱਤਾ ਸੀ।
ਇਸ ਸਨਸਨੀਖੇਜ ਕਤਲ ਦੀ ਖ਼ਬਰ ਜਿਵੇਂ ਹੀ ਇਲਾਕੇ ਵਿੱਚ ਫੈਲੀ, ਆਮ ਲੋਕਾਂ ਵਿੱਚ ਭਾਰੀ ਦਹਿਸ਼ਤ ਅਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਸਥਾਨਕ ਲੋਕਾਂ ਵੱਲੋਂ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਿਸ ਦੀਆਂ ਉੱਚ ਪੱਧਰੀ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਅਤੇ ਫੋਰੈਂਸਿਕ ਟੀਮਾਂ ਨੂੰ ਵੀ ਜਾਂਚ ਲਈ ਬੁਲਾਇਆ ਗਿਆ ਹੈ।
ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਦਵਿੰਦਰ ਸਿੰਘ ਦਾ ਕਤਲ ਕਿਸ ਰੰਜਿਸ਼ ਕਾਰਨ ਕੀਤਾ ਗਿਆ ਹੈ।