ਅਕਾਲ ਅਕੈਡਮੀ ਬਹਿਕ ਫੱਤੂ ਵੱਲੋਂ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ
ਹਰਜਿੰਦਰ ਸਿੰਘ ਭੱਟੀ
ਚੰਡੀਗੜ੍ਹ, 21 ਅਪ੍ਰੈਲ 2025- ਕਲਗੀਧਰ ਟਰਸਟ ਬੜੂ ਸਾਹਿਬ ਦੀ ਸ਼ਾਖਾ ਅਕਾਲ ਅਕੈਡਮੀ ਬਹਿਕ ਫੱਤੂ ਵਿਖੇ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੇ ਮੌਕੇ 'ਤੇ ਇੱਕ ਰੂਹਾਨੀ ਅਤੇ ਸੱਭਿਆਚਾਰਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ, ਰੂਹਾਨੀ ਅਹਿਮੀਅਤ ਅਤੇ ਪੰਜਾਬੀ ਸੱਭਿਆਚਾਰ ਨਾਲ ਜੋੜਨਾ ਸੀ। ਸਮਾਗਮ ਦੀ ਸ਼ੁਰੂਆਤ ਸਹਿਜ ਪਾਠ ਦੇ ਭੋਗ ਪਾਉਣ ਨਾਲ ਹੋਈ, ਜੋ ਕਿ ਬੱਚਿਆਂ ਵੱਲੋਂ ਸੰਪੂਰਨ ਕੀਤਾ ਗਿਆ ਸੀ। ਇਸ ਉਪਰੰਤ ਸਕੂਲ ਦੇ ਵਿਦਿਆਰਥੀਆਂ ਨੇ ਗੁਰਬਾਣੀ ਕੀਰਤਨ ਕਰਕੇ ਹਜ਼ੂਰੀਆਂ ਨੂੰ ਰੂਹਾਨੀ ਰੰਗਾਂ ਵਿੱਚ ਰੰਗ ਦਿੱਤਾ। ਇਸ ਤੋਂ ਇਲਾਵਾ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਵੱਲੋਂ ਇੱਕ ਜੋਸ਼ ਭਰਪੂਰ ਬੀਰ ਰਸਮਈ ਕਵੀਸ਼ਰੀ ਪੇਸ਼ ਕੀਤੀ ਗਈ, ਜਿਸ ਨੇ ਦਰਸ਼ਕਾਂ ਵਿੱਚ ਜਜ਼ਬਾ ਅਤੇ ਗੁਰਮਤੀ ਚੇਤਨਾ ਜਗਾਈ। ਸਮਾਗਮ ਦੇ ਤਹਿਤ ਵੱਖ-ਵੱਖ ਜਮਾਤਾਂ ਵਿੱਚ ਦਸਤਾਰ ਸਜਾਉਣ ਦੇ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿੱਚ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀ ਏਕਮਜੋਤ ਸਿੰਘ ਨੇ ਪਹਿਲਾ ਸਥਾਨ ਦਿਲਸ਼ਾਂਤ ਸਿੰਘ ਨੇ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਛੋਟੀਆਂ ਜਮਾਤਾਂ ਵਿੱਚੋਂ ਗੁਰਮਨ ਸਿੰਘ ਅਤੇ ਗੁਰੁਮਾਨ ਸਿੰਘ ਨੇ ਪਹਿਲਾ ਸਥਾਨ, ਹਰਜੋਤ ਸਿੰਘ ਅਤੇ ਗੁਰਫਤਿਹ ਸਿੰਘ ਨੇ ਦੂਸਰਾ ਸਥਾਨ ਹਾਸਿਲ ਕੀਤਾ। ਸਮਾਗਮ ਦੇ ਅੰਤ ਵਿੱਚ ਅਕਾਲ ਅਕੈਡਮੀ ਬਹਿਕ ਫੱਤੂ ਦੇ ਪ੍ਰਿੰਸੀਪਲ ਮਨਦੀਪ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਅਤੇ ਵਿਸਾਖੀ ਦੇ ਇਤਿਹਾਸਕ ਅਤੇ ਧਾਰਮਿਕ ਮਹੱਤਵ ਬਾਰੇ ਵਿਚਾਰ ਸਾਂਝੇ ਕਰਦੇ ਹੋਏ ਬੱਚਿਆਂ ਨੂੰ ਸਿੱਖੀ ਦੇ ਰਾਹ ਤੇ ਤੁਰਨ ਦੀ ਪ੍ਰੇਰਣਾ ਦਿੱਤੀ।