ਦਾਤਰ ਦੀ ਨੋਕ 'ਤੇ ਮੋਟਰਸਾਈਕਲ ਖੋਹ ਕੇ ਲੁਟੇਰੇ ਫਰਾਰ
- ਮਾਮਲੇ ਸੰਬੰਧੀ ਪੁਲਿਸ ਵੱਲੋਂ ਜਾਂਚ ਜਾਰੀ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 4 ਫਰਵਰੀ 2025 - ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਹੈਬਤਪੁਰ ਦੇ ਚੌਂਕ ਵਿੱਚੋਂ ਲੁਟੇਰੇ ਸਿਖਰ ਦੁਪਹਿਰੇ ਇੱਕ ਵਿਅਕਤੀ ਪਾਸੋਂ ਦਾਤਰ ਦੀ ਨੋਕ 'ਤੇ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲਖਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਹੈਬਤਪੁਰ ਨੇ ਦੱਸਿਆ ਕਿ ਉਹ ਅੱਜ ਬਾਅਦ ਦੁਪਹਿਰ 2 ਵਜੇ ਦੇ ਕਰੀਬ ਆਪਣੇ ਪੈਸ਼ਨ ਪਰੋ ਮੋਟਰਸਾਈਕਲ ਨੰਬਰ ਪੀਬੀ 09 ਕਿਉ 2739 'ਤੇ ਸਵਾਰ ਹੋ ਕੇ ਪਿੰਡ ਝੱਲ ਲੇਈ ਵਾਲਾ ਤੋਂ ਆਪਣੇ ਪਿੰਡ ਹੈਬਤਪੁਰ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਲੁਟੇਰਿਆਂ ਨੇ ਉਸ ਨੂੰ ਰੋਕ ਲਿਆ ਅਤੇ ਉਸ ਉੱਪਰ ਪੁੱਠੇ ਦਾਤਰ ਦੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਉਸ ਦਾ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਏ। ਉਨਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਇਸ ਮੌਕੇ ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਲੁਟੇਰੇ ਹੈਬਤਪੁਰ ਸੰਪਰਕ ਸੜਕ ਤੋਂ ਇੰਟਰਲੋਕ ਟਾਇਲ ਫੈਕਟਰੀ ਨੇੜਿਓਂ ਇੱਕ ਪ੍ਰਵਾਸੀ ਮਜ਼ਦੂਰ ਤੋਂ ਮੋਬਾਈਲ ਫੋਨ ਖੋਹ ਕੇ ਭੱਜੇ ਸਨ ਅਤੇ ਜਿਉਂ ਹੀ ਉਹ ਹੈਬਤਪੁਰ ਵਾਲੇ ਚੌਂਕ ਵਿੱਚੋਂ ਪਿੰਡ ਝੱਲ ਲਈ ਵਾਲਾ ਨੂੰ ਮੁੜਨ ਲੱਗੇ ਤਾਂ ਉਨਾਂ ਦਾ ਮੋਟਰਸਾਈਕਲ ਅੱਗੇ ਲੱਗੇ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ ਅਤੇ ਮੋਟਰਸਾਈਕਲ ਬੁਰੀ ਤਰ੍ਹਾਂ ਚਕਨਾਚੂਰ ਹੋ ਗਿਆ ਜਿਸ ਕਰਕੇ ਉਹ ਚੱਲਣ ਤੋਂ ਅਸਮਰੱਥ ਹੋ ਗਿਆ ਅਤੇ ਲੁਟੇਰੇ ਪੈਦਲ ਹੀ ਹੈਬਤਪੁਰ ਦੇ ਸ਼ਮਸ਼ਾਨ ਘਾਟ ਵਾਲੇ ਰਾਹ ਪੈ ਗਏ ਅਤੇ ਅੱਗਿਓਂ ਉਹ ਜਿਉਂ ਹੀ ਪਿੰਡ ਝੱਲ ਲਈ ਵਾਲਾ ਵਾਲੀ ਸੰਪਰਕ ਸੜਕ 'ਤੇ ਚੜੇ ਤਾਂ ਅੱਗਿਓਂ ਆ ਰਹੇ ਲਖਵਿੰਦਰ ਸਿੰਘ ਨਾਲ ਹੱਥੋਪਾਈ ਹੋ ਗਏ ਅਤੇ ਉਸਦਾ ਮੋਟਰਸਾਈਕਲ ਖੋ ਕੇ ਫਰਾਰ ਹੋ ਗਏ। ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਸਰਗਰਮ ਇਸ ਚੋਰ ਗਰੋਹ ਨੂੰ ਤੁਰੰਤ ਕਾਬੂ ਕੀਤਾ ਜਾਵੇ ਅਤੇ ਲੋਕਾਂ ਨਾਲ ਹੋ ਰਹੀਆਂ ਲੁੱਟਾਂ ਖੋਹਾਂ ਨੂੰ ਰੋਕਿਆ ਜਾਵੇ।