ਪਤੰਗ ਉਡਾਉਣ ਦਾ ਸੀ ਸ਼ੌਂਕ, ਮਨ ਪਸੰਦ ਪਤੰਗ ਨਾ ਬਣੀ ਤਾਂ ਯੂਟੀਊਬ ਤੋਂ ਦੇਖ ਕੇ ਬਣਾਉਣ ਲੱਗ ਪਿਆ ਪਤੰਗ
- ਹੁਣ ਪਤੰਗ ਬਣਾ ਕੇ ਕਰ ਰਿਹਾ ਵਧੀਆ ਕਮਾਈ
ਰਿਪੋਰਟਰ _ਰੋਹਿਤ ਗੁਪਤਾ
ਗੁਰਦਾਸਪੁਰ, 31 ਦਸੰਬਰ 2024 - ਕਹਿੰਦੇ ਹਨ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਬਟਾਲਾ ਦੇ ਰਹਿਣ ਵਾਲੇ ਰਾਜਾ ਨਮਕ ਨੌਜਵਾਨ ਨੂੰ ਪਤੰਗ ਉਡਾਉਣ ਦਾ ਸ਼ੌਂਕ ਸੀ ਅਤੇ ਇਸ ਦੇ ਲਈ ਉਹ ਆਪਣੀਆਂ ਮਨ ਪਸੰਦ ਪਤੰਗਾ ਬਣਾਉਣ ਦਾ ਆਰਡਰ ਦਿੰਦਾ ਸੀ। ਹਾਲਾਂਕਿ ਬਟਾਲਾ ਵਿੱਚ ਬਹੁਤ ਸਾਰੇ ਲੋਕ ਪਤੰਗਾ ਬਣਾਉਣ ਦਾ ਕੰਮ ਕਰਦੇ ਹਨ ਪਰ ਲੋਹੜੀ ਦੇ ਦਿਨਾਂ ਵਿੱਚ ਇਹਨਾਂ ਕੋਲ ਬਹੁਤ ਕੰਮ ਹੁੰਦਾ ਹੈ। ਰਾਜਾ ਨੇ ਇੱਕ ਵੱਡੀ ਪਤੰਗ ਬਣਾਉਣ ਦਾ ਆਰਡਰ ਕਿਸੇ ਪਤੰਗ ਦੇ ਕਾਰੀਗਰ ਨੂੰ ਦਿੱਤਾ ਸੀ ਪਰ ਕੰਮ ਜਿਆਦਾ ਹੋਣ ਕਾਰਨ ਉਹ ਸਮੇਂ ਸਿਰ ਰਾਜਾ ਦੇ ਕਹੇ ਅਨੁਸਾਰ ਪਤੰਗ ਨਹੀਂ ਬਣਾ ਪਾਇਆ।
ਰਾਜਾ ਨੇ ਯੂਟੀਊਬ ਤੇ ਦੇਖ ਕੇ ਆਪ ਹੀ ਪਤੰਗ ਬਣਾਉਣ ਦਾ ਮਨ ਬਣਾ ਲਿਆ ਅਤੇ ਨਾ ਸਿਰਫ ਆਪਣੀ ਮਨ ਪਸੰਦ ਵੱਡੀ ਪਤੰਗ ਬਣਾਈ ਬਲਕਿ ਹੌਲੀ ਹੌਲੀ ਪਤੰਗਾ ਬਣਾਉਣ ਦਾ ਕੰਮ ਹੀ ਸ਼ੁਰੂ ਕਰ ਦਿੱਤਾ ਤੇ ਹੁਣ ਪਤੰਗਾ ਬਣਾਉਣਾ ਉਸਦਾ ਕਿੱਤਾ ਬਣ ਗਿਆ ਹੈ। ਬਟਾਲਾ ਵਿੱਚ ਰਾਜਾ ਬੇਹਦ ਮਸ਼ਹੂਰ ਹੋ ਗਿਆ ਹੈ ਤੇ ਦੂਰ ਦੁਰਾਡੇ ਇਲਾਕਿਆਂ ਵਿੱਚ ਵੀ ਉਸ ਦੀ ਬਣਾਈ ਪਤੰਗ ਜਾ ਰਹੀ ਹੈ। ਉਸ ਨੇ ਪਤੰਗ ਬਣਾਉਣ ਦੀ ਕਿਸੇ ਕੋਲੋਂ ਸਿਖਲਾਈ ਨਹੀਂ ਲਈ । ਯੂਟੀਊਬ ਤੋਂ ਸਿੱਖ ਕੇ ਹੀ ਸਾਰਾ ਕੰਮ ਸ਼ੁਰੂ ਕੀਤਾ ਤੇ ਅੱਜ ਵੱਖ-ਵੱਖ ਤਰ੍ਹਾਂ ਦੀਆਂ ਪਤੰਗਾ ਬਣਾ ਕੇ ਬਹੁਤ ਵਧੀਆ ਕਮਾਈ ਕਰ ਰਿਹਾ ਹੈ।